Nabaz-e-punjab.com

ਅਕਾਲੀ ਦਲ ਸੁਧਾਰ ਲਹਿਰ: ਪੰਥਕ ਵਿਦਵਾਨਾਂ ਤੇ ਬੁੱਧੀਜੀਵੀਆਂ ਦੇ ਸੈਮੀਨਾਰ ਕਰਵਾਏ ਜਾਣਗੇ: ਚੰਦੂਮਾਜਰਾ

ਮੱਖਣ ਸ਼ਾਹ ਲੁਬਾਣਾ ਭਵਨ, ਸੈਕਟਰ-20, ਚੰਡੀਗੜ੍ਹ ਵਿੱਚ ਪੰਜ ਅਗਸਤ ਨੂੰ ਹੋਵੇਗਾ ਪਹਿਲਾ ਸੈਮੀਨਾਰ

‘ਸਿੱਖ ਰਾਜਨੀਤੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ’ ਬਾਰੇ ਕੀਤੀ ਜਾਵੇਗੀ ਚਰਚਾ

ਨਬਜ਼-ਏ-ਪੰਜਾਬ, ਮੁਹਾਲੀ, 22 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਸਫਲ ਕਰਨ ਲਈ ਸੰਤ-ਮਹਾਪੁਰਸ਼ਾਂ, ਪੰਥਕ ਸ਼ਖ਼ਸੀਅਤਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਲੜੀਵਾਰ ਸੈਮੀਨਾਰ ਕਰਵਾਏ ਜਾਣਗੇ। ਇਹ ਜਾਣਕਾਰੀ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸੈਮੀਨਾਰ ਪੰਥਕ ਸ਼ਖ਼ਸੀਅਤਾਂ, ਸਿੱਖ ਇਤਿਹਾਸ ਤੇ ਅਕਾਲੀ ਯੋਧਿਆਂ ਦੀਆਂ ਜੀਵਨੀਆਂ ਅਤੇ ਯਾਦਾਂ ਦੇ ਮੂਲ ਨੂੰ ਦਰਸਾਉਣਗੇ।
ਅਕਾਲੀ ਆਗੂ ਨੇ ਦੱਸਿਆ ਕਿ ਪਹਿਲਾ ਸੈਮੀਨਾਰ ਮੱਖਣ ਸ਼ਾਹ ਲੁਬਾਣਾ ਭਵਨ, ਸੈਕਟਰ-20, ਚੰਡੀਗੜ੍ਹ ਵਿਖੇ ਪੰਜ ਅਗਸਤ ਨੂੰ ਸਵੇਰੇ 11 ਵਜੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਸਿੱਖ ਰਾਜਨੀਤੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ’ ਵਿਸ਼ੇ ’ਤੇ ਕਰਵਾਏ ਜਾਣ ਵਾਲੇ ਇਸ ਸੈਮੀਨਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕਰਨਗੇ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸੈਮੀਨਾਰਾਂ ਦੀ ਇਸ ਲੜੀ ਨੂੰ ਅੱਗੇ ਤੋਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਤੋਂ ਲੈ ਕੇ ਅਗਵਾਈ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਸਿਧਾਂਤ ਬਾਰੇ ਅਹਿਮ ਵਿਸ਼ੇ ਸੈਮੀਨਾਰ ਦਾ ਹਿੱਸਾ ਹੋਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਮਹਾਨ ਸ਼ਖ਼ਸੀਅਤ ਜਥੇਦਾਰ ਮੋਹਨ ਸਿੰਘ ਤੁੜ ਦੀ ਬਰਸੀ 30 ਜੁਲਾਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਤੁੜ ਵਿਖੇ ਮਨਾਈ ਜਾਵੇਗੀ, 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀਂ ਅਤੇ 24 ਸਤੰਬਰ ਨੂੰ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ ਦਿਵਸ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿਖੇ ਵੱਡੇ ਪੱਧਰ ਉੱਤੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਕਾਲੀ ਮੋਰਚਿਆਂ ਅਤੇ ਸੰਘਰਸ਼ਾਂ ਵਿੱਚ ਹਿੱਸਾ ਲੈਣ ਵਾਲੇ ਪਰਿਵਾਰਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…