ਰੀੜ੍ਹ ਦੀ ਹੱਡੀਆਂ ਦੇ ਖੇਤਰੀ ਹਸਪਤਾਲ ਨੂੰ ਸਹੂਲਤਾਂ ਪੱਖੋਂ ਹੋਰ ਬਿਹਤਰ ਬਣਾਏਗੀ ਸਰਕਾਰ

ਰੀਜਨਲ ਸਪਾਈਨਲ ਇੰਜਰੀਜ਼ ਸੈਂਟਰ ਦੀ ਦੂਜੀ ਮੰਜ਼ਲ ਦੀ ਉਸਾਰੀ ਲਈ 3 ਕਰੋੜ ਤੁਰੰਤ ਜਾਰੀ ਕਰਨ ਦਾ ਭਰੋਸਾ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਰੀਜਨਲ ਸਪਾਈਨਲ ਇੰਜਰੀਜ਼ ਸੈਂਟਰ ਦਾ ਦੌਰਾ ਕਰਕੇ ਜਾਇਜ਼ਾ ਲਿਆ

ਨਬਜ਼-ਏ-ਪੰਜਾਬ, ਮੁਹਾਲੀ, 13 ਮਾਰਚ:
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਰੀਜਨਲ ਸਪਾਈਨਲ ਇੰਜਰੀਜ਼ ਸੈਂਟਰ, ਸੈਕਟਰ-70 ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਲਾਜ ਲਈ ਪਹੁੰਚੇ ਮਰੀਜ਼ਾਂ ਅਤੇ ਤਮੀਰਦਾਰਾਂ ਨਾਲ ਖੁੱਲ੍ਹ ਕੇ ਗੱਲ ਕਰਦਿਆਂ ਉਨ੍ਹਾਂ ਤੋਂ ਫੀਡਬੈਕ ਲਿਆ। ਉਨ੍ਹਾਂ ਕਿਹਾ ਕਿ ਮੁਹਾਲੀ ਸਥਿਤ ਰੀੜ੍ਹ ਦੀ ਹੱਡੀਆਂ ਦੇ ਖੇਤਰੀ ਹਸਪਤਾਲ ਨੂੰ ਹੋਰ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕਰਕੇ ਬਿਹਤਰ ਬਣਾਏਗੀ।
ਉਨ੍ਹਾਂ ਕਿਹਾ ਕਿ ਰੀੜ੍ਹ ਦੀ ਹੱਡੀਆਂ ਦੇ ਇਲਾਜ ਲਈ ਪ੍ਰਸਿੱਧ ਸਪਾਈਨਲ ਸਰਜਨ ਅਤੇ ਪ੍ਰਾਜੈਕਟ ਡਾਇਰੈਕਟਰ ਡਾ. ਰਾਜ ਬਹਾਦਰ ਦੀ ਮੁਹਾਰਤ ਅਤੇ ਸੇਵਾਵਾਂ ਨਾਲ ਇਸ ਸੰਸਥਾ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਪਾਈਨਲ ਇੰਜਰੀਜ਼ ਅਤੇ ਯੂਰੋਲੋਜੀ ਦੀਆਂ ਸਮੱਸਿਆਵਾਂ ਨਾਲ ਸਬੰਧਤ 50 ਸਰਜਰੀਆਂ ਮਹੀਨੇ ਵਿੱਚ ਕੀਤੀਆਂ ਜਾਂਦੀਆਂ ਹਨ ਅਤੇ ਰੋਜ਼ਾਨਾ 100 ਮਰੀਜ਼ਾਂ ਦੀ ਓਪੀਡੀ ਵਿੱਚ ਹਾਜ਼ਰੀ ਹੁੰਦੀ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੱਜ ਦੇ ਦੌਰੇ ਦਾ ਮਨੋਰਥ ਡਾ. ਰਾਜ ਬਹਾਦਰ, ਹੋਰ ਡਾਕਟਰਾਂ ਅਤੇ ਸਟਾਫ਼ ਅਤੇ ਇੱਥੇ ਇਲਾਜ ਅਧੀਨ ਮਰੀਜ਼ਾਂ ਨਾਲ ਗੱਲਬਾਤ ਕਰਕੇ ਇੱਥੇ ਹੋਣ ਵਾਲੇ ਹੋਰ ਸੁਧਾਰਾਂ ਦਾ ਪਤਾ ਲਗਾਉਣਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੇ ਯੂਰੋਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਵਿਧੁਰ ਭੱਲਾ ਵੀ ਇੱਥੇ ਸੇਵਾਵਾਂ ਦੇ ਰਹੇ ਹਨ। ਡਾ. ਰਾਜ ਬਹਾਦਰ ਦੀ ਮੰਗ ’ਤੇ ਕੈਬਨਿਟ ਮੰਤਰੀ ਨੇ ਕੇਂਦਰ ਵਿੱਚ ਹੋਰ ਬੈੱਡ ਸਮਰੱਥਾ ਵਧਾਉਣ ਲਈ ਦੂਜੀ ਮੰਜ਼ਲ ਦੀ ਉਸਾਰੀ ਲਈ ਤੁਰੰਤ 3 ਕਰੋੜ ਰੁਪਏ ਜਾਰੀ ਕਰਨ ਦਾ ਭਰੋਸਾ ਦਿੱਤਾ। ਪ੍ਰਾਜੈਕਟ ਡਾਇਰੈਕਟਰ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਮੰਤਰੀ ਨੇ ਕਿਹਾ ਕਿ ਮੌਜੂਦਾ 2 ਕਰੋੜ ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਵਿੱਚ ਵਾਧਾ ਸਰਕਾਰ ਦੇ ਵਿਚਾਰ ਅਧੀਨ ਹੈ।
ਡਾ. ਬਲਜੀਤ ਕੌਰ ਨੇ ਆਈਸੀਯੂ ਅਤੇ ਹਾਈ ਡਿਪੈਂਡੈਂਸੀ ਯੂਨਿਟ ਸਮੇਤ ਐਕਸ-ਰੇਅ ਅਤੇ ਐਮਆਰਆਈ ਯੂਨਿਟ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਡਾ. ਰਾਜ ਬਹਾਦਰ ਦੀ ਅਗਵਾਈ ਹੇਠ ਵਧੀਆ ਕੰਮ ਕਰ ਰਿਹਾ ਹੈ। ਇੱਥੇ ਪ੍ਰਾਈਵੇਟ ਸਿਹਤ ਸੰਸਥਾਵਾਂ ਦੇ ਮੁਕਾਬਲੇ ਸਰਜਰੀ ਦੇ ਖ਼ਰਚੇ ਨਾ-ਮਾਤਰ ਹਨ। ਉਨ੍ਹਾਂ ਨੇ ਉੱਤਰੀ ਖੇਤਰ ਤੋਂ ਇੱਥੇ ਆਉਣ ਵਾਲੇ ਮਰੀਜ਼ਾਂ ਪ੍ਰਤੀ ਦਿਖਾਈ ਜਾ ਰਹੀ ਸਖ਼ਤ ਮਿਹਨਤ ਅਤੇ ਦੇਖਭਾਲ ਲਈ ਡਾ. ਰਾਜ ਬਹਾਦਰ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਡਾਇਰੈਕਟਰ (ਤਕਨੀਕੀ ਸਹੂਲਤਾਂ) ਮਧੂ ਪੁਰੀ, ਸਮਾਜਿਕ ਸੁਰੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਭੁੱਲਰ, ਡੀਐਸਪੀ ਅਜੀਤਪਾਲ ਸਿੰਘ, ਤਹਿਸੀਲਦਾਰ ਗੁਰਵਿੰਦਰ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅੰਮ੍ਰਿਤ ਬਾਲਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…