ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਮਾਪਿਆਂ ਦਾ ਇਕਲੌਤਾ ਪੁੱਤ, ਪੰਜਾਬ ਸਰਕਾਰ ਤੇ ਪੁਲੀਸ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ

ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਬਲਵਿੰਦਰ ਕੁੰਭੜਾ ਦੀ ਅਗਵਾਈ ਹੇਠ ਕੀਤਾ ਪੁਲੀਸ ਦਾ ਪਿੱਟ ਸਿਆਪਾ

ਨਬਜ਼-ਏ-ਪੰਜਾਬ, ਮੁਹਾਲੀ, 21 ਅਗਸਤ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਦਾ ਨੌਜਵਾਨ ਪਰਵੀਨ ਸਿੰਘ ਉਰਫ਼ ਪ੍ਰਿੰਸ ਪਿਛਲੇ 3 ਮਹੀਨੇ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਗਰੀਬ ਘਰ ਦਾ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਪੀੜਤ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਅੱਜ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਕਾਲੇ ਚੋਗੇ ਪਾ ਕੇ ਪੰਜਾਬ ਸਰਕਾਰ ਅਤੇ ਪੁਲੀਸ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਵਾਸੀ ਰੋਸ ਮਾਰਚ ਕਰਦੇ ਹੋਏ ਆਪ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਬਾਹਰ ਪਹੁੰਚੇ ਅਤੇ ਪੁਲੀਸ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਪਿੱਟ ਸਿਆਪਾ ਕੀਤਾ।
ਬਲਵਿੰਦਰ ਕੁੰਭੜਾ ਅਤੇ ਪੀੜਤ ਨੌਜਵਾਨ ਦੀ ਭੈਣ ਹਰਪ੍ਰੀਤ ਕੌਰ ਅਤੇ ਚਚੇਰਾ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਝਗੜੇ ਦੌਰਾਨ ਹਮਲਾਵਰਾਂ ਨੇ ਪਰਵੀਨ ਦੀ ਗੰਡਾਸੇ ਨਾਲ ਗਰਦਨ ਵੱਢ ਦਿੱਤੀ ਸੀ। ਜਿਸ ਕਾਰਨ ਉਸ ਨੂੰ 2 ਮਹੀਨੇ ਪੀਜੀਆਈ ਵਿੱਚ ਦਾਖ਼ਲ ਰਹਿਣਾ ਪਿਆ। ਬਾਅਦ ਵਿੱਚ ਪੀਜੀਆਈ ਦੇ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਰੈਫ਼ਰ ਕਰ ਦਿੱਤਾ। ਹੁਣ ਮੁਹਾਲੀ ਹਸਪਤਾਲ ਵਾਲੇ ਪੀੜਤ ਨੌਜਵਾਨ ਨੂੰ ਇੱਥੇ ਦਾਖ਼ਲ ਨਹੀਂ ਕਰ ਰਹੇ ਅਤੇ ਨਾ ਹੀ ਪੀਜੀਆਈ ਵਾਲੇ ਬਾਂਹ ਫੜ ਰਹੇ ਹਨ। ਪੁਲੀਸ ਵੀ ਅਸਲ ਮੁਲਜ਼ਮਾਂ ਨੂੰ ਨਹੀਂ ਫੜ ਰਹੀ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇੱਕ ਥਾਣੇਦਾਰ ਉਨ੍ਹਾਂ ਨੂੰ ਨਵੇਂ ਮਾਰੂ ਹਥਿਆਰ ਖ਼ਰੀਦ ਦੇਣ ਦੀ ਗੱਲ ਕਹਿ ਰਿਹਾ ਹੈ ਅਤੇ ਜਦੋਂ ਪੁਲੀਸ ਨੂੰ ਹਮਲਾਵਰਾਂ ਨੂੰ ਫੜਨ ਦੀ ਗੁਹਾਰ ਲਗਾਈ ਜਾਂਦੀ ਹੈ ਤਾਂ ਪੁਲੀਸ ਇਹ ਕਹਿ ਕੇ ਪੱਲਾ ਝਾੜ ਲੈਂਦੀ ਹੈ ਕਿ ਕੌਣ ਤੇਲ ਫੁਕੇਗਾ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਸਾਰੀ ਘਟਨਾ ਦੱਸ ਚੁੱਕੇ ਹਨ ਪਰ 3 ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲੀਸ ਅਸਲ ਮੁਲਜ਼ਮਾਂ ਨੂੰ ਨਹੀਂ ਫੜ ਰਹੀ।
ਪੀੜਤ ਨੌਜਵਾਨ ਦੀ ਭੈਣ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਸੋਹਾਣਾ ਵਿੱਚ ਵਿਆਹੀ ਹੋਈ ਹੈ। ਪਿਛਲੇ ਦਿਨੀਂ ਹਮਲਾਵਰਾਂ ਨੇ ਸਹੁਰੇ ਘਰ ਦੇ ਬਾਹਰ ਖੜੀ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਕੇਸ ਵਾਪਸ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਕੌਂਸਲਰ ਸੁੱਚਾ ਸਿੰਘ ਕਲੌੜ, ਪੀੜਤ ਨੌਜਵਾਨ ਦੇ ਪਿਤਾ ਸੰਤੋਖ ਸਿੰਘ, ਮਾਤਾ ਸ਼ਮਸ਼ੇਰ ਕੌਰ, ਗੁਰਨਾਮ ਕੌਰ, ਕੁਲਦੀਪ ਕੌਰ, ਜਗਦੀਪ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ, ਅਜੈਬ ਸਿੰਘ ਬਾਕਰਪੁਰ, ਮਨਦੀਪ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ। ਉਧਰ, ਮੌਕੇ ’ਤੇ ਪਹੁੰਚੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਹਿੰਮਤ ਸਿੰਘ ਅਤੇ ਸੋਹਾਣਾ ਥਾਣਾ ਦੇ ਐਸਐਚਓ ਸੁਮਿੱਤ ਮੋਰ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਉਂਜ ਫੇਜ਼-8 ਥਾਣੇ ਦੇ ਐਸਐਚਓ ਦਾ ਕਹਿਣਾ ਸੀ ਕਿ ਪੀੜਤ ਪਰਿਵਾਰ ਦਾ ਕੋਈ ਮੈਂਬਰ ਹੁਣ ਤੱਕ ਨਾ ਉਨ੍ਹਾਂ ਨੂੰ ਮਿਲਿਆ ਅਤੇ ਨਾ ਕੋਈ ਹੋਰ ਇਤਰਾਜ਼ ਜਿਤਾਇਆ ਹੈ।

Load More Related Articles
Load More By Nabaz-e-Punjab
Load More In General News

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…