ਗਣਤੰਤਰ ਦਿਵਸ ਮੌਕੇ ਖਿੱਚ ਦਾ ਕੇਂਦਰ ਬਣੀ ਸੀਐਮ ਦੀ ਯੋਗਸ਼ਾਲਾ

ਟਰੇਨਰਾਂ ਨੇ ਯੋਗ ਅਭਿਆਸ ਦੀ ਪੇਸ਼ਕਾਰੀ ਰਾਹੀਂ ਦਿੱਤਾ ਸਿਹਤਮੰਦ ਪੰਜਾਬ ਦਾ ਸੁਨੇਹਾ

ਨਬਜ਼-ਏ-ਪੰਜਾਬ, ਮੁਹਾਲੀ, 27 ਜਨਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਮੋਹਾਲੀ ਵਿਖੇ ਕਲ੍ਹ ਕਰਵਾਏ ਗਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮੌਕੇ ਸੀ ਐਮ ਦੀ ਯੋਗਸ਼ਾਲਾ ਦੀ ਪੇਸ਼ਕਾਰੀ ਮੁੱਖ ਮਹਿਮਾਨ ਸ਼੍ਰੀ ਬਰਿੰਦਰ ਕੁਮਾਰ ਗੋਇਲ, ਕੈਬਨਿਟ ਮੰਤਰੀ ਪੰਜਾਬ ਅਤੇ ਹਾਜ਼ਰ ਮਹਿਮਾਨਾਂ ਲਈ ਖਿੱਚ ਦਾ ਕੇਂਦਰ ਬਣੀ। ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪਹਿਲਕਦਮੀ ’ਤੇ, ਜ਼ਿਲ੍ਹਾ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਸੀ ਐਮ ਦੀ ਯੋਗਸ਼ਾਲਾ ਤਹਿਤ ਕੰਮ ਕਰ ਰਹੇ ਯੋਗਾ ਟ੍ਰੇਨਰਾਂ ਵੱਲੋਂ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗਾ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਕਾਲਜ ਗਰਾਊਂਡ ਵਿੱਚ ਪ੍ਰਭਾਵਸ਼ਾਲੀ ਯੋਗਾ ਸ਼ੋਅ ਪੇਸ਼ ਕੀਤਾ ਗਿਆ, ਜਿਸ ਰਾਹੀਂ ਲੋਕਾਂ ਨੂੰ ਯੋਗ ਆਸਣਾਂ ਰਾਹੀਂ ਬਿਮਾਰੀਆਂ ਤੋਂ ਦੂਰ ਰਹਿ ਕੇ ਨਿਰੋਗ ਰਹਿਣ ਦਾ ਸੁਨੇਹਾ ਦਿੱਤਾ ਗਿਆ। ਇਸ ਪੇਸ਼ਕਾਰੀ ਵਿੱਚ ਸ਼ਾਮਿਲ ਇਨ੍ਹਾਂ 49 ਦੇ ਕਰੀਬ ਯੋਗਾ ਟ੍ਰੇਨਰਾਂ ਵੱਲੋਂ ਸੀ ਐਮ ਦੀ ਯੋਗਸ਼ਾਲਾ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਰੋਜ਼ਾਨਾ ਚਲ ਰਹੀਆਂ 282 ਯੋਗਸ਼ਲਾਵਾਂ ਵਿੱਚ ਲੋਕਾਂ ਨੂੰ ਰੋਜਾਨਾ ਯੋਗ ਅਭਿਆਸ ਵੀ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 10,000 ਦੇ ਲਗਭਗ ਭਾਗੀਦਾਰਾਂ ਵੱਲੋਂ ਰੋਜ਼ਾਨਾ ਹਿੱਸਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਰੋਈ ਸਿਹਤ ਪ੍ਰਦਾਨ ਕਰਨ ਦੇ ਮੰਤਵ ਨਾਲ ਸੀ ਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ 05 ਅਪ੍ਰੈਲ 2023 ਨੂੰ ਪਟਿਆਲਾ ਤੋਂ ਕੀਤੀ ਗਈ ਸੀ। ਪਹਿਲੇ ਪੜਾਅ ਵਿੱਚ ਯੋਗਾ ਪੰਜਾਬ ਦੇ 4 ਸ਼ਹਿਰਾਂ ਵਿੱਚ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਮੌਜੂਦਾ ਸਮੇਂ ਯੋਗ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੌਜੂਦਾ ਸਮੇਂ ਪੰਜਾਬ ਭਰ ਵਿੱਚ 3167 ਯੋਗਾ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ 573 ਮਾਹਿਰ ਯੋਗਾ ਟ੍ਰੇਨਰਾਂ ਦੀ ਅਗਵਾਈ ਚ ਲਗਭਗ 1 ਲੱਖ ਵਿਅਕਤੀ ਯੋਗ ਅਭਿਆਸ ਕਰ ਰਹੇ ਹਨ। ਯੋਗਾ ਕਲਾਸ ਲਈ ਘੱਟ ਤੋਂ ਘੱਟ 25 ਵਿਅਕਤੀਆਂ ਦਾ ਇੱਕ ਯੋਗ ਗਰੁੱਪ ਬਣਾਇਆ ਜਾਂਦਾ ਹੈ। ਇਸ ਗਰੁੱਪ ਨੂੰ ਉਨਾਂ ਦੇ ਘਰਾਂ ਦੇ ਨਜ਼ਦੀਕ ਯੋਗ ਕਲਾਸ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਫਰੀ ਯੋਗਾ ਟ੍ਰੇਨਰ ਮੁੱਹਈਆ ਕਰਵਾਇਆ ਜਾਂਦਾ ਹੈ। ਚਾਹਵਾਨ ਵਿਅਕਤੀ ਘੱਟੋ-ਘੱਟ 25 ਮੈਂਬਰਾਂ ਦਾ ਗਰੁੱਪ ਬਣਾ ਕੇ ਮੁੱਖ ਮੰਤਰੀ ਦੀ ਯੋਗਸ਼ਾਲਾ ਦੀ ਵੈਪ੍ਰਬ ਸਾਈਟ ਤੇ ਰਜਿਸਟਰ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਯੋਗਾ ਅਭਿਆਸ ਪੰਜਾਬ ਰਾਜ ਨੂੰ ਸਿਹਤਮੰਦ ਅਤੇ ਰੰਗਲਾ ਪੰਜਾਬ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਯੋਗਾ ਨੂੰ ਲਾਗੂ ਕਰਨ ਵਿੱਚ ਪੰਜਾਬ ਬਾਕੀ ਸਾਰੇ ਸੂਬਿਆਂ ਵਿੱਚ ਮੋਹਰੀ ਹੈ। ਯੋਗ ਅਭਿਆਸ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਿਸਟੀ, ਪੰਜਾਬ (ਹੁਸ਼ਿਆਰਪੁਰ) ਦੀ ਸਰਪ੍ਰਸਤੀ ਅਧੀਨ ਚਲਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…