Share on Facebook Share on Twitter Share on Google+ Share on Pinterest Share on Linkedin ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 26 ਹੋਰ ਕੈਡਿਟਾਂ ਦੀ ਐਨਡੀਏ ਲਈ ਚੋਣ, 170 ਬਣੇ ਕਮਿਸ਼ਨਡ ਅਫ਼ਸਰ 10 ਕੈਡਿਟਾਂ ਨੇ ਆਲ ਇੰਡੀਆ ਰੈਂਕਿੰਗ ਵਿੱਚ ਟੌਪ-100 ਵਿੱਚ ਸਥਾਨ ਹਾਸਲ ਕੀਤਾ: ਅਮਨ ਅਰੋੜਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਫਲ ਕੈਡਿਟਾਂ ਨੂੰ ਸਿਖਲਾਈ ਤੇ ਕਰੀਅਰ ਲਈ ਦਿੱਤੀਆਂ ਸ਼ੁੱਭਕਾਮਨਾਵਾਂ ਨਬਜ਼-ਏ-ਪੰਜਾਬ, ਮੁਹਾਲੀ, 12 ਅਪਰੈਲ: ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ 26 ਹੋਰ ਕੈਡਿਟਾਂ ਨੇ ਜੂਨ 2025 ਵਿੱਚ ਸ਼ੁਰੂ ਹੋਣ ਵਾਲੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ)-154 ਕੋਰਸ ਲਈ ਯੂਪੀਐਸਸੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਸਥਾਨ ਮੱਲਿਆ ਹੈ। ਪਟਿਆਲਾ ਤੋਂ ਕੈਡਿਟ ਆਰੀਅਨ ਸੋਫਥ ਨੇ ਆਲ ਇੰਡੀਆ ਰੈਂਕਿੰਗ ਵਿੱਚ 9ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦੋਂਕਿ ਇੰਸਟੀਚਿਊਟ ਦੇ 10 ਕੈਡਿਟਾਂ ਨੇ ਮੈਰਿਟ ਦੇ ਟੌਪ-100 ਵਿੱਚ ਸਥਾਨ ਹਾਸਲ ਕੀਤਾ ਹੈ। ਕਾਬਿਲੇਗੌਰ ਹੈ ਕਿ ਸੰਸਥਾ ਦੇ 34 ਕੈਡਿਟਾਂ, ਜਿਨ੍ਹਾਂ ਨੇ ਐਨਡੀਏ-154 ਕੋਰਸ ਲਈ ਲਿਖਤੀ ਪ੍ਰੀਖਿਆ ਪਾਸ ਕੀਤੀ ਸੀ, ’ਚੋਂ 26 ਕੈਡਿਟਾਂ ਨੇ ਐਸਐਸਬੀ ਪਾਸ ਕਰ ਲਈ ਹੈ। ਹੁਣ ਇਹ ਕੈਡਿਟ ਆਪਣੇ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਆਰੀਅਨ ਸੋਫਥ ਤੋਂ ਇਲਾਵਾ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ 25 ਕੈਡਿਟਾਂ ਵਿੱਚ ਅਨਹਦ ਸਿੰਘ ਖਾਟੂਮਰੀਆ, ਮੋਹਨਪ੍ਰੀਤ ਸਿੰਘ, ਅਰਮਾਨਵੀਰ ਸਿੰਘ ਅਧੀ, ਭਾਸਕਰ ਜੈਨ, ਮਨਜੋਤ ਸਿੰਘ, ਨਿਮਿਤ ਸੋਨੀ, ਹਰਕੰਵਲ ਸਿੰਘ, ਉਦੈਬੀਰ ਸਿੰਘ ਨੰਦਾ, ਪ੍ਰਜਵੀਰ ਸਿੰਘ, ਅਦਿੱਤਿਆ ਮਿਸ਼ਰਾ, ਰਣਬੀਰ ਸਿੰਘ, ਇਸ਼ਮੀਤ ਸਿੰਘ, ਇਸ਼ਾਨ ਸ਼ਰਮਾ, ਸਮਰਵੀਰ ਸਿੰਘ ਹੀਰ, ਬਲਰਾਜ ਸਿੰਘ ਹੀਰਾ, ਅਭੈ ਪ੍ਰਤਾਪ ਸਿੰਘ ਢਿੱਲੋਂ, ਭੂਵਨ ਧੀਮਾਨ, ਹਰਮਨਪ੍ਰੀਤ ਸਿੰਘ, ਸਾਹਿਬ ਸਿੰਘ ਧਾਲੀਵਾਲ, ਦਿਵਾਂਸ਼ੂ ਸੰਧੂ (ਸਾਰੇ ਮੁਹਾਲੀ ਇੰਸਟੀਚਿਊਟ ਦੇ 13ਵੇਂ ਕੋਰਸ ਤੋਂ) ਅਤੇ ਭਾਵਿਕ ਕਾਂਸਲ, ਗੁਰਵੰਸ਼ਬੀਰ ਸਿੰਘ, ਓਜਸ ਗੈਂਤ, ਸ਼ਿਵੇਨ ਤਾਇਲ ਅਤੇ ਗਗਨਦੀਪ ਸਿੰਘ (ਸਾਰੇ 12ਵੇਂ ਕੋਰਸ ਤੋਂ) ਸ਼ਾਮਲ ਹਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਨ੍ਹਾਂ ਹੋਣ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕੈਡਿਟ ਪੰਜਾਬ ਦਾ ਮਾਣ ਹਨ। ਉਨ੍ਹਾਂ ਨੇ ਕੈਡਿਟ ਗੁਨਜੋਤ ਸਿੰਘ (ਸੰਸਥਾ ਦੇ 7ਵੇਂ ਕੋਰਸ ਤੋਂ) ਅਤੇ ਕੈਡਿਟ ਆਰੀਅਨ ਦੱਤ (8ਵੇਂ ਕੋਰਸ) ਨੂੰ ਸ਼ਾਰਟ ਸਰਵਿਸ ਕਮਿਸ਼ਨ (ਟੈਕਨੀਕਲ) 64ਵੇਂ ਕੋਰਸ ਲਈ ਚੇਨਈ ਸਥਿਤ ਅਫ਼ਸਰ ਟਰੇਨਿੰਗ ਅਕੈਡਮੀ (ਓਟੀਏ) ਲਈ ਉਨ੍ਹਾਂ ਦੀ ਚੋਣ ’ਤੇ ਵਧਾਈ ਦਿੱਤੀ। ਕੈਡਿਟ ਗੁਨਜੋਤ ਪਟਿਆਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਥਾਪਰ ਯੂਨੀਵਰਸਿਟੀ ਵਿੱਚ ਕੰਮ ਕਰਦੇ ਹਨ, ਜਦੋਂਕਿ ਮੁਹਾਲੀ ਦੇ ਕੈਡਿਟ ਆਰੀਅਨ ਦੱਤ ਦੇ ਪਿਤਾ ਭਾਰਤੀ ਜਲ ਸੈਨਾ ’ਚੋਂ ਕਮਾਂਡਰ ਦੇ ਅਹੁਦੇ ਤੋਂ ਸੇਵਾਮੁਕਤ ਹਨ। ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ ਨੇ ਕਿਹਾ ਕਿ ਜੂਨ 2025 ਵਿੱਚ ਸ਼ੁਰੂ ਹੋਣ ਵਾਲੇ ਐਨਡੀਏ-154 ਕੋਰਸ ਲਈ ਮੁਹਾਲੀ ਇੰਸਟੀਚਿਊਟ ਦੇ ਸਭ ਤੋਂ ਵੱਧ ਕੈਡਿਟ ਸ਼ਾਮਲ ਹਨ। ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 255 ਕੈਡਿਟ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ ਜਦੋਂਕਿ 170 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣੇ ਹਨ, ਜੋ ਮੁਹਾਲੀ ਇੰਸਟੀਚਿਊਟ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ