2 ਕਿੱਲੋ 600 ਗਰਾਮ ਅਫ਼ੀਮ ਤੇ ਨਾਜਾਇਜ਼ ਅਸਲੇ ਸਣੇ ਚਾਰ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 22 ਮਈ:
ਜ਼ਿਲ੍ਹਾ ਸੀਆਈਏ ਸਟਾਫ਼ (ਮੁਹਾਲੀ) ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਕਿੱਲੋ 600 ਗਰਾਮ ਅਫ਼ੀਮ, 5220 ਨਸ਼ੀਲੀਆਂ ਗੋਲੀਆਂ, .30 ਬੋਰ ਦਾ ਪਿਸਤੌਲ ਅਤੇ 1 ਕਾਰਤੂਸ ਬਰਾਮਦ ਕੀਤਾ ਹੈ। ਇੱਕ ਹੋਰ ਵੱਖਰੇ ਮਾਮਲੇ ਵਿੱਚ ਪੁਲੀਸ ਨੇ ਇੱਕ ਹੋਰ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜੋ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਦੇਸ਼ ਜਾਣ ਦੀ ਤਾਕ ਵਿੱਚ ਸੀ। ਮੁਲਜ਼ਮ ਕੋਲੋਂ ਪਾਸਪੋਰਟ, 4 ਹਜ਼ਾਰ ਅਮਰੀਕਨ ਡਾਲਰ ਅਤੇ 800 ਯੂਰੋ ਬਰਾਮਦ ਕੀਤੇ ਹਨ।
ਮੁਹਾਲੀ ਦੇ ਡੀਐਸਪੀ (ਡੀ) ਹਰਸਿਮਰਤ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਐਸਪੀ (ਡੀ) ਸ੍ਰੀਮਤੀ ਡਾ. ਜਯੋਤੀ ਯਾਦਵ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਐਸਆਈ ਹਰਭੇਜ ਸਿੰਘ ਦੀ ਅਗਵਾਈ ਹੇਠ ਏਅਰਪੋਰਟ ਸੜਕ ਤੋਂ ਜੋਗੇਂਦਰ ਸਿੰਘ ਵਾਸੀ ਪਿੰਡ ਦਿਉਰੀ ਜੀਤ (ਯੂਪੀ) ਨੂੰ 2 ਕਿੱਲੋ 600 ਗਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦੇ ਖ਼ਿਲਾਫ਼ ਆਈਟੀ ਸਿਟੀ ਥਾਣਾ ਵਿੱਚ ਅੇਨਡੀਪੀਐਸ ਐਕਟ ਤੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਹ ਯੂਪੀ ਤੋਂ ਅਫ਼ੀਮ ਲਿਆਕੇ ਪੰਜਾਬ ਵਿੱਚ ਆਪਣੇ ਗਾਹਕਾਂ ਨੂੰ ਸਪਲਾਈ ਕਰਦਾ ਸੀ।
ਇਸੇ ਤਰ੍ਹਾਂ ਕ੍ਰਿਸ਼ਚਨ ਸਕੂਲ ਖਰੜ ਨੇੜੇ ਨਾਕਾਬੰਦੀ ਦੌਰਾਨ ਐਸਆਈ ਰਾਜ ਕੁਮਾਰ ਨੇ ਹਰਜਿੰਦਰ ਸਿੰਘ ਉਰਫ਼ ਹੈਪੀ ਵਾਸੀ ਮੰਦਰ ਰੋਡ ਖਮਾਣੋਂ ਕੋਲੋਂ 5220 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਸਦੇ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕੀਤਾ ਗਿਆ। ਇੰਜ ਹੀ ਏਐਸਆਈ ਰਜਿੰਦਰ ਸਿੰਘ ਦੀ ਟੀਮ ਨੇ ਜ਼ੀਰਕਪੁਰ ਥਾਣੇ ਵਿੱਚ ਦਰਜ ਅਸਲਾ ਐਕਟ ਦੇ ਮਾਮਲੇ ਵਿੱਚ ਲੋੜੀਂਦੇ ਗੁਰਸੇਵਕ ਸਿੰਘ ਵਾਸੀ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ .30 ਦਾ ਪਿਸਤੌਲ ਅਤੇ 1 ਕਾਰਤੂਸ ਬਰਾਮਦ ਕੀਤਾ ਹੈ।
ਡੀਐਸਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਪਿੰਡ ਖਾਨਪੁਰ ਨੇੜੇ ਮੌਜੂਦ ਸੀ। ਇਸ ਦੌਰਾਨ ਅਰਜਨ ਉਰਫ਼ ਅੱਜੂ ਵਾਸੀ ਪਿੰਡ ਖਲਚੀਆ ਕਦੀਮ (ਫਿਰੋਜਪਰ) ਨੂੰ ਕਾਬੂ ਕੀਤਾ ਹੈ। ਉਸ ’ਤੇ ਫਿਰੋਜਪੁਰ, ਗੁਰੂ ਹਰਸਹਾਏ ਅਤੇ ਚੰਡੀਗੜ੍ਹ ਵਿੱਚ ਐਨਡੀਪੀਐਸ, ਲੜਾਈ ਝਗੜੇ ਅਤੇ ਹੋਰ ਕਈ ਪਰਚੇ ਦਰਜ ਹਨ। ਕਈ ਕੇਸਾਂ ਵਿੱਚ ਉਸ ਨੂੰ ਸਜਾ ਵੀ ਹੋ ਚੁੱਕੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਸਾਲ 2013 ਵਿੱਚ ਜੁਰਮ ਕਰਨ ਲੱਗ ਪਿਆ ਸੀ। ਚੰਡੀਗੜ੍ਹ ਵਿੱਚ ਦਰਜ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ 10 ਸਾਲ ਦੀ ਸਜਾ ਹੋ ਗਈ ਸੀ ਪ੍ਰੰਤੂ 5 ਸਾਲ 2 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ’ਤੇ ਬਾਹਰ ਆਇਆ ਸੀ, ਜੋ ਜਾਅਲੀ ਦਸਤਾਵੇਜ਼ਾਂ ’ਤੇ ਆਧਾਰ ’ਤੇ ਵਿਦੇਸ਼ ਭੱਜਣ ਦੀ ਤਾਕ ਵਿੱਚ ਸੀ ਲੇਕਿਨ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।

Load More Related Articles
Load More By Nabaz-e-Punjab
Load More In General News

Check Also

With focus on point of sale, Punjab Police conducts CASO at Drug hotspots in the state

With focus on point of sale, Punjab Police conducts CASO at Drug hotspots in the state Her…