Share on Facebook Share on Twitter Share on Google+ Share on Pinterest Share on Linkedin ‘ਮੈਗਾ ਹਾਊਸਿੰਗ ਪ੍ਰਾਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਾਲਕੀ ਦੇ ਵੇਰਵੇ ਵੈੱਬਸਾਈਟ ’ਤੇ ਅਪਲੋਡ ਕਰੇ ਗਮਾਡਾ’ ਕਮੇਟੀ ਆਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਜ਼ ਤੇ ਸੁਸਾਇਟੀਜ਼ (ਮੈਗਾ ਮੁਹਾਲੀ) ਨੇ ਚੁੱਕਿਆ ਮੁੱਦਾ ਨਬਜ਼-ਏ-ਪੰਜਾਬ, ਮੁਹਾਲੀ, 1 ਫਰਵਰੀ: ਮੁਹਾਲੀ ਵਿੱਚ ਮੈਗਾ ਹਾਊਸਿੰਗ ਪ੍ਰਾਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਾਲਕੀ ਦੇ ਵੇਰਵੇ ਗਮਾਡਾ ਦੀ ਵੈੱਬਸਾਈਟ ’ਤੇ ਅਪਲੋਡ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਕਮੇਟੀ ਆਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਜ਼ ਅਤੇ ਸੁਸਾਇਟੀਜ਼ (ਮੈਗਾ ਮੁਹਾਲੀ) ਦੀ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਾਊਸਿੰਗ ਪ੍ਰਾਜੈਕਟਾਂ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਹੋਰ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਮੈਗਾ ਪ੍ਰਾਜੈਕਟਾਂ ਵਿੱਚ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਲੋਕਾਂ ਦੀਆਂ ਜਾਇਦਾਦਾਂ ਦੇ ਇੰਤਕਾਲ ਨਾ ਹੋਣ ਕਾਰਨ ਬਹੁਤ ਸਾਰੇ ਲੋਕ ਬਿਲਡਰਾਂ ਅਤੇ ਡੀਲਰਾਂ ਦੀ ਕਥਿਤ ਠੱਗੀ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੋਣ ਨਾਲ ਜਿੱਥੇ ਇਮਾਨਦਾਰ ਬਿਲਡਰਾਂ ਅਤੇ ਡੀਲਰਾਂ ਦਾ ਅਕਸ ਖ਼ਰਾਬ ਹੋ ਰਿਹਾ ਹੈ, ਉੱਥੇ ਸਰਕਾਰ ਨੂੰ ਵੀ ਚੂਨਾ ਲੱਗ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਆਮ ਦੇਖਣ ਵਿੱਚ ਆਇਆ ਹੈ ਕਿ ਕੱੁਝ ਮਾਮਲਿਆਂ ਵਿੱਚ ਬਿਲਡਰਾਂ ਵੱਲੋਂ ਇੱਕੋ ਪ੍ਰਾਪਰਟੀ ਨੂੰ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਠੱਗੀਆਂ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਆਮ ਲੋਕਾਂ ਕੋਲ ਕੋਈ ਵੀ ਅਜਿਹੀ ਸਰਕਾਰੀ ਸੁਵਿਧਾ ਨਹੀਂ ਹੈ ਜਿਸ ਨਾਲ ਲੋਕ ਇਸ ਗੱਲ ਦੀ ਜਾਂਚ ਕਰ ਸਕਣ ਕਿ ਇਸ ਪ੍ਰਾਪਰਟੀ ਦਾ ਅਸਲ ਮਾਲਕ ਕੌਣ ਹੈ, ਜਦੋਂਕਿ ਗਮਾਡਾ ਅਤੇ ਪੁੱਡਾ ਦੇ ਆਪਣੇ ਸੈਕਟਰਾਂ ਦੀਆਂ ਜਾਇਦਾਦਾਂ ਦੀ ਮਾਲਕੀ ਦੇ ਵੇਰਵੇ ਗਮਾਡਾ ਦੀ ਵੈੱਬਸਾਈਟ ’ਤੇ ਉਪਲਬਧ ਹਨ, ਜਿਨ੍ਹਾਂ ਨੂੰ ਆਮ ਲੋਕ ਦੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰਾਜੈਕਟਾਂ ਦੀਆਂ ਜਾਇਦਾਦਾਂ ਦੀ ਮਾਲਕੀ ਦੇ ਵੇਰਵੇ ਵੀ ਗਮਾਡਾ ਦੀ ਵੈੱਬਸਾਈਟ ਤੇ ਅਪਲੋਡ ਹੋਣੇ ਚਾਹੀਦੇ ਹਨ ਤਾਂ ਜੋ ਸਬੰਧਤ ਲੋਕਾਂ ਨੂੰ ਸਬੰਧਤ ਬਿਲਡਰਾਂ ਦੀ ਠੱਗੀ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਇਹ ਵੀ ਕਿਹਾ ਇਨ੍ਹਾਂ ਪ੍ਰਾਜੈਕਟਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਨੂੰ ਟਰਾਂਸਫ਼ਰ ਕਰਨ ਦਾ ਕੰਮ ਗਮਾਡਾ (ਪੁੱਡਾ) ਖ਼ੁਦ ਆਪ ਕਰੇ ਤਾਂ ਕਿ ਬਿਲਡਰਾਂ ਵੱਲੋਂ ਟਰਾਂਸਫ਼ਰ ਕਰਨ ਲਈ ਮਨਮਰਜ਼ੀ ਦੀਆਂ ਵਸੂਲੀਆਂ ਜਾਂਦੀਆਂ ਮੋਟੀਆਂ ਰਕਮਾਂ ਤੋਂ ਨਿਜਾਤ ਮਿਲ ਸਕੇ। ਅਜਿਹਾ ਕਰਨ ਨਾਲ ਪੰਜਾਬ ਸਰਕਾਰ ਦੇ ਮਾਲੀਆ ਵਿੱਚ ਵੀ ਵਾਧਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਿਲਡਰਾਂ ਵੱਲੋਂ ਲੋਕਾਂ ਦੀਆਂ ਜਾਇਦਾਦਾਂ ’ਤੇ ਲੋਨ ਵੀ ਲਏ ਜਾ ਰਹੇ ਹਨ। ਕਿਉਂਕਿ ਇਨ੍ਹਾਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਸਿਰਫ਼ ਬਿਲਡਰਾਂ ਦੇ ਆਪਣੇ ਰਿਕਾਰਡ ਵਿੱਚ ਹੀ ਦਰਜ ਹੁੰਦੇ ਹਨ, ਜਿਸ ਕਾਰਨ ਇਹ ਬਿਲਡਰ ਆਪਣੀ ਲੋੜ ਅਨੁਸਾਰ ਆਪਣੇ ਰਿਕਾਰਡ ਵਿੱਚ ਛੇੜਛਾੜ ਕਰਕੇ ਲੋਨ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ। ਜੇਕਰ ਇਨ੍ਹਾਂ ਮੈਗਾ ਪ੍ਰਾਜੈਕਟਾਂ ਦੀਆਂ ਜਾਇਦਾਦਾਂ ਦੀ ਵੇਰਵੇ ਗਮਾਡਾ ਦੀ ਵੈੱਬਸਾਈਟ ਤੇ ਦਰਜ ਹੋਣਗੇ ਤਾਂ ਲੋਕਾਂ ਦੇ ਨਾਲ ਨਾਲ ਬੈਂਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਪੁੱਡਾ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਮੰਗਾਂ ਨੂੰ ਸੰਜੀਦਗੀ ਨਾਲ ਵਿਚਾਰਦੇ ਹੋਏ ਗਮਾਡਾ ਅਤੇ ਪੁੱਡਾ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਦੀਆਂ ਜਾਇਦਾਦਾਂ ਦੇ ਵੇਰਵੇ ਇਸ ਦਫ਼ਤਰ ਦੀ ਵੈੱਬਸਾਈਟ ’ਤੇ ਦਰਜ ਕਰਨ ਲਈ ਨਿਰਦੇਸ਼ ਦਿੱਤੇ ਜਾਣ। ਇਸ ਮੌਕੇ ਸੁਰਿੰਦਰ ਸਿੰਘ, ਐਡਵੋਕੇਟ ਗੌਰਵ ਗੋਇਲ, ਸੰਤ ਸਿੰਘ, ਜਸਵੀਰ ਸਿੰਘ ਗੜਾਂਗ, ਅਮਰਜੀਤ ਸਿੰਘ ਭੰਵਰਾ, ਮਨੋਜ ਸ਼ਰਮਾ, ਐਮਐਲ ਸ਼ਰਮਾ, ਸੰਦੀਪ ਝੰਬ, ਪਵਨ ਗੋਇਲ, ਭੁਪਿੰਦਰ ਸਿੰਘ, ਨਵੀਨ ਸੂਦ, ਅਰੁਣ ਮਲਹੋਤਰਾ, ਅਮਨਪ੍ਰੀਤ ਸਿੰਘ, ਅਮਿਤ ਚੌਹਾਨ, ਕਮਲ ਬੱਗਾ ਅਤੇ ਸੁਮਿਕਸ਼ਾ ਸੂਦ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ