ਸੀਜੀਜੀ ਝੰਜੇੜੀ: ਕੈਂਪ ਵਿੱਚ 207 ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਕੀਤਾ ਖੂਨਦਾਨ
ਵਿਦਿਆਰਥੀਆਂ ਤੇ ਸਟਾਫ਼ ਨੇ ਉਤਸ਼ਾਹ ਨਾਲ ਦਿੱਤਾ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ
ਨਬਜ਼-ਏ-ਪੰਜਾਬ, ਮੁਹਾਲੀ, 19 ਅਗਸਤ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਦੇ ਐਲਾਈਡ ਹੈਲਥ ਸਾਇੰਸ ਵਿਭਾਗ ਵੱਲੋਂ ਨਿਆ ਸਵੇਰਾ ਫਾਉਂਡੇਸ਼ਨ ਦੇ ਸਹਿਯੋਗ ਨਾਲ ਮਨੁੱਖੀ ਜਿੰਦੜੀ ਦੀ ਸੇਵਾ ਵਿੱਚ ਇਕ ਹੋਰ ਉਪਰਾਲਾ ਕਰਦੇ ਹੋਏ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਝੰਜੇੜੀ ਕਾਲਜ ਦੇ ਐਨਸੀਸੀ ਯੂਨਿਟ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਮਾਨਵਤਾ ਦੀ ਸੇਵਾ ਵਿੱਚ 207 ਯੂਨਿਟ ਖੂਨਦਾਨ ਕੀਤਾ। ਕੈਂਪ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਖੂਨਦਾਨ ਕਰਨ ਦਾ ਉਤਸ਼ਾਹ ਉਨ੍ਹਾਂ ਦੀ ਲੰਮੀ ਲਾਈਨ ਤੋਂ ਨਜ਼ਰ ਆਇਆ। ਮੈਨੇਜਮੈਂਟ ਨੇ ਸਟਾਫ਼ ਅਤੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੀਜੀਸੀ ਗਰੁੰਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਖੂਨਦਾਨੀ ਵਿਦਿਆਰਥੀਆਂ ਅਤੇ ਸਟਾਫ਼ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ, ਜੋ ਅਨਮੋਲ ਜ਼ਿੰਦਗੀ ਬਚਾਉਂਦਾ ਹੈ। ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਹੋਰਨਾਂ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਖੂਨਦਾਨ ਕਰਨ ਤੋਂ ਵੱਡਾ ਹੋਰ ਕੋਈ ਪਵਿੱਤਰ ਕੰਮ ਨਹੀਂ ਹੈ।
ਸੀਜੀਸੀ ਝੰਜੇੜੀ ਦੇ ਐਮਡੀ ਅਰਸ਼ ਧਾਲੀਵਾਲ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਦਾ ਇੱਕ ਹੋਰ ਉਦੇਸ਼ ਵਿਦਿਆਰਥੀਆਂ ਨੂੰ ਮਾਨਤਾ ਦੀ ਸੇਵਾ ਲਈ ਉਤਸ਼ਾਹਿਤ ਕਰਨਾ ਵੀ ਹੈ ਤਾਂ ਜੋ ਉਹ ਭਵਿੱਖ ਵਿੱਚ ਖ਼ੁਦ ਖੂਨਦਾਨ ਕਰਨ ਸਮੇਤ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਖੂਨਦਾਨ ਕਰਨ ਲਈ ਲਾਮਬੰਦ ਕਰਨ।