ਪੱਕਾ ਮੋਰਚਾ: ਵੱਖ-ਵੱਖ ਜਥੇਬੰਦੀਆਂ ਵੱਲੋਂ ਐੱਸਐੱਸਪੀ ਦਫ਼ਤਰ ਦਾ ਘਿਰਾਓ

ਨਬਜ਼-ਏ-ਪੰਜਾਬ, ਮੁਹਾਲੀ, 20 ਅਗਸਤ:
ਜਾਅਲੀ ਅਨੁਸੂਚਿਤ ਜਾਤੀ ਅਤੇ ਜਨਜਾਤੀ ਸਰਟੀਫਿਕੇਟ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਥੋਂ ਦੇ ਫੇਜ਼-7 ਸਥਿਤ ਲਾਲ ਬੱਤੀ ਚੌਕ ਨੇੜੇ ਐਸਸੀ\ਬੀਸੀ ਮਹਾ ਪੰਚਾਇਤ ਵੱਲੋਂ ਲਗਾਇਆ ਪੱਕਾ ਮੋਰਚਾ ਜਾਰੀ ਹੈ। ਦਲਿਤ ਸੰਗਠਨਾਂ ਦੇ ਨੁਮਾਇੰਦੇ ਪਿਛਲੇ 9 ਮਹੀਨੇ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ। ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ ਨੇ ਵੀ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
ਉਧਰ, ਅੱਜ ਵੱਖ-ਵੱਖ ਸਮਾਜਿਕ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੁਲੀਸ ਵਧੀਕੀਆਂ ਅਤੇ ਝੂਠੇ ਪਰਚਿਆਂ ਵਿਰੁੱਧ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਅਤੇ ਬਸਪਾ ਆਗੂ ਰਜਿੰਦਰ ਸਿੰਘ ਨਨਹੇੜੀਆਂ ਦੀ ਅਗਵਾਈ ਹੇਠ ਪੀੜਤ ਪਰਿਵਾਰ ਕਾਲੇ ਚੋਗੇ ਪਾ ਕੇ ਪੱਕੇ ਮੋਰਚੇ ਤੋਂ ਰੋਸ ਮਾਰਚ ਕਰਦੇ ਹੋਏ ਐੱਸਐੱਸਪੀ ਦਫ਼ਤਰ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ। ਉਧਰ, ਐਸਪੀ ਹਰਬੀਰ ਸਿੰਘ ਅਟਵਾਲ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ।
ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਗਰੀਬ ਵਰਗ ਦੇ ਲੋਕ ਲੰਮੇ ਸਮੇਂ ਤੋਂ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ ਪ੍ਰੰਤੂ ਪੁਲੀਸ ਨੇ ਉਨ੍ਹਾਂ ਸਮੇਤ ਉਨ੍ਹਾਂ ਦੀ ਪਤਨੀ ਬੀਬੀ ਗੁਰਨਾਮ ਕੌਰ ਦੀ ਆਵਾਜ਼ ਬੰਦ ਕਰਨ ਲਈ ਖ਼ਿਲਾਫ਼ ਝੂਠਾ ਕੇਸ ਦਰਜ ਕਰ ਦਿੱਤਾ। ਉਨ੍ਹਾਂ ਦਾ ਕਸੂਰ ਸਿਰਫ਼ ਐਨਾ ਹੀ ਸੀ ਕਿ ਉਨ੍ਹਾਂ ਨੇ ਚੌਕ ਵਿਚਕਾਰ ਪ੍ਰਦਰਸ਼ਨ ਕਰਕੇ ਹੁਕਮਰਾਨਾਂ ਨੂੰ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਪਰਿਵਾਰ ਪਿਛਲੇ 5 ਮਹੀਨਿਆਂ ਤੋਂ ਝੂਠਾ ਪਰਚਾ ਰੱਦ ਕਰਵਾਉਣ ਲਈ ਖੱਜਲ ਹੋ ਰਿਹਾ ਹੈ ਪ੍ਰੰਤੂ ਅਧਿਕਾਰੀ ਝੂਠੇ ਠਾਰੇ ਲਗਾ ਕੇ ਡੰਗ ਟਪਾਉਂਦੇ ਆ ਰਹੇ ਹਨ।

ਬਸਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਅਤੇ ਪਿਛਲੇ ਢਾਈ ਸਾਲਾਂ ਤੋਂ ਦਲਿਤਾਂ ਉੱਤੇ ਮਿੱਥ ਕੇ ਅੱਤਿਆਚਾਰ ਹੋ ਰਹੇ ਹਨ। ਜਿਸ ਕਾਰਨ ਪੀੜਤ ਪਰਿਵਾਰਾਂ ਨੂੰ ਅੱਜ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ।
ਇਸ ਮੌਕੇ ਬਨਵਾਰੀ ਲਾਲ, ਸਾਬਕਾ ਸਬ ਇੰਸਪੈਕਟਰ ਰਣਜੀਤ ਸਿੰਘ ਖੰਨਾ, ਦਿਲਬਰ ਖਾਨ, ਦਿਲਬਾਗ ਟਾਂਕ, ਹਰਨੇਕ ਸਿੰਘ ਮਲੋਆ, ਗੁਰਮੀਤ ਸਿੰਘ ਮੱਕੜਿਆਂ, ਪਰਮਿੰਦਰ ਸਿੰਘ ਮਲੋਆ, ਨਛੱਤਰ ਸਿੰਘ ਕਾਜਲ, ਕੇਵਲ ਸਿੰਘ, ਅਜੈਬ ਸਿੰਘ, ਪਾਲ ਸਿੰਘ, ਹਰਚੰਦ ਸਿੰਘ ਜਖਵਾਲੀ, ਸਾਹਿਬ ਕੌਰ, ਭਿੰਡਰ ਸਿੰਘ ਸ਼ੇਖੂਪੁਰਾ, ਹਜ਼ਾਰਾ ਸਿੰਘ ਸਾਬਕਾ ਸਰਪੰਚ ਮਕਾਰੋਪੁਰ, ਪੰਕਜ ਚੌਧਰੀ, ਤਰਸੇਮ ਖਾਨ, ਰੋਸ਼ਨ ਕੁਮਾਰ, ਅਜੀਤ ਸਿੰਘ, ਇਕਬਾਲ ਸਿੰਘ, ਕਮਲਪ੍ਰੀਤ ਸਿੰਘ, ਪਰਮਜੀਤ ਕੌਰ, ਸੁਰਜੀਤ ਸਿੰਘ ਰਾਣੀ ਮਾਜਰਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…