ਆਵਾਜਾਈ ਸਮੱਸਿਆ ਦੇ ਹੱਲ ਲਈ ਡੀਸੀ, ਗਮਾਡਾ ਤੇ ਨਗਰ ਨਿਗਮ ਦੇ ਅਧਿਕਾਰੀ ਸਿਰ ਜੋੜ ਕੇ ਬੈਠੇ

ਜੇਐਲਪੀਐਲ ਕਰਾਸਿੰਗ ਨੂੰ ਦੋਹਰੀ-ਕੈਰੇਜਵੇਅ ਵਿੱਚ ਬਦਲਣ ਲਈ ਰਿਪੋਰਟ ਸੌਂਪਣਗੇ ਰੇਲਵੇ ਇੰਜੀਨੀਅਰ

ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਮੁਹਾਲੀ ਦੀਆਂ ਸੜਕਾਂ ਨੂੰ ਰਾਹਗੀਰਾਂ ਦੇ ਅਨੁਕੂਲ ਬਣਾਉਣ ’ਤੇ ਜ਼ੋਰ

ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ:
ਮੁਹਾਲੀ ਦੀਆਂ ਸੜਕਾਂ ’ਤੇ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਮੁਨੀਸ਼ ਕੁਮਾਰ, ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਅਤੇ ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਦਿਸ਼ਾ ਵਿੱਚ ਹੁਣ ਤੱਕ ਕੀਤੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸੀਏ ਗਮਾਡਾ ਅਤੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਮੁਹਾਲੀ ਦੀਆਂ ਸੜਕਾਂ ਨੂੰ ਰਾਹਗੀਰਾਂ ਦੇ ਅਨੁਕੂਲ ਬਣਾਉਣ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਪ੍ਰਗਤੀ ਦੀ ਨਿਯਮਿਤ ਸਮੀਖਿਆ ਕਰਨ।
ਰੀਵਿਊ ਮੀਟਿੰਗ ਦੌਰਾਨ ਯੂਟੀ ਪ੍ਰਸ਼ਾਸਨ ਦੀ ਟੀਮ ਨੇ ਦੱਸਿਆ ਕਿ ਸੈਕਟਰ-48/65 ਤੋਂ ਦਾਰਾ ਸਟੂਡੀਓ (ਸੈਕਟਰ-49/64 ਤੋਂ ਸੈਕਟਰ-50 ਤੋਂ 63) ਤੱਕ ਸੜਕ ਨੂੰ ਚੌੜਾ ਕਰਨ (ਸਿੰਗਲ ਤੋਂ ਦੋਹਰੀ ਕੈਰੇਜ-ਵੇਅ) ਦੇ ਗਮਾਡਾ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਗੁਰਦੁਆਰਾ ਸਾਂਝਾ ਸਾਹਿਬ ਦੀ ਸੜਕ ਨੂੰ ਚੌੜਾ ਕਰਨ ਅਤੇ ਬਦਲਣ ਦਾ ਮੁੱਦਾ ਵਿਚਾਰ ਅਧੀਨ ਹੈ ਅਤੇ ਜਲਦੀ ਹੀ ਅੱਗੇ ਯੋਜਨਾ ਵਿਭਾਗ ਨੂੰ ਭੇਜੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਯੂਟੀ ਖੇਤਰ ਵਿੱਚ ਇਸ ਸੜਕ ਨਾਲ ਸਬੰਧਤ ਕਾਨੂੰਨੀ ਮੁੱਦਿਆਂ ਨੂੰ ਹੱਲ ਕਰ ਲਿਆ ਗਿਆ ਹੈ। ਇੰਜ ਹੀ ਸੈਕਟਰ-43 ਬੱਸ ਸਟੈਂਡ ਤੋਂ ਮੁਹਾਲੀ ਜਾਂਦੀ ਸੜਕ ਨੂੰ ਜੋੜਨ ਵਾਲੀ ਪੀਆਰ 5 ਸੜਕ ਵੀ ਵਿਚਾਰ ਅਧੀਨ ਹੈ।
ਰੇਲਵੇ ਦੇ ਇੰਜੀਨੀਅਰਾਂ ਨੇ ਦੱਸਿਆ ਕਿ ਛੱਤ ਟਰੈਫ਼ਿਕ ਲਾਈਟ ਪੁਆਇੰਟ ਤੋਂ ਗੋਪਾਲ ਸਵੀਟਸ ਰੋਡ ਤੱਕ ਸੜਕ ’ਤੇ ਜੇਐਲਪੀਐਲ ਕਰਾਸਿੰਗ, ਜਿਸ ਵਿੱਚ ਪੀਕ ਸਮੇਂ ਦੌਰਾਨ ਬਹੁਤ ਜ਼ਿਆਦਾ ਆਵਾਜਾਈ ਹੁੰਦੀ ਹੈ, ਨੂੰ ਦੋਹਰੀ ਕੈਰੇਜ਼-ਵੇਅ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਮੁੱਢਲੀ ਸਾਂਝੀ ਫੇਰੀ ਤੋਂ ਬਾਅਦ ਰੇਲਵੇ ਅਥਾਰਟੀਆਂ ਨੂੰ ਪੇਸ਼ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਚੀਮਾ ਬੋਇਲਰ ਪੁਆਇੰਟ, ਸੈਮੀ ਕੰਡਕਟਰ ਲਿਮਟਿਡ ਅਤੇ ਆਈਸ਼ਰ ਸੜਕ ਨਾਲ ਸਲਿਪ ਰੋਡ ਮੁਹੱਈਆ ਕਰਵਾ ਕੇ ਟਰੈਫ਼ਿਕ ਨਿਯਮਾਂ ਸਬੰਧੀ ਚਰਚਾ ਕੀਤੀ। ਸੈਮੀਕੰਡਕਟਰ ਦੇ ਨੁਮਾਇੰਦੇ ਵੱਲੋਂ ਚੁੱਕੇ ਗਏ ਮੁੱਦੇ ਨੂੰ ਗਮਾਡਾ ਅਧਿਕਾਰੀਆਂ ਨੇ ਹੱਲ ਕੀਤਾ। ਪੀ.ਐਸ.ਆਈ.ਈ.ਸੀ. ਖੇਤਰਾਂ ਵਿੱਚ ਪੈਂਦੀਆਂ ਸੜਕਾਂ ’ਤੇ ਭੀੜ-ਭੜੱਕੇ ਦੇ ਮੁੱਦੇ ’ਤੇ ਨੁਮਾਇੰਦੇ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਲੈਣ ਦਾ ਅਖ਼ਤਿਆਰ ਨਿਗਮ ਕੋਲ ਹੈ। ਕਿਉਂਕਿ ਮੁਹਾਲੀ ਦੀਆਂ ਸੜਕਾਂ ਨਗਰ ਨਿਗਮ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਡੀਐਸਪੀ (ਟਰੈਫ਼ਿਕ) ਕਰਨੈਲ ਸਿੰਘ ਨੇ ਮੁਹਾਲੀ ਏਅਰਪੋਰਟ ਸੜਕ ’ਤੇ ਬਣ ਰਹੇ ਚੌਕਾਂ ਨੇੜੇ ਹਾਦਸਿਆਂ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਗਮਾਡਾ ਦੇ ਸੀਏ ਨੇ ਟਰੈਫ਼ਿਕ ਪੁਲੀਸ ਨੂੰ ਜ਼ੋਰ ਦੇ ਕੇ ਆਖਿਆ ਕਿ ਹਸਪਤਾਲਾਂ ਦੇ ਬਾਹਰ ਵਾਹਨਾਂ ਦੀ ਅਣਅਧਿਕਾਰਤ ਪਾਰਕਿੰਗ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫ਼ਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਗਮਾਡਾ ਦੇ ਅਸਟੇਟ ਦਫ਼ਤਰ ਨੇ ਡਰਾਇੰਗਾਂ ਵਿੱਚ ਪਾਰਕਿੰਗ ਲਈ ਨਿਰਧਾਰਿਤ ਥਾਂ ਦੀ ਵਰਤੋਂ ਨਾ ਕਰਨ ਲਈ ਹਸਪਤਾਲਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਹਨ। ਇਸ ਮੌਕੇ ਏਡੀਸੀ (ਜ) ਵਿਰਾਜ ਐਸ ਤਿੜਕੇ, ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐਸਡੀਐਮਜ਼ ਦਮਨਦੀਪ ਕੌਰ, ਅਮਿਤ ਗੁਪਤਾ ਅਤੇ ਗੁਰਮੰਦਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…