ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਵੱਲੋਂ ਪਿੰਡ ਰੁੜਕਾ ਤੇ ਸਤਾਬਗੜ੍ਹ ਦਾ ਦੌਰਾ

ਗਰੀਬ ਪਰਿਵਾਰ ਦਾ ਮਕਾਨ ਧੱਕੇ ਨਾਲ ਜ਼ਬਤ ਕਰਨ ਦਾ ਗੰਭੀਰ ਨੋਟਿਸ ਲੈ ਕੇ ਜਾਂਚ ਲਈ ਪਿੰਡ ਪਹੁੰਚੇ ਰਾਜ ਹੰਸ

ਪਿੰਡ ਸਤਾਬਗੜ੍ਹ ਵਿੱਚ ਦਲਿਤ ਸਰਪੰਚ ਦੀ ਕੁੱਟਮਾਰ ਕਰਨ ਸਬੰਧੀ ਪ੍ਰਾਪਤ ਸ਼ਿਕਾਇਤ ਦੀ ਕੀਤੀ ਪੜਤਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰ ‘ਪਿੰਡ ਰੁੜਕਾ ਵਿੱਚ ਦਲਿਤ ਪਰਿਵਾਰ ਨੇ ਲਾਇਆ ਭੂ-ਮਾਫੀਆ ’ਤੇ ਸਾਲਾਂ ਪੁਰਾਣੇ ਮਕਾਨ ਅਤੇ ਜ਼ਮੀਨ ਹੜੱਪਨ ਦਾ ਦੋਸ਼’ ਦਾ ਗੰਭੀਰ ਨੋਟਿਸ ਲਿਆ ਅਤੇ ਪਿੰਡ ਸਤਾਬਗੜ੍ਹ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਸਰਪੰਚ ਦੀ ਕੁੱਟਮਾਰ ਕਰਨ ਸਬੰਧੀ ਪ੍ਰਾਪਤ ਹੋਈ ਸ਼ਿਕਾਇਤ ਸਮੇਤ ਦੋਵੇਂ ਕੇਸਾਂ ਦੀ ਮੁੱਢਲੀ ਪੜਤਾਲ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਅੱਜ ਪਿੰਡ ਰੁੜਕਾ ਅਤੇ ਪਿੰਡ ਸਤਾਬਗੜ੍ਹ ਦਾ ਦੌਰਾ ਕੀਤਾ।
ਸ੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਗਰੀਬ ਪਰਿਵਾਰ ਜੋ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ ਦਾ ਘਰ ਜੇਸੀਬੀ ਨਾਲ ਤੋੜ ਦਿੱਤਾ ਗਿਆ ਹੈ। ਜਿਸ ਸਬੰਧੀ ਉਨ੍ਹਾਂ ਜਾਂਚ ਲਈ ਮੁਹਾਲੀ ਦੇ ਐਸਪੀ (ਐਚ) ਨੂੰ ਮਾਮਲੇ ਦੀ ਡੂੰਘਾਈ ਵਿੱਚ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੂੰ ਪਿੰਡ ਸਤਾਬਗੜ੍ਹ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਸਰਪੰਚ ਸ੍ਰੀਮਤੀ ਊਸ਼ਾ ਦੇਵੀ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿੱਚ ਉਸ ਨੇ ਲਿਖਿਆ ਕਿ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਫਿਰਨੀ ਅਤੇ ਸ਼ਾਮਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ ਸਨ। ਜਿਸ ਦੀ ਕਬਜ਼ਾਧਾਰੀਆਂ ਨੇ ਖੁੰਦਕ ਰੱਖਦੇ ਹੋਏ ਇਕ ਗਿਣੀ ਮਿਥੀ ਸਾਜ਼ਿਸ਼ ਨਾਲ ਉਨ੍ਹਾਂ (ਸਰਪੰਚ) ਨੂੰ ਮੋਬਾਈਲ ਫੋਨ ’ਤੇ ਸੁਨੇਹਾ ਲਗਾ ਕੇ ਫਿਰਨੀ ਉੱਤੇ ਬੁਲਾਇਆ ਗਿਆ।

ਸਰਪੰਚ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਕੁਝ ਪੰਚਾਇਤ ਮੈਂਬਰਾਂ ਅਤੇ ਹੋਰ ਵਿਅਕਤੀਆਂ ਨਾਲ ਉਹ ਉੱਥੇ ਪਹੁੰਚੀ, ਜਿੱਥੇ ਪਹਿਲਾਂ ਹੀ ਖੜੇ ਕੁੱਝ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਜਾਤੀ ਸੂਚਕ ਸ਼ਬਦ ਬੋਲ ਕੇ ਜਨਤਕ ਤੌਰ ’ਤੇ ਜ਼ਲੀਲ ਕੀਤਾ ਅਤੇ ਲੋਹੇ ਦੀ ਰਾਡਾਂ ਨਾਲ ਹਮਲਾ ਕਰ ਦਿੱਤਾ। ਸ਼ਿਕਾਇਤ ਦੀ ਪੜਤਾਲ ਕੀਤੀ ਗਈ ਅਤੇ ਸਬੰਧਤ ਐਸਐਚਓ ਨੂੰ ਹਦਾਇਤ ਕੀਤੀ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਮਹਿਲਾ ਸਰਪੰਚ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਜਾਂਚ ਦੌਰਾਨ ਕਸੂਰਵਾਰ ਪਾਏ ਜਾਣ ’ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਐਸਸੀ ਐਕਟ ਦੀ ਧਾਰਾ ਲਗਾ ਕੇ ਜੁਰਮ ਵਿੱਚ ਵਾਧਾ ਕੀਤਾ ਜਾਵੇ। ਪਿੰਡ ਰੁੜਕਾ ਅਤੇ ਸਤਾਬਗੜ੍ਹ ਦੇ ਦੋਵੇਂ ਕੇਸਾਂ ਦੀ ਜਾਂਚ 21 ਦਸੰਬਰ ਤੱਕ ਪੂਰਨ ਕਰਕੇ ਜਾਂਚ ਰਿਪੋਰਟ ਕਮਿਸ਼ਨ ਦਫ਼ਤਰ ਵਿੱਚ ਦੇਣ ਦੇ ਆਦੇਸ਼ ਦਿੱਤੇ ਗਏ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…