Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ, ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਫ਼ਰੀਦਕੋਟ ਦੀ ਅਕਸ਼ਨੂਰ ਕੌਰ ਪੰਜਾਬ ਭਰ ’ਚੋਂ ਅੱਵਲ, ਤਿੰਨਾਂ ਵਿਦਿਆਰਥਣਾਂ ਨੇ 100 ਫੀਸਦੀ ਅੰਕ ਲੈ ਕੇ ਇਤਿਹਾਸ ਰਚਿਆ ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਨੇ ਦੂਜਾ ਅਤੇ ਮਲੇਰਕੋਟਲਾ ਦੀ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਮੱਲਿਆ ਨਬਜ਼-ਏ-ਪੰਜਾਬ, ਮੁਹਾਲੀ, 16 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ 300 ਵਿਦਿਆਰਥੀਆਂ ਦੀ ਮੈਰਿਟ ਸੂਚੀ ਮੁਤਾਬਕ ਇਸ ਵਾਰ ਵੀ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ ਅਤੇ ਤਿੰਨਾਂ ਵਿਦਿਆਰਥਣਾਂ ਨੇ 100 ਫੀਸਦੀ ਬਰਾਬਰ ਅੰਕ ਲੈ ਕੇ ਇਤਿਹਾਸ ਰਚਿਆ ਹੈ। ਜਾਣਕਾਰੀ ਅਨੁਸਾਰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫ਼ਰੀਦਕੋਟ) ਦੀ ਵਿਦਿਆਰਥਣ ਅਕਸ਼ਨੂਰ ਪੁੱਤਰੀ ਪਰਜੀਤ ਸਿੰਘ ਨੇ (650/650) 100 ਫੀਸਦੀ ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਬਾਬਾ ਫਰੀਦ ਪਬਲਿਕ ਛੱਤਿਆਣਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਸ੍ਰੀ ਮੁਕਤਸਰ ਸਾਹਿਬ) ਦੀ ਰਤਿੰਦਰਦੀਪ ਕੌਰ ਪੁੱਤਰੀ ਨਿਰਮਲ ਸਿੰਘ ਨੇ (650/650) 100 ਫੀਸਦੀ ਅੰਕਾਂ ਨਾਲ ਪੰਜਾਬ ਵਿੱਚ ਦੂਜਾ ਅਤੇ ਰਾਮ ਸਰੂਪ ਮੈਮੋਰੀਅਲ ਸੈਕੰਡਰੀ ਸਕੂਲ ਚੌਂਦਾ (ਮਲੇਰਕੋਟਲਾ) ਦੀ ਅਰਸ਼ਦੀਪ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ ਵੀ (650/650) 100 ਫੀਸਦੀ ਨਾਲ ਪੰਜਾਬ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਤਿੰਨਾਂ ਵਿਦਿਆਰਥਣਾਂ ਦੇ ਬਰਾਬਰ ਅੰਕ ਹੋਣ ਕਾਰਨ ਉਮਰ ਹੱਦ ਨੂੰ ਆਧਾਰ ਬਣਾ ਕੇ ਨਤੀਜਾ ਐਲਾਨਿਆ ਗਿਆ। ਜਦੋਂਕਿ ਸਰਕਾਰੀ ਹਾਈ ਸਕੂਲ ਰਾਜੋਮਾਜਰਾ (ਐਜੂਕੇਸ਼ਨ ਬਲਾਕ ਬਨੂੜ) ਦੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰੀ ਮਲਕੀਤ ਸਿੰਘ ਨੇ 650 ’ਚੋਂ 620 ਅੰਕ (96.62 ਫੀਸਦੀ) ਲੈ ਕੇ ਮੁਹਾਲੀ ਦੀ ਲਾਜ ਰੱਖੀ ਹੈ। ਇਸ ਤੋਂ ਬਿਨਾਂ ਮੁਹਾਲੀ ਜ਼ਿਲ੍ਹੇ ਦੇ ਕਿਸੇ ਸਕੂਲ ਦਾ ਵਿਦਿਆਰਥੀ ਮੈਰਿਟ ਵਿੱਚ ਆਪਣਾ ਨਾਂਅ ਦਰਜ ਨਹੀਂ ਕਰਵਾ ਸਕਿਆ। ਪੰਜਾਬ ਬੋਰਡ ਵੱਲੋਂ ਜਾਰੀ 300 ਵਿਦਿਆਰਥੀਆਂ ਦੀ ਮੈਰਿਟ ਸੂਚੀ ਮੁਤਾਬਕ 256 ਲੜਕੀਆਂ ਨੇ ਮੱਲ੍ਹਾਂ ਮਾਰੀਆਂ ਹਨ ਜਦੋਂਕਿ ਮੁੰਡੇ ਇਸ ਵਾਰ ਵੀ ਫਾਡੀ ਰਹਿ ਗਏ। ਇਸ ਮੌਕੇ ਸਕੱਤਰ ਅਮਨਿੰਦਰ ਕੌਰ ਬਰਾੜ ਅਤੇ ਕੰਟਰੋਲਰ (ਪ੍ਰੀਖਿਆਵਾਂ) ਲਵਿਸ਼ ਚਾਵਲਾ ਵੀ ਮੌਜੂਦ ਸਨ। ਇਸ ਸਾਲ ਕੁੱਲ ਰੈਗੂਲਰ 2,77,746 ਅਤੇ ਓਪਨ ਸਕੂਲਾਂ ਦੇ 9233 ਵਿਦਿਆਰਥੀ ਦਸਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਹੋਏ। ਜਿਨ੍ਹਾਂ ਵਿੱਚ ਰੈਗੂਲਰ ਬੱਚਿਆਂ ਦੀ ਪਾਸ ਪ੍ਰਤੀਸ਼ਤਤਾ 95.61 ਫੀਸਦੀ ਅਤੇ ਓਪਨ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 73.39 ਫੀਸਦੀ ਹੈ। ਇਸ ਵਾਰ ਪੇਂਡੂ ਸਕੂਲਾਂ ਨੇ ਸ਼ਹਿਰੀ ਸਕੂਲਾਂ ਨੂੰ ਪਛਾੜ ਕੇ ਰੱਖ ਦਿੱਤਾ ਹੈ। ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 96.09 ਫੀਸਦੀ ਅਤੇ ਸ਼ਹਿਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 94.71 ਫੀਸਦੀ ਹੈ। ਇੰਜ ਹੀ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 96.85 ਫੀਸਦੀ ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 94.50 ਫੀਸਦੀ ਹੈ। ਪੰਜਾਬ ਬੋਰਡ ਨੇ ਬਾਰ੍ਹਵੀਂ ਵਾਂਗ ਦਸਵੀਂ ਦਾ ਸਾਰਾ ਨਤੀਜਾ ਅੱਜ ਹੀ ਆਪਣੀ ਵੈੱਬਸਾਈਟ www.pseb.ac.in ’ਤੇ ਅਪਲੋਡ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਚੰਦ ਮਿੰਟਾਂ ਵਿੱਚ ਹੀ ਦਸਵੀਂ ਦਾ ਨਤੀਜਾ ਐਲਾਨ ਕਰ ਦਿੱਤਾ ਅਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਤੁਰੰਤ ਉੱਠ ਕੇ ਚਲੇ ਗਏ। ਚੇਅਰਮੈਨ ਸਿਰਫ਼ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਹੀ ਨਾਮ ਪੜ੍ਹੇ ਅਤੇ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਬਾਰੇ ਦੋ ਟੱੁਕ ਗੱਲ ਕਰਕੇ ਚਲਦੇ ਬਣੇ। ਜਿਸ ਦਾ ਮੀਡੀਆ ਕਰਮੀਆਂ ਨੇ ਕਾਫ਼ੀ ਬੁਰਾ ਮਨਾਇਆ। ਹਾਲਾਂਕਿ ਸਿੱਖਿਆ ਬੋਰਡ ਵੱਲੋਂ ਇਸ ਸਾਲ ਤੋਂ ਸ਼ੁਰੂ ਕੀਤੀ ਨਵੀਂ ਪ੍ਰਥਾ ਬਾਰੇ ਮੀਡੀਆ ਨੇ ਗੱਲ ਕਰਨੀ ਚਾਹੀ ਪਰ ਬੋਰਡ ਮੁਖੀ ਇਸ ਨੂੰ ਅਣਗੌਲਿਆ ਕਰਕੇ ਮੁਸਕਰਾ ਕੇ ਚਲੇ ਗਏ। ਬੋਰਡ ਨੇ ਪਿਛਲੇ ਸਮੇਂ ਦੌਰਾਨ ਸੀਬੀਐੱਸਈ ਦੀ ਤਰਜ਼ ’ਤੇ ਸ਼ੁਰੂ ਕੀਤੀ ਗਈ ਸੈੱਲਫ਼ ਪ੍ਰੀਖਿਆ ਕੇਂਦਰ ਨਾ ਬਣਾਉਣ ਦੀ ਪ੍ਰਥਾ ਨੂੰ ਵੀ ਪੁੱਠਾ ਗੇੜ ਦਿੰਦੇ ਹੋਏ ਇਸ ਵਰ੍ਹੇ 1280 ਸੈੱਲਫ਼ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ