ਮੀਂਹ ਦੇ ਪਾਣੀ ਨੇ ਖੋਲ੍ਹੀ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ, ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ, ਮੁਹਾਲੀ, 30 ਜੁਲਾਈ:
ਬਾਰਸ਼ ਹੋਣ ਨਾਲ ਭਾਵੇਂ ਅਤਿ ਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਸ਼ਹਿਰ ਵਿੱਚ ਕਈ ਥਾਵਾਂ ’ਤੇ ਜਮ੍ਹਾ ਹੋਏ ਮੀਂਹ ਦੇ ਪਾਣੀ ਨੇ ਮੁਹਾਲੀ ਪ੍ਰਸ਼ਾਸਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇੱਥੋਂ ਦੇ ਸੈਕਟਰ-70 ਅਤੇ ਸੈਕਟਰ-71 ਨੂੰ ਵੰਡਦੀ ‘ਬੀ’ ਸੜਕ ਅਤੇ ਅੰਦਰਲੀ ਸੜਕ ਤਲਾਬ ਬਣੀ ਹੋਈ ਸੀ। ਮਟੌਰ ਟੀ-ਪੁਆਇੰਟ ਤੋਂ ਇਨ੍ਹਾਂ ਸੈਕਟਰਾਂ ਨੂੰ ਜਾਣ ਵਾਲੀ ਸੜਕ ’ਤੇ ਗੋਡੇ ਗੋਡੇ ਪਾਣੀ ਖੜਾ ਹੋਣ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟੀਡੀਆਈ ਅਤੇ ਗੇਟਵੇਅ ਸਿਟੀ ਤੋਂ ਏਅਰਪੋਰਟ ਰੋਡ ਉੱਤੇ ਵੀ ਕਾਫ਼ੀ ਥਾਵਾਂ ’ਤੇ ਮੀਂਹ ਦਾ ਪਾਣੀ ਜਮ੍ਹਾ ਹੋਇਆ ਦੇਖਿਆ ਗਿਆ। ਇੰਜ ਹੀ ਬਲੌਂਗੀ ਤੋਂ ਮੁਹਾਲੀ ਜਾਣ ਵਾਲੀ ਸੜਕ ’ਤੇ ਗਊਸ਼ਾਲਾ ਦੇ ਬਾਹਰ ਪੁਲ ਉੱਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਰਾਹਗੀਰਾਂ ਨੂੰ ਕਿੱਚੜ ’ਚੋਂ ਲੰਘਣਾ ਪਿਆ।
ਸੀਨੀਅਰ ਯੂਥ ਆਗੂ ਰਾਜਾ ਕੰਵਰਜੋਤ ਸਿੰਘ ਨੇ ਦੱਸਿਆ ਕਿ ਫੇਜ਼-4 ਤੋਂ ਰਿਹਾਇਸ਼ੀ ਖੇਤਰ ਫੇਜ਼-2 ਨੂੰ ਜਾਣ ਵਾਲੀ ਸੜਕ ’ਤੇ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਸਥਾਨਕ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਪਿਆ। ਉਨ੍ਹਾਂ ਕਿਹਾ ਕਿ ਅੱਜ ਦੇ ਹਾਲਾਤ ਦੇਖ ਕੇ ਇੰਜ ਜਾਪਿਆ ਕਿ ਪ੍ਰਸ਼ਾਸਨ ਵੱਲੋਂ ਜਲ ਨਿਕਾਸੀ ਪ੍ਰਬੰਧਾਂ ਲਈ ਮਹਿਜ਼ ਖਾਨਾਪੂਰਤੀ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਮਿੰਨੀ ਰਾਜਧਾਨੀ ਦਾ ਇਹ ਹਾਲ ਹੈ ਤਾਂ ਹੋਰਨਾਂ ਸ਼ਹਿਰਾਂ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਅਤੇ ਸਟਾਫ਼ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
ਇੱਥੋਂ ਦੇ ਫੇਜ਼-4 ਅਤੇ ਫੇਜ਼-5 ਵਿੱਚ ਜਲ ਨਿਕਾਸੀ ਦਾ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੜਕਾਂ ’ਤੇ ਜਮ੍ਹਾ ਹੋ ਗਿਆ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਸੁਖਦੀਪ ਸਿੰਘ ਨਿਆਂ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੇ ਵਸਨੀਕ ਸ਼ੁਰੂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਰੋਡ ਗਲੀਆਂ ਬੰਦ ਪਈਆਂ ਹਨ ਅਤੇ ਨਗਰ ਨਿਗਮ ਨੇ ਇਨ੍ਹਾਂ ਦੀ ਸਫ਼ਾਈ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਉਂਜ ਅੱਜ ਪੰਪ ਦੀ ਮਦਦ ਨਾਲ ਮੀਂਹ ਦੇ ਪਾਣੀ ਨਿਕਾਸੀ ਕੀਤੀ ਗਈ।
ਨੌਜਵਾਨ ਆਗੂ ਆਸ਼ੂ ਵੈਦ ਨੇ ਦੱਸਿਆ ਕਿ ਜਲ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਪਿੰਡ ਮਟੌਰ ਅਤੇ ਸੈਕਟਰ-70 ਅਤੇ ਸੈਕਟਰ-71 ਦੇ ਵਸਨੀਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੌਂਸਲਰਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਯਤਨ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੰਭੜਾ ਚੌਂਕ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। ਰੋਡ ਗਲੀਆਂ ਅਤੇ ਨਿਕਾਸੀ ਲਾਂਘੇ ਬੰਦ ਹੋਣ ਕਾਰਨ ਅੱਜ ਮਹਿਜ਼ ਇੱਕ ਕੁ ਘੰਟੇ ਦੀ ਬਾਰਸ਼ ਨੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜੇਕਰ ਇੱਕ ਘੰਟਾ ਜਾਂ ਵੱਧ ਸਮਾਂ ਲਗਾਤਾਰ ਹੋਰ ਬਾਰਸ਼ ਹੋ ਜਾਂਦੀ ਤਾਂ ਸ਼ਹਿਰ ਦੇ ਹਾਲਾਤ ਬਦਤਰ ਹੋ ਜਾਣੇ ਸੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…