ਨਾਜਾਇਜ਼ ਵਸੂਲੀ: ਸੈਕਟਰ-76 ਤੋਂ 80 ਦੇ ਵਸਨੀਕਾਂ ਵੱਲੋਂ ਗਮਾਡਾ ਵਿਰੁੱਧ ਰੋਸ ਮੁਜ਼ਾਹਰਾ

ਗਮਾਡਾ ਦੇ ਅਸਟੇਟ ਅਫ਼ਸਰ ਨੇ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਹਾਸਲ ਕੀਤਾ

27 ਮਈ ਨੂੰ ਮੁੱਖ ਪ੍ਰਸ਼ਾਸਕ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ

ਨਬਜ਼-ਏ-ਪੰਜਾਬ, ਮੁਹਾਲੀ, 22 ਮਈ:
ਇੱਥੋਂ ਦੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਅਤੇ ਵੈੱਲਫੇਅਰ ਕਮੇਟੀ ਵੱਲੋਂ 13 ਰੈਜ਼ੀਡੈਂਟ ਡਿਵੈਲਪਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਨਾਜਾਇਜ਼ ਵਸੂਲੀ ਖ਼ਿਲਾਫ਼ ਅੱਜ ਗਮਾਡਾ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ। ਕਮੇਟੀ ਦੇ ਪ੍ਰਧਾਨ ਤੇ ਕੌਂਸਲਰ ਸੁੱਚਾ ਸਿੰਘ ਕਲੌੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ 24 ਸਾਲ ਪਹਿਲਾਂ ਪੁੱਡਾ\ਗਮਾਡਾ ਰਾਹੀਂ ਮੁਹਾਲੀ ਵਿੱਚ ਸੈਕਟਰ-76 ਤੋਂ 80 ਵਿੱਚ ਪਲਾਟਾਂ ਦੀ ਅਲਾਟਮੈਂਟ ਲਈ ਹਾਊਸਿੰਗ ਸਕੀਮ ਲਾਂਚ ਕੀਤੀ ਸੀ ਅਤੇ ਸਾਲ 2001 ਵਿੱਚ ਸਫਲ ਅਲਾਟੀਆਂ ਕੋਲੋਂ ਪਲਾਟਾਂ ਦੀ ਕੁੱਲ ਕੀਮਤ ਦਾ 25 ਫੀਸਦੀ ਵਸੂਲ ਕੀਤਾ ਗਿਆ ਅਤੇ ਦਸੰਬਰ 2002 ਤੱਕ ਪਲਾਟਾਂ ਦਾ ਕਬਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਗਮਾਡਾ ਵੱਲੋਂ ਪਲਾਟਾਂ ਦੀ ਅਲਾਟਮੈਂਟ 2007 ਵਿੱਚ ਸ਼ੁਰੂ ਕੀਤੀ ਜੋ ਹਾਲੇ ਵੀ ਜਾਰੀ ਹੈ ਅਤੇ ਕਰੀਬ 100 ਤੋਂ ਵੱਧ ਅਲਾਟੀਆਂ ਨੂੰ ਅਜੇ ਵੀ ਪਲਾਟਾਂ ਦੇ ਕਬਜ਼ੇ ਨਹੀਂ ਮਿਲੇ ਹਨ।
ਬੁਲਾਰਿਆਂ ਨੇ ਕਿਹਾ ਕਿ ਹੁਣ 23 ਸਾਲ ਬਾਅਦ ਗਮਾਡਾ ਦੇ ਮਿਲਖ ਅਫ਼ਸਰ ਵੱਲੋਂ ਪਲਾਟ ਮਾਲਕਾਂ/ਅਲਾਟੀਆਂ ਨੂੰ 2645 ਰੁਪਏ 50 ਪੈਸੇ ਪ੍ਰਤੀ ਗਜ ਦੇ ਹਿਸਾਬ ਨਾਲ ਵਾਧੂ ਕੀਮਤ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਜੋ ਸਰਾਸਰ ਧੱਕਾ ਹੈ। ਇਹੀ ਨਹੀਂ ਇਹ ਰਾਸ਼ੀ 8 ਫੀਸਦੀ ਵਿਆਜ ਨਾਲ ਜਮ੍ਹਾ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਜਦੋਂਕਿ ਗਮਾਡਾ ਦੇ ਨਿਯਮਾਂ/ਸਕੀਮ/ਪਾਲਿਸੀ/ਅਲਾਟਮੈਂਟ ਲੈਟਰ ਆਦਿ ਵਿੱਚ ਅਜਿਹੀ ਕੋਈ ਸ਼ਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੈਕਟਰ-76 ਤੋਂ 80 ਲਈ ਐਕਵਾਇਰ ਕੀਤੀ 1264 ਏਕੜ ਜ਼ਮੀਨ ’ਚੋਂ ਲਗਪਗ 80 ਏਕੜ ਜ਼ਮੀਨ ਸੈਕਟਰ 85 ਤੋਂ 89 ਵਿੱਚ ਗਮਾਡਾ ਨੇ ਸ਼ਾਮਲ ਕਰ ਦਿੱਤੀ ਹੈ। ਇਸ ਜ਼ਮੀਨ ’ਤੇ ਵਾਧੂ ਕੀਮਤ ਦੀ ਵਸੂਲੀ ਵੀ ਸੈਕਟਰ-76 ਤੋਂ 80 ਦੇ ਪਲਾਟ ਮਾਲਕਾਂ ਤੋਂ ਲਈ ਜਾ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਉਕਤ ਮਸਲੇ ਨੂੰ ਲੈ ਕੇ ਉਹ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਅਨੇਕਾਂ ਵਾਰ ਮਿਲ ਕੇ ਮੰਗ ਪੱਤਰ ਦੇ ਚੁੱਕੇ ਹਨ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਸੈਕਟਰ ਵਾਸੀਆਂ ਅਤੇ ਅਲਾਟੀਆਂ ਨੂੰ ਅੱਤ ਦੀ ਗਰਮੀ ਵਿੱਚ ਗਮਾਡਾ ਦੇ ਬਾਹਰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।
ਉਧਰ, ਇਸੇ ਦੌਰਾਨ ਗਮਾਡਾ ਦੇ ਅਸਟੇਟ ਅਫ਼ਸਰ ਹਰਬੰਸ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਅਤੇ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ 27 ਮਈ ਨੂੰ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਬਾਅਦ ਦੁਪਹਿਰ 3 ਵਜੇ ਮੀਟਿੰਗ ਕਰਵਾਈ ਜਾਵੇਗੀ। ਇਸ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਨਾਲ ਹੀ ਚਿਵਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ\ਗਮਾਡਾ ਨੇ ਚੋਣਾਂ ਤੋਂ ਪਹਿਲਾਂ ਮਸਲੇ ਦਾ ਕੋਈ ਹੱਲ ਨਾ ਕੀਤਾ ਤਾਂ ਜਨਰਲ ਬਾਡੀ ਦੀ ਮੀਟਿੰਗ ਸੱਦ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਸਾਥੀ ਸੱਜਣ ਸਿੰਘ ਦੀ ਤੀਜੀ ਬਰਸੀ ’ਤੇ ਗੂੰਜਿਆਂ ਭ੍ਰਿਸ਼ਟਾਚਾਰ ਦਾ ਮੁੱਦਾ

ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਸਾਥੀ ਸੱਜਣ ਸਿੰਘ ਦੀ ਤੀਜੀ ਬਰਸੀ ’ਤੇ ਗੂੰਜਿਆਂ ਭ੍ਰਿਸ਼ਟਾਚਾਰ ਦਾ ਮੁੱਦਾ …