ਲੁੱਟਾਂ-ਖੋਹਾਂ ਦਾ ਮਾਮਲਾ: ਨਾਜਾਇਜ਼ ਅਸਲੇ ਸਣੇ ਗਰੋਹ ਦੇ ਮੁਖੀ ਸਣੇ ਚਾਰ ਮੈਂਬਰ ਗ੍ਰਿਫ਼ਤਾਰ
ਮੁਲਜ਼ਮ ਯੂਪੀ ਤੋਂ ਅਸਲਾ ਲਿਆ ਕੇ ਮੁਹਾਲੀ ਵਿੱਚ ਕਰਦੇ ਸੀ ਲੁੱਟਾਂ-ਖੋਹਾਂ
ਨਬਜ਼-ਏ-ਪੰਜਾਬ, ਮੁਹਾਲੀ, 28 ਮਈ:
ਮੁਹਾਲੀ ਪੁਲੀਸ ਨੇ ਇਲਾਕੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਗਰੋਹ ਦੇ ਮੁਖੀ ਸੋਨੂ, ਆਰਿਸ਼ ਚੌਧਰੀ ਵਾਸੀ ਪਿੰਡ ਤਾਲਵੀ, ਜ਼ਿਲ੍ਹਾ ਮੁਜ਼ੱਫ਼ਰਨਗਰ (ਯੂਪੀ), ਹਰਮਿੰਦਰ ਸਿੰਘ ਵਾਸੀ ਪਿੰਡ ਬਾਜੂ, ਜ਼ਿਲ੍ਹਾ ਸ਼ਾਮਲੀ (ਯੂਪੀ), ਆਕਾਸ਼ ਚੌਧਰੀ ਵਾਸੀ ਪਿੰਡ ਕਿਰਨਲ, ਜ਼ਿਲ੍ਹਾ ਬਾਗਪਤ, (ਯੂਪੀ) ਵਜੋਂ ਹੋਈ।
ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਐਸਪੀ (ਸਿਟੀ) ਸ੍ਰੀਵੀਨੀਲਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 315 ਬੋਰ ਦਾ ਇੱਕ ਦੇਸੀ ਕੱਟਾ, ਇੱਕ ਜਿੰਦਾ ਕਾਰਤੂਸ ਅਤੇ .32 ਬੋਰ ਦਾ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਇਹ ਸਾਰੇ ਵਿਅਕਤੀ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਕਿਰਾਏ ’ਤੇ ਰਹਿੰਦੇ ਹਨ ਅਤੇ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਡੀਐਸਪੀ (ਸਿਟੀ-1) ਪ੍ਰਿਥਵੀ ਸਿੰਘ ਚਾਹਲ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਸਾਂਝੀ ਨਿਗਰਾਨੀ ਹੇਠ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਉਹ ਯੂਪੀ ’ਚੋਂ ਅਸਲਾ ਲਿਆਉਂਦੇ ਹਨ ਅਤੇ ਪੰਜਾਬ ਵਿੱਚ ਆ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਸਨ। ਬੀਤੀ 25 ਮਈ ਨੂੰ ਪਿੰਡ ਲਖਨੌਰ (ਮੁਹਾਲੀ) ਵਿੱਚ ਵੀ ਫਾਇਰਿੰਗ ਕੀਤੀ ਸੀ ਅਤੇ ਪਿਛਲੇ ਦਿਨੀਂ ਹੀਰੋ ਹੋਮਜ਼ ਸੈਕਟਰ-88 ਨੇੜੇ ਵੀ ਹਥਿਆਰਾਂ ਲੈ ਕੇ ਬਦਮਾਸ਼ੀ ਕੀਤੀ ਸੀ।
ਐਸਪੀ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਮੁਲਜ਼ਮਾਂ ਵੱਲੋਂ ਸਨਅਤੀ ਖੇਤਰ ਵਿੱਚ ਵੀ ਫਾਇਰਿੰਗ ਕਰਨ ਦੀ ਗੱਲ ਸਾਹਮਣੇ ਆਈ ਹੈ। ਮੁਲਜ਼ਮਾਂ ਨੇ ਆਪਣਾ ਨਾਮ ਚਮਕਾਉਣ ਲਈ ਇੱਕ ਗੈਂਗ ਬਣਾਇਆ ਜਾ ਰਿਹਾ ਸੀ ਅਤੇ ਮੁਹਾਲੀ ਵਿੱਚ ਨਾਜਾਇਜ਼ ਹਥਿਆਰਾਂ ਨਾਲ ਫਾਇਰਿੰਗ ਕਰਕੇ, ਲੜਾਈ ਝਗੜੇ ਕਰਕੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਗਰੋਹ ਨੂੰ ਸੋਨੂੰ ਚਲਾ ਰਿਹਾ ਸੀ ਅਤੇ ਉਸ ਦੇ ਇਸ਼ਾਰੇ ’ਤੇ ਹੀ ਵਾਰਦਾਤਾਂ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸਮੇਂ ਇਹ ਸਾਰੇ ਪਿੰਡ ਮਦਨਪੁਰ ਵਿੱਚ ਕਿਰਾਏ ’ਤੇ ਰਹਿੰਦੇ ਸਨ। ਪੁਲੀਸ ਅਨੁਸਾਰ ਆਰਿਸ਼ ਚੌਧਰੀ ਦੇ ਖ਼ਿਲਾਫ਼ ਥਾਣਾ ਕੋਤਵਾਲੀ ਜ਼ਿਲ੍ਹਾ ਸ਼ਾਮਲੀ (ਯੂਪੀ) ਅਸਲਾ ਐਕਟ ਤਹਿਤ ਦੋ ਪਰਚੇ ਦਰਜ ਹਨ। ਹਰਮਿੰਦਰ ਸਿੰਘ ਖ਼ਿਲਾਫ਼ ਥਾਣਾ ਆਦਰਸ਼ ਮੰਡੀ (ਯੂਪੀ) ਵਿੱਚ ਇੱਕ ਅਤੇ ਆਕਾਸ਼ ਚੌਧਰੀ ਖ਼ਿਲਾਫ਼ ਅਸਲਾ ਐਕਟ ਤਹਿਤ ਚਾਰ ਪਰਚੇ ਦਰਜ ਹਨ।