ਸਾਂਝਾ ਅਧਿਆਪਕ ਮੋਰਚਾ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕਰਨ ਦਾ ਐਲਾਨ

ਅਧਿਆਪਕਾਂ ਤੋਂ ਲੈਕਚਰਾਰ ਤਰੱਕੀਆਂ ਦੀਆਂ ਫਾਈਲਾਂ ਮੁੱਖ ਦਫ਼ਤਰ ਵਿੱਚ ਮੰਗਵਾਉਣ ਦਾ ਵਿਰੋਧ, ਨਾਅਰੇਬਾਜ਼ੀ

ਨਬਜ਼-ਏ-ਪੰਜਾਬ, ਮੁਹਾਲੀ, 17 ਮਈ:
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਤਰੱਕੀ ਸਬੰਧੀ ਫਾਈਲਾਂ ਸਿੱਖਿਆ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਮੰਗਵਾਉਣ ਅਤੇ ਤਰੱਕੀਆਂ ਦਾ ਮਾਮਲਾ ਲਮਕਾਉਣ ਵਿਰੁੱਧ ਅਧਿਆਪਕਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਅੱਜ ਸਾਂਝਾ ਅਧਿਆਪਕ ਮੋਰਚਾ ਦੇ ਕਾਰਕੁਨਾਂ ਨੇ ਡੀਪੀਆਈ ਦਫ਼ਤਰ ਦੇ ਬਾਹਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਤੇ ਸਿੱਖਿਆ ਮੰਤਰੀ ’ਤੇ ਵਾਰ-ਵਾਰ ਮੀਟਿੰਗਾਂ ਤੋਂ ਭੱਜਣ ਦਾ ਦੋਸ਼ ਲਾਇਆ।
ਇਸ ਦੌਰਾਨ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਇੱਕ ਜ਼ਰੂਰੀ ਵਰਚੁਅਲ ਮੀਟਿੰਗ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਐਨਡੀ ਤਿਵਾੜੀ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਬਲਜੀਤ ਸਿੰਘ ਸਲਾਣਾ, ਹਰਵਿੰਦਰ ਸਿੰਘ ਬਿਲਗਾ, ਬਾਜ ਸਿੰਘ ਖਹਿਰਾ, ਰਵਿੰਦਰਜੀਤ ਸਿੰਘ ਪੰਨੂ, ਗੁਰਜੰਟ ਸਿੰਘ ਵਾਲੀਆ, ਸੁਖਜਿੰਦਰ ਸਿੰਘ ਹਰੀਕਾ, ਗੁਰਿੰਦਰ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਬੰਗਾ, ਅਮਨਬੀਰ ਸਿੰਘ ਗੁਰਾਇਆ, ਗੁਰਬਿੰਦਰ ਸਿੰਘ ਸਸਕੌਰ, ਨਵਪ੍ਰੀਤ ਬੱਲੀ, ਜਿੰਦਰ ਪਾਇਲਟ, ਪਰਵਿੰਦਰ ਭਾਰਤੀ, ਲਛਮਣ ਸਿੰਘ ਸਮੇਤ ਹੋਰ ਆਗੂਆਂ ਨੇ ਮੀਟਿੰਗ ਅਟੈਂਡ ਕੀਤੀ।
ਐਨਡੀ ਤਿਵਾੜੀ ਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਮੰਗਾਂ ਨੂੰ ਅਣਗੌਲਿਆ ਕਰਨ ਅਤੇ ਅੜੀਅਲ ਵਤੀਰਾ ਅਪਣਾਉਣ ਵਿਰੁੱਧ ਸਾਂਝਾ ਅਧਿਆਪਕ ਮੋਰਚੇ ਵੱਲੋਂ ਬੀਤੀ 10 ਮਈ ਨੂੰ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਝੰਡਾ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਅਚਾਨਕ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਸ਼ੁਰੂ ਹੋ ਗਈ ਅਤੇ ਝੰਡਾ ਮਾਰਚ ਮੁਲਤਵੀ ਕੀਤਾ ਗਿਆ। ਹੁਣ ਹਾਲਾਤ ਸੁਖਾਵੇਂ ਹੋਣ ਉਪਰੰਤ ਸਿੱਖਿਆ ਮੰਤਰੀ ਦੇ ਹਲਕੇ ਵਿੱਚ 25 ਮਈ ਨੂੰ ਝੰਡਾ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਵੱਡੇ ਪੱਧਰ ’ਤੇ ਅਧਿਆਪਕਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ।
ਨਵਪ੍ਰੀਤ ਸਿੰਘ ਬੱਲੀ ਨੇ ਦੱਸਿਆ ਕਿ ਲੈਕਚਰਾਰ ਕਾਡਰ ਦੀਆਂ ਪਦ-ਉੱਨਤੀਆਂ ਲਈ ਅਧਿਆਪਕਾਂ ਤੋਂ ਫਾਈਲਾਂ ਮੁੱਖ ਦਫ਼ਤਰ ਵਿਖੇ ਮੰਗਵਾਈਆਂ ਜਾ ਰਹੀਆਂ ਹਨ, ਜਦੋਂਕਿ ਸਮੁੱਚਾ ਰਿਕਾਰਡ ਸਿੱਖਿਆ ਵਿਭਾਗ ਕੋਲ ਪਹਿਲਾਂ ਹੀ ਮੌਜੂਦ ਹੈ। ਇਸ ਦੇ ਬਾਵਜੂਦ ਅਧਿਆਪਕਾਂ ਨੂੰ ਜਾਣਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਮਸਲਿਆਂ ਦਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਮੀਟਿੰਗ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼-ਵਿਆਪੀ ਹੜਤਾਲ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ 20 ਮਈ ਨੂੰ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…