ਐਸਟੀਐਫ਼ ਵੱਲੋਂ 1 ਕਿੱਲੋ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

ਸਿਪਾਹੀ ਦੀ ਪੁੱਛਗਿੱਛ ਮਗਰੋਂ ਹੁਣ ਤੱਕ 11 ਮੁਲਜ਼ਮ ਕਾਬੂ, 1.940 ਕਿੱਲੋ ਗਰਾਮ ਹੈਰੋਇਨ ਬਰਾਮਦ

ਨਬਜ਼-ਏ-ਪੰਜਾਬ, ਮੁਹਾਲੀ, 29 ਜੁਲਾਈ:
ਐਸਟੀਐਫ਼ ਮੁਹਾਲੀ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਐਸਟੀਐਫ਼ ਦੇ ਐਸਪੀ ਆਕਾਸ਼ਦੀਪ ਸਿੰਘ ਅੌਲਖ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਹਿਤ ਕੁਮਾਰ ਅਤੇ ਬੱਬਲੂ ਵਾਸੀ ਬਸੀਰਪੁਰਾ (ਜਲੰਧਰ) ਦਿੱਲੀ ਤੋਂ ਸਸਤੇ ਭਾਅ ’ਤੇ ਹੈਰੋਇਨ ਲਿਆ ਕੇ ਮੁਹਾਲੀ, ਚੰਡੀਗੜ੍ਹ ਅਤੇ ਆਸਪਾਸ ਇਲਾਕਿਆਂ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਮਹਿੰਗੇ ਭਾਅ ਵਿੱਚ ਸਪਲਾਈ ਕਰਦੇ ਹਨ। ਸੂਚਨਾ ਦੇ ਆਧਾਰ ’ਤੇ ਐਸਟੀਐਫ਼ ਥਾਣਾ ਮੁਹਾਲੀ ਦੇ ਐਸਐਚਓ ਰਾਮ ਦਰਸ਼ਨ ਦੀ ਅਗਵਾਈ ਵਾਲੀ ਟੀਮ ਨੇ ਐਮਾਰ ਸਿਟੀ ਸੈਕਟਰ-105 ਨੇੜਿਓਂ ਮੋਹਿਤ ਅਤੇ ਬੱਬਲੂ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ।
ਐਸਪੀ ਅੌਲਖ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸੋਨੀਪਤ ਦੇ ਕਿਸੇ ਵਿਅਕਤੀ ਤੋਂ ਚਿੱਟਾ ਲਿਆਏ ਸਨ, ਜਿਸ ਦੇ ਨਾਮ ਪਤੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਹੈਰੋਇਨ ਸਪਲਾਈ ਲੈਣ ਲਈ ਮੋਹਿਤ ਕੁਮਾਰ ਦੇ ਭਰਾ ਦੀਪਕ ਵਾਸੀ ਜਲੰਧਰ ਨੇ ਦੋਵਾਂ ਨੂੰ ਭੇਜਿਆ ਸੀ। ਦੀਪਕ ’ਤੇ ਪਹਿਲਾ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ ਅਤੇ ਉਹ ਘਰੋਂ ਫ਼ਰਾਰ ਦੱਸਿਆ ਗਿਆ ਹੈ। ਜਿਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਰਾਮ ਦਰਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਐਸਪੀ ਆਕਾਸ਼ਦੀਪ ਸਿੰਘ ਅੌਲਖ ਨੇ ਦੱਸਿਆ ਕਿ ਐਸਟੀਐਫ਼ ਵੱਲੋਂ ਬੀਤੀ 17 ਜੁਲਾਈ ਨੂੰ ਪੰਜਾਬ ਪੁਲੀਸ ਦੇ ਸਿਪਾਹੀ ਗੁਰਮੀਤ ਸਿੰਘ ਅਤੇ ਉਸ ਦੀ ਸਹਿਯੋਗੀ ਅੌਰਤ ਨਵਦੀਪ ਕੌਰ ਨੂੰ 440 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਜਿਨ੍ਹਾਂ ਦੀ ਪੁੱਛਗਿੱਛ ਮਗਰੋਂ ਗਗਨਦੀਪ ਉਰਫ਼ ਗਗਨ ਅਤੇ ਸੰਦੀਪ ਉਰਫ਼ ਟੀਟਾ (ਦੋਵੇਂ ਵਾਸੀ ਫਗਵਾੜਾ) ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਕਾਬੂ ਕੀਤਾ ਸੀ। ਗਗਨਦੀਪ ਕੋਲੋਂ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੇਲ੍ਹ ਵਿੱਚ ਬੰਦ ਗੁਰਵਿੰਦਰ ਸਿੰਘ ਉਰਫ਼ ਸ਼ੈਲੀ, ਰਣਦੀਪ ਕੌਰ, ਸੋਹਨ ਲਾਲ ਉਰਫ਼ ਕਾਲਾ, ਰਜਨੀਸ਼ ਉਰਫ਼ ਪ੍ਰੀਤ ਵੀ ਇਨ੍ਹਾਂ ਨਾਲ ਮਿਲੇ ਹੋਏ ਹਨ। ਇਨ੍ਹਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ।
ਐਸਪੀ ਅੌਲਖ ਨੇ ਦੱਸਿਆ ਕਿ ਨਵਦੀਪ ਕੌਰ ਅਤੇ ਸਿਪਾਹੀ ਗੁਰਮੀਤ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਗਗਨਦੀਪ ਤੋਂ ਉਹ ਅੱਧਾ ਕਿੱਲੋ ਹੈਰਇਨ ਲੈ ਕੇ ਆਏ ਸਨ, ਜਿਸ ’ਚੋਂ 30 ਗਰਾਮ ਹੈਰੋਇਨ ਉਨ੍ਹਾਂ ਨੇ ਗੁਲਸ਼ਨ ਕੌਰ ਅਤੇ ਲਵਪ੍ਰੀਤ ਸਿੰਘ ਉਰਫ਼ ਲਵਲੀ ਵਾਸੀ ਜਲੰਧਰ ਨੂੰ ਵੇਚ ਦਿੱਤੀ ਸੀ। ਪੁਲੀਸ ਨੇ ਇਨ੍ਹਾਂ ਦੋਵਾਂ ਨੂੰ ਵੀ ਪਰਚੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 11 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ 1 ਕਿੱਲੋ 940 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਮਾਮਲੇ ਵਿੱਚ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…