ਸੁਪਨਿਆਂ ਦੇ ਘਰ ਲਈ ਜਮ੍ਹਾ-ਪੂੰਜੀ ਖ਼ਰਚਣ ਦੇ ਬਾਵਜੂਦ ਨਰਕ ਭੋਗਣ ਲਈ ਮਜਬੂਰ ਐਰੋਸਿਟੀ ਦੇ ਬਾਸ਼ਿੰਦੇ

ਵੀਆਈਪੀ ਸਿਟੀ ਦੇ ਐਰੋਸਿਟੀ ਬਲਾਕ ਵਿੱਚ ਨਾ ਬਿਜਲੀ ਨਾ ਪਾਣੀ, ਲੋਕ ਹਾਲੋ ਬੇਹਾਲ

ਏਅਰਪੋਰਟ ਸੜਕ ’ਤੇ ਲੜੀਵਾਰ ਧਰਨਾ ਸ਼ੁਰੂ ਕਰਨ ਲਈ ਅੱਜ ਐੱਸਐੱਸਪੀ ਨੂੰ ਮਿਲੇਗਾ ਵਫ਼ਦ

ਨਬਜ਼-ਏ-ਪੰਜਾਬ, ਮੁਹਾਲੀ, 12 ਅਗਸਤ:
ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੁਹਾਲੀ ਦੇ ਆਸਪਾਸ ਆਪਣੇ ਸੁਪਨਿਆਂ ਦੇ ਘਰ ਲਈ ਉਮਰ-ਭਰ ਦੀ ਜਮ੍ਹਾ-ਪੂੰਜੀ ਖ਼ਰਚ ਕਰਨ ਦੇ ਬਾਵਜੂਦ ਐਰੋਸਿਟੀ ਦੇ ਬਾਸ਼ਿੰਦੇ ਨਰਕ ਭੋਗਣ ਲਈ ਮਜਬੂਰ ਹਨ। ਐਰੋਸਿਟੀ ਬਲਾਕਾਂ ਵਿੱਚ ਰਹਿੰਦੇ ਲੋਕਾਂ ਨੂੰ ਲੋਨ ਅਨੁਸਾਰ ਨਾ ਬਿਜਲੀ ਅਤੇ ਨਾ ਪਾਣੀ ਦੀ ਸਹੂਲਤ ਮਿਲ ਰਹੀ ਹੈ। ਜਿਸ ਕਾਰਨ ਪੀੜਤ ਲੋਕ ਹੁਣ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਸੜਕਾਂ ’ਤੇ ਆਉਣ ਲਈ ਮਜਬੂਰ ਹੋ ਰਹੇ ਹਨ।
ਐਰੋਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਰਐਲ ਗਰੋਵਰ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਐਨਕੇ ਲੂਨਾ, ਲਖਵਿੰਦਰ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਸਨਿੱਚਰਵਾਰ ਅਤੇ ਐਤਵਾਰ ਨੂੰ 24 ਘੰਟੇ ਬਿਜਲੀ ਗੁੱਲ ਰਹੀ। ਬੱਤੀ ਗੁੱਲ ਹੋਣ ਦੇ ਨਾਲ-ਨਾਲ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਅਕਸਰ ਪ੍ਰਭਾਵਿਤ ਰਹਿੰਦੀ ਹੈ। ਇਸ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਵੀ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੰਗ ਆ ਕੇ ਲੋਕ ਲੜੀਵਾਰ ਧਰਨਾ ਸ਼ੁਰੂ ਕਰਨ ਜਾ ਰਹੇ ਹਨ। ਇਸ ਸਬੰਧੀ ਭਲਕੇ 13 ਅਗਸਤ ਨੂੰ ਐਰੋਸਿਟੀ ਦੇ ਵਸਨੀਕਾਂ ਦਾ ਵਫ਼ਦ ਐੱਸਐੱਸਪੀ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਏਅਰਪੋਰਟ ਸੜਕ ਜਾਮ ਕਰਨ ਲਈ ਅਗਾਊਂ ਪ੍ਰਵਾਨਗੀ ਮੰਗੀ ਜਾਵੇਗੀ।
ਆਰਐਲ ਗਰੋਵਰ ਨੇ ਦੱਸਿਆ ਕਿ ਐਰੋਸਿਟੀ ਦੇ ਵੱਖ-ਵੱਖ ਬਲਾਕਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਹ ਸੋਚ ਕੇ ਆਪਣੇ ਸੁਪਨਿਆਂ ਦੇ ਘਰ ਬਣਾਏ ਸਨ ਕਿ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਹੋਣ ਕਰਕੇ ਇੱਥੇ ਲੋਕਾਂ ਨੂੰ ਉਹ ਸਾਰੀਆਂ ਬੁਨਿਆਦੀ ਸਹੂਲਤਾਂ ਮਿਲਣਗੀਆਂ, ਜੋ ਆਮ ਵਿਅਕਤੀ ਨੂੰ ਚਾਹੀਦੀਆਂ ਹੁੰਦੀਆਂ ਹਨ ਪ੍ਰੰਤੂ ਸਾਰਾ ਕੁੱਝ ਇਸ ਦੇ ਉਲਟ ਹੋਇਆ। ਉਨ੍ਹਾਂ ਕਿਹਾ ਕਿ ਐਰੋਸਿਟੀ ਵਿੱਚ ਬੱਤੀ ਗੁੱਲ ਹੁੰਦੀ ਹੈ ਪ੍ਰੰਤੂ ਨੇੜਲੇ ਪਿੰਡਾਂ ਵਿੱਚ ਬਿਜਲੀ ਚਾਲੂ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਐਰੋਸਿਟੀ ਵਿੱਚ ਅੰਡਰਗਰਾਉਂਡ ਬਿਜਲੀ ਦੀਆਂ ਤਾਰਾਂ ਪਾਈਆਂ ਸਨ ਲੇਕਿਨ ਬਰਸਾਤ ਦਾ ਪਾਣੀ ਇਕੱਠਾ ਹੋਣ ਕਾਰਨ ਅਕਸਰ ਸ਼ਾਟ ਸਰਕਟ ਹੋ ਜਾਂਦਾ ਹੈ। ਜਿਸ ਕਾਰਨ ਤੁਰੰਤ ਬੱਤੀ ਗੁੱਲ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਜਲਦੀ ਠੀਕ ਵੀ ਨਹੀਂ ਹੁੰਦੀ।
ਗਰੋਵਰ ਨੇ ਪਾਵਰਕੌਮ ਸਟਾਫ਼ ਦੇ ਹਵਾਲੇ ਨਾਲ ਦੱਸਿਆ ਕਿ ਬਿਜਲੀ ਵਿਭਾਗ ਕੋਲ ਬਹੁਤ ਪੁਰਾਣਾ ਸਟਾਫ਼ ਹੈ, ਜੋ ਨਵੀਆਂ ਤਕਨੀਕਾਂ ਤੋਂ ਅਣਜਾਣ ਹੈ, ਮੌਜੂਦਾ ਸਟਾਫ਼ ’ਚੋਂ ਜ਼ਿਆਦਾਤਰ ਕਰਮਚਾਰੀ ਰਿਟਾਇਰਮੈਂਟ ਦੇ ਨੇੜੇ ਢੱੁਕੇ ਹੋਏ ਹਨ। ਪੀੜਤ ਲੋਕਾਂ ਨੇ ਦੱਸਿਆ ਕਿ ਇੱਥੇ ਸੀਵਰੇਜ ਦੀ ਵੱਡੀ ਸਮੱਸਿਆ ਹੈ। ਹਾਲਾਂਕਿ ਸੀਵਰੇਜ ਟਰੀਟਮੈਂਟ ਪਲਾਂਟ ਤਾਂ ਹੈ ਪਰ ਹਾਲੇ ਤੱਕ ਚਾਲੂ ਨਹੀਂ ਕੀਤਾ ਗਿਆ। ਜਿਸ ਕਾਰਨ ਕਈ ਵਾਰ ਸੀਵਰੇਜ ਦਾ ਗੰਦਾ ਪਾਣੀ ਬੈਕ ਮਾਰਦਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…