‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਨਾਲ ਕੀਤੀ ਸ਼ਹਿਰੀ ਵਿਕਾਸ ਯੋਜਨਾਵਾਂ ਦੀ ਸਮੀਖਿਆ

ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਸੜਕ ਕਿਨਾਰੇ ਗੱਡੀਆਂ ਖੜੀਆਂ ਕਰਨ ਵਾਲਿਆਂ ਕਾਰਵਾਈ ਕਰਨ ਦੇ ਆਦੇਸ਼

ਗਮਾਡਾ ਅਧਿਕਾਰੀਆਂ ਨੂੰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਪਹਿਲ ਦੇ ਆਧਾਰ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ

ਨਬਜ਼-ਏ-ਪੰਜਾਬ, ਮੁਹਾਲੀ, 8 ਫਰਵਰੀ:
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁਹਾਲੀ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਨੂੰ ਮਿਥੇ ਸਮੇਂ ਵਿੱਚ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਮੋਨੀਸ਼ ਕੁਮਾਰ, ਅਸਟੇਟ ਅਫ਼ਸਰ (ਹਾਊਸਿੰਗ) ਸ਼ਿਵਰਾਜ ਸਿੰਘ ਬੱਲ, ਅਸਟੇਟ ਅਫ਼ਸਰ (ਪਲਾਟਸ) ਰਵਿੰਦਰ ਸਿੰਘ ਅਤੇ ਹੋਰ ਵੱਖ-ਵੱਖ ਵਿੰਗਾਂ ਦੇ ਇੰਚਾਰਜ ਹਾਜ਼ਰ ਸਨ। ਵਿਧਾਇਕ ਨੇ ਗਮਾਡਾ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ ਤਾਂ ਜੋ ਗਮਾਡਾ\ਪੁੱਡਾ ਦਫ਼ਤਰ ਵਿੱਚ ਆਮ ਨਾਗਰਿਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਹਿਰ ਵਿੱਚ ਚਾਰ ਮੁੱਖ ਸੜਕਾਂ ਫੇਜ਼-7 ਤੋਂ ਫੇਜ਼-11, ਮੁਹਾਲੀ ਪਿੰਡ ਤੋਂ ਐੱਸਐੱਸਪੀ ਰਿਹਾਇਸ਼ ਤੱਕ, ਕੁੰਭੜਾ ਚੌਂਕ ਤੋਂ ਬਾਵਾ ਵਾਈਟ ਹਾਊਸ ਤੱਕ ਅਤੇ ਫਰੈਂਕੋ ਹੋਟਲ ਤੋਂ ਲਾਂਡਰਾਂ ਤੱਕ ਸੜਕ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਵੱਲੋਂ ਹਸਪਤਾਲਾਂ ਦੀ ਇਮਾਰਤ ਦੀ ਬੇਸਮੈਂਟ ਪਾਰਕਿੰਗ ਲਈ ਨਾ ਵਰਤੇ ਜਾਣ ਕਾਰਨ ਹਸਪਤਾਲਾਂ ਦੇ ਬਾਹਰ ਸੜਕਾਂ ਦੇ ਕਿਨਾਰੇ ਗੱਡੀਆਂ ਖੜੀਆਂ ਕਾਰਨ ਪੈਦਾ ਹੋ ਰਹੀ ਟਰੈਫ਼ਿਕ ਸਮੱਸਿਆ ਦਾ ਹੱਲ ਕਰਨ ਲਈ ਹਸਪਤਾਲਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਕਿਹਾ। ਪਿੱਛੇ ਜਿਹੇ ਵਿਧਾਇਕ ਨੇ ਇਹ ਮੁੱਦਾ ਵਿਧਾਨ ਸਭਾ ਵਿੱਚ ਵੀ ਚੁੱਕਿਆ ਸੀ ਪਰ ਹਸਪਤਾਲਾਂ ਅਤੇ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਹੋਇਆ।
ਸ਼ਹਿਰ ਦੀ ਮੁੱਖ ਪੀਆਰ-7 ਸੜਕ ਦੇ ਸੁੰਦਰੀਕਰਨ, ਪੀਆਰ 7 ਸੜਕ ਦਾ ਜੋ ਹਿੱਸਾ ਆਈਸ਼ਰ ਚੌਂਕ ਤੋਂ ਰੇਲਵੇ ਕਰਾਸਿੰਗ ਤੱਕ ਸੜਕ ਵਿਚਕਾਰ ਇੰਡਸਟਰੀ ਏਰੀਆ ਫੇਜ਼-9 ਵਿੱਚ ਸਰਵਿਸ ਲੇਨ ਨੂੰ ਬਣਾਉਣਾ, ਪੀਆਰ-11 ਸੜਕ ਦਾ ਜੋ ਹਿੱਸਾ ਸੈਕਟਰ-81/84 ਵਿਚਕਾਰ ਰਹਿੰਦਾ ਹੈ, ਉਸ ਨੂੰ ਪੂਰਾ ਕਰਕੇ ਸੜਕ ਨੂੰ ਚਾਲੂ ਕਰਨ ਦੇ ਆਦੇਸ਼ ਦਿੱਤੇ। ਗਮਾਡਾ ਵੱਲੋਂ ਗਰੁੱਪ ਹਾਊਸਿੰਗ ਲਈ ਅਲਾਟ ਕੀਤੀਆਂ ਥਾਵਾਂ ਦੇ ਬਾਹਰ ਬਿਲਡਰਾਂ ਵੱਲੋਂ ਫੁੱਟਪਾਥ ਵਾਲੀ ਥਾਂ ਨੂੰ ਪਾਰਕਿੰਗ ਲਈ ਵਰਤੇ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਸ਼ਹਿਰ ਵਿੱਚ ਸੀਸੀਟੀਵੀ ਕੈਮਰਿਆਂ ਲਈ ਗਮਾਡਾ ਵੱਲੋਂ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਨੂੰ 50 ਕਰੋੜ ਰੁਪਏ ਜਾਰੀ ਕਰਨ, ਸ਼ਹਿਰ ਵਿੱਚ ਬਣ ਰਹੇ ਰੋਟਰੀਜ਼ (ਚੌਂਕ) ਦੇ ਕੰਮ ਦੀ ਪ੍ਰਗਤੀ, ਐਰੋਸਿਟੀ ਵਿੱਚ ਬਿਜਲੀ ਦੀਆਂ ਤਾਰਾਂ ਅੰਡਰ ਗਰਾਉਂਡ ਪਾਉਣ ਆਦਿ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਮੋਨੀਸ਼ ਕੁਮਾਰ ਨੇ ਕਿਹਾ ਕਿ ਫੇਜ਼-7 ਤੋਂ ਫੇਜ਼-11 ਸੜਕ ਨੂੰ ਚੌੜਾ ਕਰਨ ਦਾ ਕੰਮ 30 ਅਪਰੈਲ ਤੱਕ ਪੂਰਾ ਕਰ ਲਿਆ ਜਾਵੇਗਾ ਅਤੇ ਬਾਕੀ ਦੋ ਸੜਕਾਂ ਨੂੰ ਚੌੜਾ ਕਰਨ ਵਿੱਚ ਆ ਰਹੀਆਂ ਕਾਨੂੰਨੀ ਦਿੱਕਤਾਂ ਦੂਰ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀਆਰ-7 ਸੜਕ ਦੇ ਸੁੰਦਰੀਕਰਨ ਲਈ 2.36 ਕਰੋੜ ਰੁਪਏ ਦੀ ਲਾਗਤ ਨਾਲ ਅਪਰੈਲ ਦੇ ਪਹਿਲੇ ਹਫ਼ਤੇ ਵਿੱਚ ਕੰਮ ਸ਼ੁਰੂ ਹੋ ਜਾਵੇਗਾ। ਰੋਟਰੀਜ਼ ਨੂੰ ਛੇਤੀ ਪੂਰਾ ਕਰ ਲਿਆ ਜਾਵੇਗਾ। ਪੀਆਰ-7 ਸੜਕ ’ਤੇ ਮੁੱਖ ਲਾਈਟ ਪੁਆਇੰਟਾਂ ਉੱਤੇ ਰੋਟਰੀਜ਼ ਬਣਾਉਣ ਲਈ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ, ਐਰੋਸਿਟੀ ਵਿੱਚ ਬਿਜਲੀ ਸਮੱਸਿਆ ਦੇ ਹੱਲ ਲਈ ਪਾਵਰਕੌਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਲਈ 50 ਕਰੋੜ ਜਲਦੀ ਜਾਰੀ ਕਰ ਦਿੱਤੇ ਜਾਣਗੇ। ਗਰੁੱਪ ਹਾਊਸਿੰਗ ਲਈ ਅਲਾਟ ਕੀਤੀਆਂ ਥਾਵਾਂ ਦੇ ਬਾਹਰ ਬੇਸਮੈਂਟ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…