ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ 2017 ਵਿੱਚ ਵੀ ਰਲ-ਮਿਲ ਲੜੀਆਂ ਸਨ ਚੋਣਾਂ: ਭਗਵੰਤ ਮਾਨ

ਕਾਂਗਰਸ, ਬਾਦਲ ਤੇ ਭਾਜਪਾ ਦੇ ਨਾਪਾਕ ਗੱਠਜੋੜ ਤੋਂ ਸਾਵਧਾਨ ਰਹਿਣ ਪੰਜਾਬੀ: ਭਗਵੰਤ ਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ,‘‘ ਪੰਜਾਬ ਵਿੱਚ ਉੱਠੀ ਸੱਤਾ ਪਰਿਵਰਤਨ ਦੀ ਲੋਕ ਲਹਿਰ ਨੂੰ ਰੋਕਣ ਲਈ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਬਾਦਲ ਆਪਸ ਵਿੱਚ ਰਲ਼ ਕੇ ਵਿਧਾਨ ਸਭਾ ਦੀਆਂ ਚੋਣਾ ਲੜ ਰਹੇ ਹਨ ਤਾਂਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਰੋਕਿਆ ਜਾਵੇ ਅਤੇ ਰਿਵਾਇਤੀ ਸਿਆਸੀ ਪਾਰਟੀਆਂ ਦੀ ਰਾਜ-ਸੱਤਾ ਸਥਾਪਤ ਰੱਖੀ ਜਾਵੇ। ਪਰ ਪੰਜਾਬ ਦੇ ਲੋਕਾਂ ਨੇ ਰਿਵਾਇਤੀ ਸਿਆਸੀ ਪਾਰਟੀਆਂ ਦੀ ਰਾਜ-ਸੱਤਾ ਨੂੰ ਜੜ ਤੋਂ ਪੁੱਟ ਕੇ ‘ਆਪ‘ ਦੀ ਸਰਕਾਰ ਸਥਾਪਤ ਕਰਨ ਦਾ ਫੈਸਲਾ ਕਰ ਲਿਆ ਹੈ, ਜਿਸ ਕਾਰਨ ਸਾਰੇ ਵਿਰੋਧੀ ਦਲ ਬੌਖਲਾਹਟ ‘ਚ ਆ ਗਏ ਹਨ।’’
ਅੱਜ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਹੈ, ਪਰ 70 ਸਾਲਾਂ ਤੋਂ ਵਾਰੀ ਬੰਨ ਕੇ ਪੰਜਾਬ ਨੂੰ ਲੁੱਟ ਰਹੇ ਰਿਵਾਇਤੀ ਸਿਆਸੀ ਦਲ ਕਾਂਗਰਸ ਅਤੇ ਅਕਾਲੀ ਦਲ ਬਾਦਲ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਰਲ-ਮਿਲ ਕੇ ਆਮ ਆਦਮੀ ਪਾਰਟੀ ਦਾ ਰਾਹ ਰੋਕਣ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਲੋਟੂ ਪਾਰਟੀਆਂ ਦੇ ਇਸ ਨਾਪਾਕ ਗੱਠਜੋੜ ਤੋਂ ਜ਼ਰੂਰ ਸਾਵਧਾਨ ਰਹਿਣ।
ਸ੍ਰੀ ਮਾਨ ਨੇ ਵਿਧਾਨ ਸਭਾ ਚੋਣਾ 2017 ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਨੇ ਦੁਬਈ ਸਮਝੌਤੇ ਤਹਿਤ ਰਲ-ਮਿਲ ਚੋਣਾ ਲੜੀਆਂ ਸਨ ਅਤੇ ਇਸੇ ਸਮਝੌਤੇ ਤਹਿਤ ਬਾਦਲਾਂ ਨੂੰ ਜਤਾਉਣ ਲਈ ਲੰਬੀ ਅਤੇ ਜਲਾਲਾਬਾਦ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸ ਨੇ ਮੈਦਾਨ ਵਿੱਚ ਉਤਾਰਿਆ ਸੀ। ਉਨ੍ਹਾਂ ਦੱਸਿਆ ਕਿ ਬਾਦਲ ਅਤੇ ਕਾਂਗਰਸ ਵਿਚਕਾਰ ਸਮਝੌਤਾ ਹੋਣ ਦੀ ਪੁਸ਼ਟੀ ਮੀਡੀਆ ਦੇ ਨਾਲ ਨਾਲ ਅਕਾਲੀ ਦਲ ਬਾਦਲ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਨਰੇਸ਼ ਗੁਜਰਾਲ ਨੇ ਵੀ ਕੀਤੀ ਸੀ।
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਸਮੇਤ ਭਾਜਪਾ ਦਾ ਗੁਪਤ ਸਮਝੌਤਾ ਕੇਵਲ 2017 ਦੀਆਂ ਚੋਣਾ ਤੱਕ ਸੀਮਤ ਨਹੀਂ ਸੀ, ਸਗੋਂ ਇਨ੍ਹਾਂ ਪਾਰਟੀਆਂ ਦੇ ਕਾਲ਼ੇ ਕਾਰਨਾਮਿਆਂ ਨੂੰ ਛੁਪਾਉਣ ਅਤੇ ਅਦਾਲਤਾਂ ਵਿੱਚ ਚੱਲਦੇ ਕੇਸਾਂ ਨੂੰ ਖ਼ਤਮ ਕਰਾਉਣ ਤੱਕ ਵੀ ਸੀ, ਜੋ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਗੁਪਤ ਸਮਝੌਤੇ ਤਹਿਤ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਰੱਗ ਤਸਕਰੀ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਸੀ ਕੀਤੀ ਅਤੇ ਨਾ ਹੀ ਕੇਂਦਰ ਸਰਕਾਰ ਦੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਜੀਠੀਆ ਵਿਰੁੱਧ ਕੋਈ ਕਾਰਵਾਈ ਕੀਤੀ ਸੀ। ਇੱਥੋਂ ਤੱਕ ਕਿ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਅਤੇ ਗੋਲੀ ਕਾਂਡ ਬਾਰੇ ਵੀ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਇਨਸਾਫ਼ ਨਹੀਂ ਸੀ ਦਿੱਤਾ।
ਭਗਵੰਤ ਮਾਨ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਹੋ ਰਹੀ ਹਾਰ ਨੂੰ ਦੇਖਦਿਆਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਸਮੇਤ ਭਾਜਪਾ ਨੇ ਫਿਰ ਤੋਂ ਅੰਦਰੂਨੀ ਗੱਠਜੋੜ ਕਰ ਲਿਆ ਹੈ, ਤਾਂ ਜੋ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਤੋਂ ਰੋਕਿਆ ਜਾਵੇ। ਮਾਨ ਨੇ ਦਾਅਵਾ ਕੀਤਾ ਕਿ ਹੁਣ ਪੰਜਾਬ ਦੇ ਲੋਕ ਰਾਜਸੀ ਤੌਰ ‘ਤੇ ਜਾਗਰੂਕ ਅਤੇ ਲਾਮਬੰਦ ਹੋ ਗਏ ਹਨ ਅਤੇ ਉਨ੍ਹਾਂ ਰਿਵਾਇਤੀ ਸਿਆਸੀਆਂ ਪਾਰਟੀਆਂ ਤੋਂ ਨਿਜ਼ਾਤ ਪਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਨਿਸ਼ਚਾ ਕੀਤਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…