ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 14 ਸਤੰਬਰ:
ਵਿਜੀਲੈਂਸ ਬਿਊਰੋ ਪੰਜਾਬ ਨੇ ਪਰਲਜ਼ ਗੋਲਡਨ ਫੋਰੈਸਟ (ਪੀਜੀਐਫ਼) ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਭੰਗੂਵਾਾਸੀ ਫੇਜ਼-7 ਮੁਹਾਲੀ ਨੂੰ ਵੀ ਅੱਜ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਾਫ਼ੀ ਸਮੇਂ ਤੋਂ ਤਫ਼ਤੀਸ਼ ਵਿੱਚ ਸ਼ਾਮਲ ਨਾ ਹੋ ਕੇ ਗ੍ਰਿਫ਼ਤਾਰੀ ਤੋਂ ਬਚਦੀ ਆ ਰਹੀ ਸੀ। ਉਸ ਨੂੰ ਪਰਲ ਗਰੁੱਪ ਘੁਟਾਲੇ ਸਬੰਧੀ ਜਾਇਦਾਦਾਂ ਨੂੰ ਹੜੱਪਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਨੇ ਪੰਜਾਬ ਵਿੱਚ ਪਰਲ ਗਰੁੱਪ ਦੀਆਂ ਸਹਾਇਕ/ਸਮੂਹ ਕੰਪਨੀਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸਬੰਧਤ ਜਾਇਦਾਦਾਂ ਨੂੰ ਵੇਚਣ ਲਈ ਆਪਣੇ ਨਜ਼ਦੀਕੀਆਂ ਨੂੰ ਅਧਿਕਾਰਤ ਕੀਤਾ ਹੋਇਆ ਸੀ। ਉਸ ਦੇ ਖ਼ਿਲਾਫ਼ ਥਾਣਾ ਸਿਟੀ ਜ਼ੀਰਾ ਵਿੱਚ ਵੀ ਧਾਰਾ 406, 420, 467, 468, 471, 120-ਬੀ ਤਹਿਤ 16 ਜੁਲਾਈ 2020 ਨੂੰ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਵਿੱਚ ਉਹ ਸ਼ਾਮਲ ਨਹੀਂ ਹੋਈ ਅਤੇ ਫਰਾਰ ਸੀ।
ਵਿਜੀਲੈਂਸ ਅਨੁਸਾਰ ਪ੍ਰੇਮ ਕੌਰ ਭੰਗ ਪਰਲ ਗਰੁੱਪ ਦੀਆਂ ਕਈ ਸਮੂਹ/ਸਬਸਿਡਰੀ ਕੰਪਨੀਆਂ ਵਿੱਚ ਡਾਇਰੈਕਟਰ ਵੀ ਰਹਿ ਚੁੱਕੀ ਹੈ, ਜਿਨ੍ਹਾਂ ਵਿੱਚ ਗਿਆਨ ਸਾਗਰ ਹੈਲਥਕੇਅਰ ਲਿਮਟਿਡ, ਅੱਪਹਿਲ ਟਾਵਰਜ਼ ਪ੍ਰਾਈਵੇਟ ਲਿਮਟਿਡ, ਮਕਤੂਮ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਪਰਲਜ਼ ਹਾਸਪਿਟੈਲਿਟੀ ਹੋਟਲਜ਼ ਐਂਡ ਰਿਜ਼ੋਰਟਜ਼ ਪ੍ਰਾਈਵੇਟ ਲਿਮਟਿਡ, ਵਾਲੀਆ ਐਂਡ ਮਜ਼ੂਮਦਾਰ ਰਿਅਲੇਟਰਜ਼ ਪ੍ਰਾਈਵੇਟ ਲਿਮਟਿਡ, ਵਾਲੀਆ ਐਂਡ ਮਜ਼ੂਮਦਾਰ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਹਰਵਿੰਦਰਾ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਪਰਲਜ਼ ਸਪੋਰਟਸ ਵੈਂਚਰਜ਼ ਇੰਡੀਆ ਲਿਮਟਿਡ ਅਤੇ ਪਰਲਜ਼ ਬ੍ਰਾਂਡਜ਼ ਲਿਮਟਿਡ ਸ਼ਾਮਲ ਹਨ।
ਉਸਦੇ ਪਤੀ ਨਿਰਮਲ ਸਿੰਘ ਭੰਗੂ ਨੂੰ ਪਹਿਲਾਂ ਹੀ ਸੀਬੀਆਈ ਵੱਲੋਂ ਪਰਲ ਗਰੁੱਪ ਦੀਆਂ ਵੱਖਵੱਖ ਵੱਲੋਂ ਚਲਾਏ ਚਿੱਟ ਫੰਡ ਘੁਟਾਲੇ ਵਿੱਚ ਗ੍ਰਿਫ਼ਤਾਰ ਕਰਕੇ ਚਾਰਜਸ਼ੀਟ ਕੀਤਾ ਹੋਇਆ ਹੈ। ਇਸ ਸਕੀਮ ਵਿੱਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਲਗਪਗ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਵੱਲੋਂ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਜਸਟਿਸ (ਸੇਵਾਮੁਕਤ) ਆਰ.ਐਮ. ਲੋਢਾ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਕੀਤਾ ਗਿਆ ਸੀ ਤਾਂ ਜੋ ਪੀਏਸੀਐਲ ਲਿਮਟਿਡ ਦੀਆਂ ਜਾਇਦਾਦਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਵਿੱਕਰੀ ਤੋਂ ਇਕੱਠੀ ਹੋਣ ਵਾਲੀ ਰਕਮ ਇਸ ਚਿੱਟ ਫੰਡ ਕੰਪਨੀ ਵਿੱਚ ਆਪਣੀ ਮਿਹਨਤ ਦੀ ਕਮਾਈ ਦਾ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕੀਤੀ ਜਾ ਸਕੇ। ਪ੍ਰੇਮ ਕੌਰ ਨੇ ਮੁਹਾਲੀ ਸਮੇਤ ਪੰਜਾਬ ਵਿੱਚ ਆਪਣੇ ਪਤੀ ਦੀਆਂ ਸਹਾਇਕ ਕੰਪਨੀਆਂ/ਸਮੂਹ ਕੰਪਨੀਆਂ ਨਾਲ ਸਬੰਧਤ ਜਾਇਦਾਦਾਂ ਨੂੰ ਅੱਗੇ ਵੇਚਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ 25 ਜੁਲਾਈ 2016 ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਕੇ ਸਬੰਧਤ ਜਾਇਦਾਦਾਂ ਨੂੰ ਵੇਚਣ ਲਈ ਆਪਣੇ ਇੱਕ ਨਜ਼ਦੀਕੀ ਨੂੰ ਅਧਿਕਾਰਤ ਕੀਤਾ ਸੀ ਜਦਕਿ ਸਿਖਰਲੀ ਅਦਾਲਤ ਵੱਲੋਂ ਕੰਪਨੀ ਦੀ ਦੇਸ਼ ਅੰਦਰ ਜਾਂ ਬਾਹਰ ਕਿਸੇ ਵੀ ਸੰਪਤੀ ਦੀ ਵਿੱਕਰੀ ਅਤੇ ਤਬਾਦਲਾ ਕਰਨ ’ਤੇ ਰੋਕ ਲਗਾਈ ਹੋਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਗੈਂਗਸਟਰ ਮੁਖ਼ਤਾਰ ਅੰਸਾਰੀ ਦਾ ਨੇੜਲਾ ਸਾਥੀ ਗ੍ਰਿਫ਼ਤਾਰ, ਯੂਪੀ ਸਰਕਾਰ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ

ਗੈਂਗਸਟਰ ਮੁਖ਼ਤਾਰ ਅੰਸਾਰੀ ਦਾ ਨੇੜਲਾ ਸਾਥੀ ਗ੍ਰਿਫ਼ਤਾਰ, ਯੂਪੀ ਸਰਕਾਰ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ ਮੁ…