Share on Facebook Share on Twitter Share on Google+ Share on Pinterest Share on Linkedin ਖੇਤੀਬਾੜੀ ਮੰਤਰੀ ਖੁੱਡੀਆਂ ਨੇ ਸਨੇਟਾ ਵਿੱਚ ਦਾਣਾ ਮੰਡੀ ਦੇ ਨਵੇਂ ਸਬ-ਯਾਰਡ ਦਾ ਨੀਂਹ ਪੱਥਰ ਰੱਖਿਆ ਢਾਈ ਕਰੋੜ ਦੀ ਲਾਗਤ ਨਾਲ 5 ਏਕੜ ਵਿੱਚ ਬਣੇਗੀ ਨਵੀਂ ਮੰਡੀ, ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗਾ ਲਾਭ ਭਗਵੰਤ ਮਾਨ ਸਰਕਾਰ ਕੇਂਦਰ ਦੀ ਨਵੀਂ ਮੰਡੀਕਰਨ ਨੀਤੀ ਨੂੰ ਪੰਜਾਬ ਵਿੱਚ ਲਾਗੂ ਨਹੀਂ ਕਰੇਗੀ: ਖੁੱਡੀਆਂ ਨਬਜ਼-ਏ-ਪੰਜਾਬ, ਮੁਹਾਲੀ, 17 ਜਨਵਰੀ: ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪਿੰਡ ਸਨੇਟਾ ਵਿਖੇ 5 ਏਕੜ ਰਕਬੇ ਵਿੱਚ ਬਣਨ ਵਾਲੀ ਨਵੀਂ ਦਾਣਾ ਮੰਡੀ ਦਾ ਨੀਂਹ ਪੱਥਰ ਰੱਖਿਆ। ਇਹ ਮੰਡੀ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ, ਜਿਸ ਨੂੰ 6 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਮੰਡੀ ਦੀ ਉਸਾਰੀ ਨੂੰ ਪ੍ਰਵਾਨਗੀ ਦੇ ਕੇ ਇਲਾਕੇ ਦੇ 20 ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਨੇਟਾ ਵਿੱਚ ਮੰਡੀ ਦਾ ਫੜ੍ਹ ਨਾ ਹੋਣ ਕਾਰਨ ਸੜਕਾਂ ਦੇ ਕਿਨਾਰੇ ਫ਼ਸਲ ਵੇਚਣ ਲਈ ਢੇਰੀ ਕੀਤੀ ਜਾਂਦੀ ਸੀ। ਜਦੋਂ ਵਿਧਾਇਕ ਕੁਲਵੰਤ ਸਿੰਘ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਤੁਰੰਤ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਨੇਟਾ ਵਿੱਚ ਮੰਡੀ ਬਣਾਉਣ ਵਿੱਚ ਆ ਰਹੀਆਂ ਸਾਰੀਆਂ ਦਿੱਕਤਾਂ ਦੂਰ ਕੀਤਾ ਜਾਵੇ। ਖੇਤੀਬਾੜੀ ਮੰਤਰੀ ਨੇ ਸਾਲ 2011 ਵਿੱਚ ਸਨੇਟਾ ਪੰਚਾਇਤ ਵੱਲੋਂ ਜ਼ਮੀਨ ਕਲੈਕਟਰ ਰੇਟ ’ਤੇ ਦੇਣ ਲਈ ਦਿਖਾਈ ਫ਼ਰਾਖ਼-ਦਿਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਮੰਡੀ ਵਿੱਚ ਤਿੰਨ ਆਕਸ਼ਨ ਪਲੇਟਫਾਰਮ (ਬੋਲੀ ਲਾਉਣ ਵਾਲੇ ਉੱਚੇ ਸਥਾਨ), ਇੱਕ ਵੱਡਾ ਸ਼ੈੱਡ, 71 ਦੁਕਾਨਾਂ ਤੇ ਬੂਥ, ਪਾਣੀ ਦੀ ਟੈਂਕੀ ਅਤੇ ਡਿਸਪੋਜ਼ਲ ਤਿਆਰ ਕੀਤੇ ਜਾਣਗੇ। ਪਹਿਲਾਂ ਮੰਡੀ ਲਈ 60000 ਕੁਇੰਟਲ ਝੋਨਾ ਅਤੇ 33000 ਕੁਇੰਟਲ ਕਣਕ ਦੀ ਆਮਦ ਦਰਜ ਕੀਤੀ ਜਾਂਦੀ ਸੀ ਪਰ ਹੁਣ ਨਵੀਂ ਮੰਡੀ ਦੇ ਬਣਨ ਨਾਲ ਹੋਰ ਵਧੇਰੇ ਜਿਨਸ ਦੀ ਆਮਦ ਲਈ ਥਾਂ ਬਣੇਗੀ। ਮੰਡੀ ਸ਼ਹਿਰੀ ਇਲਾਕੇ ਨੂੰ ਸੀਜ਼ਨ ਦੇ ਦਿਨਾਂ ਵਿੱਚ ਟਰੈਫ਼ਿਕ ਸਮੱਸਿਆ ਤੋਂ ਵੀ ਵੱਡੀ ਰਾਹਤ ਦੇਵੇਗੀ। ‘ਆਪ’ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਵਿਧਾਇਕ ਕੁਲਵੰਤ ਸਿੰਘ ਦੀ ਤਰਫ਼ੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਸਨੇਟਾ ਵਿੱਚ ਨਵੀਂ ਮੰਡੀ ਦੀ ਉਸਾਰੀ ਦੀ ਸ਼ੁਰੂਆਤ ਕਰਕੇ ਇਲਾਕੇ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਸਨੇਟਾ ਹਸਪਤਾਲ ਦੀ ਨਵੀਂ ਬਣੀ ਇਮਾਰਤ ਦੀ ਮੰਗ ਵੀ ਰੱਖੀ, ਜਿਸ ਨੂੰ ਖੇਤੀਬਾੜੀ ਮੰਤਰੀ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਕੋਲ ਪਹੁੰਚਾਉਣ ਦਾ ਭਰੋਸਾ ਦਿੱਤਾ ਅਤੇ ਖ਼ੁਦ ਪੀਐੱਚਸੀ ਦੀ ਇਮਾਰਤ ਦਾ ਜਾਇਜ਼ਾ ਲਿਆ। ‘ਆਪ’ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਵੱਲੋਂ ਕੇਂਦਰ ਵੱਲੋਂ ਸੁਝਾਏ ਖੇਤੀ ਮੰਡੀਕਰਨ ਦੇ ਨਵੇਂ ਖਰੜੇ ਨੂੰ ਪੰਜਾਬ ਵੱਲੋਂ ਲਾਗੂ ਕਰਨ ਤੋਂ ਇਨਕਾਰ ਕਰਨ ਦੇ ਭਗਵੰਤ ਮਾਨ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਚੰਗੇ ਬੀਜਾਂ, ਮਿਆਰੀ ਖਾਦਾਂ ਦੀ ਉਪਲਬਧਤਾ ਨੂੰ ਇਮਾਨਦਾਰੀ ਨਾਲ ਯਕੀਨੀ ਬਣਾ ਰਹੇ ਹਾਂ। ਕੇਂਦਰ ਦੀ ਨਵੀਂ ਮੰਡੀਕਰਨ ਨੀਤੀ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਲੰਮੇ ਸਮੇਂ ਤੱਕ ਬਾਜ਼ਾਰ ਵਿੱਚ ਅਨਾਜ ਦੇ ਭਾਅ ਵਧਣ ਤੱਕ ਫ਼ਸਲ ਘਰ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 1800 ਤੋਂ ਵੱਧ ਮੰਡੀਆਂ/ਖ਼ਰੀਦ ਕੇਂਦਰ ਹਨ, ਜੋ ਇਸ ਨਵੀਂ ਪ੍ਰਣਾਲੀ ਨਾਲ ਨਹੀਂ ਚੱਲ ਸਕਦੇ, ਇਸ ਲਈ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਨਵੀਂ ਮੰਡੀਕਰਨ ਨੀਤੀ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਨਾਲ ਟਕਰਾਅ ਵਿੱਚ ਨਾ ਪੈ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਭੁੱਖ ਹੜਤਾਲ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ, ਏਡੀਸੀ (ਡੀ) ਸ੍ਰੀਮਤੀ ਸੋਨਮ ਚੌਧਰੀ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੀਪਾਂਕਰ ਗਰਗ, ਆਪ ਪੰਜਾਬ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਮੰਡੀ ਬੋਰਡ ਦੇ ਇੰਜੀਨੀਅਰ ਇਨ ਚੀਫ਼ ਜਤਿੰਦਰ ਸਿੰਘ ਭੰਗੂ ਮੁੱਖ ਇੰਜੀਨੀਅਰ ਮੰਡੀ ਬੋਰਡ ਗੁਰਿੰਦਰ ਸਿੰਘ ਚੀਮਾ, ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ, ਜੀਐਮ ਮੰਡੀ ਬੋਰਡ ਮਨਜੀਤ ਸਿੰਘ ਸੰਧੂ, ਜ਼ਿਲ੍ਹਾ ਮੰਡੀ ਅਫ਼ਸਰ ਗਗਨਦੀਪ ਸਿੰਘ, ਖੇਤੀਬਾੜੀ ਮੰਤਰੀ ਦੇ ਪੀਏ ਸੁਰਿੰਦਰ ਸਿੰਘ ਅਤੇ ਸਰਪੰਚ ਗੁਰਦੇਵ ਸਿੰਘ, ਸਾਬਕਾ ਸਰਪੰਚ ਭਗਤ ਰਾਮ ਤੇ ਸੰਜੀਵ ਕੁਮਾਰ ਅਤੇ ਸਮੂਹ ਪੰਚਾਇਤ ਸਨੇਟਾ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ