Share on Facebook Share on Twitter Share on Google+ Share on Pinterest Share on Linkedin ਹਥਿਆਰਾਂ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਅਗਨੀਵੀਰ ਸਣੇ 3 ਕਾਬੂ ਦੇਸ਼ ਸੇਵਾ ਛੱਡ ਕੇ ਸਾਥੀਆਂ ਨਾਲ ਮਿਲਕੇ ਲੁੱਟਾਂ-ਖੋਹਾਂ ਕਰਨ ਦੇ ਰਾਹ ਪਿਆ ਭਗੌੜਾ ਅਗਨੀਵੀਰ ਮੁਲਜ਼ਮਾਂ ਕੋਲੋਂ ਚੋਰੀ ਤੇ ਖੋਹ ਕੀਤੇ ਵਾਹਨ ਅਤੇ ਨਾਜਾਇਜ਼ ਅਸਲਾ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ, 24 ਜੁਲਾਈ: ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਹਥਿਆਰਾਂ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਭਗੌੜੇ ਅਗਨੀਵੀਰ ਸਣੇ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖ਼ੁਲਾਸਾ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਇਸ਼ਮੀਤ ਸਿੰਘ ਉਰਫ਼ ਈਸ਼ੂ, ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ ਅਤੇ ਬਲਕਰਨ ਸਿੰਘ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਹਥਿਆਰ ਦਿਖਾ ਕੇ ਖੋਹੀ ਟੈਕਸੀ ਗੱਡੀ, ਇੱਕ ਐਕਟਿਵਾ, ਇੱਕ ਬੁਲਟ ਮੋਟਰ ਸਾਈਕਲ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਇਸ਼ਮੀਤ ਸਿੰਘ ਭਗੌੜਾ ਫੌਜੀ ਹੈ। ਉਹ ਅਗਨੀਵੀਰ ਸਕੀਮ ਤਹਿਤ ਨਵੰਬਰ 2022 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਉਹ ਪੱਛਮੀ ਬੰਗਾਲ ਵਿੱਚ ਤਾਇਨਾਤ ਸੀ। ਇਸ਼ਮੀਤ ਮਹੀਨੇ ਦੀ ਛੁੱਟੀ ਆਇਆ ਸੀ ਪ੍ਰੰਤੂ ਬਾਅਦ ਵਿੱਚ ਵਾਪਸ ਡਿਊਟੀ ’ਤੇ ਨਹੀਂ ਪਰਤਿਆ। ਭਾਰਤੀ ਫੌਜ ਵੱਲੋਂ ਉਸ ਨੂੰ ਭਗੌੜਾ ਐਲਾਨਿਆ ਗਿਆ ਹੈ। ਇਸ ਦੌਰਾਨ ਉਹ ਦੇਸ਼ ਸੇਵਾ ਛੱਡ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟਾਂ-ਖੋਹਾਂ ਕਰਨ ਦੇ ਰਾਹ ਪੈ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ਼ਮੀਤ ਸਿੰਘ, ਪ੍ਰਭਪ੍ਰੀਤ ਸਿੰਘ ਅਤੇ ਬਲਕਰਨ ਸਿੰਘ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਵਾਹਨ ਚੋਰੀ ਅਤੇ ਨਾਜਾਇਜ਼ ਹਥਿਆਰਾਂ ਦੀ ਨੋਕ ’ਤੇ ਲੋਕਾਂ ਨੂੰ ਡਰਾ ਧਮਕਾ ਕੇ ਗੱਡੀਆਂ ਲੁੱਟਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਉੱਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਵਰਤਦੇ ਹਨ ਅਤੇ ਅੱਗੇ ਵੇਚ ਦਿੰਦੇ ਹਨ। ਮੁਲਜ਼ਮਾਂ ਦੀ ਪੈੜ ਨੱਪਣ ਲਈ ਐਸਪੀ ਡਾ. ਜਯੋਤੀ ਯਾਦਵ ਅਤੇ ਡੀਐਸਪੀ ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਇਸ਼ਮੀਤ ਸਿੰਘ ਨੇ ਦੱਸਿਆ ਕਿ ਉਹ ਛੁੱਟੀ ਆਉਣ ਸਮੇਂ ਕਾਨਪੁਰ (ਯੂਪੀ) ਤੋਂ ਨਾਜਾਇਜ਼ ਹਥਿਆਰ ਲੈ ਕੇ ਆਇਆ ਸੀ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੀਤੀ 20/21 ਜੁਲਾਈ ਦੀ ਦਰਮਿਆਨੀ ਰਾਤ ਨੂੰ ਇੰਨਡਰਾਈਵ ਐਪ ਰਾਹੀਂ ਟੈਕਸੀ ਬੁੱਕ ਕੀਤੀ ਸੀ ਅਤੇ ਚੱਪੜਚਿੜੀ ਨੇੜੇ ਗੰਨ ਪੁਆਇੰਟ ’ਤੇ ਡਰਾਈਵਰ ਦੀਆਂ ਅੱਖਾਂ ਵਿੱਚ ਮਿਰਚਾਂ ਵਾਲੀ ਸਪਰੇਅ ਮਾਰ ਕੇ ਉਸ ਤੋਂ ਟੈਕਸੀ ਖੋਹ ਲਈ ਹਾਲਾਂਕਿ ਟੈਕਸੀ ਚਾਲਕ ਨੇ ਵਿਰੋਧ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਮੁਲਜ਼ਮਾਂ ਨੇ ਦੇਸੀ ਪਿਸਤੌਲ ਨਾਲ ਫਾਇਰ ਕਰਕੇ ਉਸ ਨੂੰ ਡਰਾ ਦਿੱਤਾ ਸੀ। ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ