ਵਾਅਦਾਖ਼ਿਲਾਫ਼ੀ: ਸਿੱਖਿਆ ਭਵਨ ਦੀ ਛੇਵੀਂ ਮੰਜ਼ਲ ’ਤੇ ਚੜ੍ਹੀ ਅਧਿਆਪਕਾ ਨੂੰ ਪੁਲੀਸ ਨੇ ਜ਼ਬਰਦਸਤੀ ਥੱਲੇ ਲਾਹਿਆ

ਧਰਨਾਕਾਰੀਆਂ ਵੱਲੋਂ ਪੁਲੀਸ ਕਾਰਵਾਈ ਦਾ ਤਿੱਖਾ ਵਿਰੋਧ, ਕੰਧ ਟੱਪ ਕੇ ਸਿੱਖਿਆ ਭਵਨ ਅੰਦਰ ਦਾਖ਼ਲ ਹੋਏ ਕੱਚੇ ਅਧਿਆਪਕ

ਕੱਚੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ, ਪੁਲੀਸ ਨੇ ਰਾਹ ਰੋਕਿਆ, ਮੁਹਾਲੀ-ਚੰਡੀਗੜ੍ਹ ਸੜਕ ’ਤੇ ਚੱਕਾ ਜਾਮ

ਸਿੱਖਿਆ ਸਕੱਤਰ ਤੇ ਡੀਪੀਆਈ ਦਫ਼ਤਰਾਂ ਦੀ 20ਵੇਂ ਦਿਨ ਵੀ ਘੇਰਾਬੰਦੀ ਜਾਰੀ, ਧਰਨਾ ਪ੍ਰਦਰਸ਼ਨ 175ਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਵੱਲੋਂ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਦਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਪੰਨੂ, ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਸੰਗਰੂਰ ਸਮੇਤ ਹੋਰਨਾਂ ਆਗੂਆਂ ਦੀ ਸਾਂਝੀ ਅਗਵਾਈ ਹੇਠ ਇਨਸਾਫ਼ ਪ੍ਰਾਪਤੀ ਲਈ ਪਿਛਲੇ 20 ਦਿਨਾਂ ਤੋਂ ਸਿੱਖਿਆ ਸਕੱਤਰ ਅਤੇ ਡੀਪੀਆਈ ਦਫ਼ਤਰਾਂ ਦੀ ਘੇਰਾਬੰਦੀ ਜਾਰੀ ਹੈ। ਜਦੋਂਕਿ ਲੜੀਵਾਰ ਧਰਨਾ 175ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।
ਕੱਚੇ ਅਧਿਆਪਕਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਨਿੱਤ ਦਿਨ ਗੁਪਤ ਐਕਸ਼ਨ ਕੀਤੇ ਜਾ ਰਹੇ ਹਨ। ਅੱਜ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਸਿੱਖਿਆ ਭਵਨ ਦੀ ਛੇਵੀਂ ਮੰਜ਼ਲ ’ਤੇ ਚੜ੍ਹੀ ਅਧਿਆਪਕਾ ਹਰਪ੍ਰੀਤ ਕੌਰ ਜਲੰਧਰ ਨੂੰ ਪੁਲੀਸ ਨੇ ਖਿੱਚ-ਧੂਹ ਕਰਦਿਆਂ ਜ਼ਬਰਦਸਤੀ ਥੱਲੇ ਲਾਹ ਲਿਆ। ਜਿਸ ਕਾਰਨ ਗੇਟ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਕਾਫ਼ੀ ਕੱਚੇ ਅਧਿਆਪਕ ਕੰਧਾਂ ਟੱਪ ਕੇ ਸਿੱਖਿਆ ਭਵਨ ਅੰਦਰ ਦਾਖ਼ਲ ਹੋ ਗਏ। ਜਦੋਂਕਿ ਇਸ ਤੋਂ ਪਹਿਲਾਂ ਕੰਵਲਜੀਤ ਕੌਰ ਬਠਿੰਡਾ ਦੇ ਪਤੀ ਨਾਲ ਸੜਕ ਹਾਦਸਾ ਵਾਪਰਨ ਕਾਰਨ ਸਾਥੀਆਂ ਨੇ ਉਸ ਨੂੰ ਖ਼ੁਦ ਹੀ ਥੱਲੇ ਲਾਹ ਲਿਆ ਸੀ।
ਇਸ ਮਗਰੋਂ ਕੱਚੇ ਅਧਿਆਪਕਾਂ ਨੇ ਅਚਾਨਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ। ਹਾਲਾਂਕਿ ਪ੍ਰਦਰਸ਼ਨਕਾਰੀ ਪੁਲੀਸ ਨਾਲ ਬਹਿਸਦੇ ਹੋਏ ਵਾਈਪੀਐਸ ਚੌਕ ਲੰਘ ਗਏ ਸੀ ਪ੍ਰੰਤੂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਯੂਟੀ ਪੁਲੀਸ ਨੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਕੱਚੇ ਅਧਿਆਪਕਾਂ ਦਾ ਰਾਹ ਰੋਕ ਲਿਆ। ਜਿਸ ਕਾਰਨ ਉਹ ਉੱਥੇ ਹੀ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ ਅਤੇ ਪੰਜਾਬ ਸਰਕਾਰ ਅਤੇ ਯੂਟੀ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਪ੍ਰਦਰਸ਼ਨ ਜਾਰੀ ਸੀ।

ਇਸ ਮੌਕੇ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਦਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਪੰਨੂ, ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਸੰਗਰੂਰ ਨੇ ਕਿਹਾ ਕਿ ਹੁਣ ਉਹ ਝੂਠੇ ਲਾਰਿਆਂ ਵਿੱਚ ਨਹੀਂ ਆਉਣਗੇ ਬਲਕਿ ਰੈਗੂਲਰ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਵਾ ਕੇ ਅਤੇ ਸਰਕਾਰੀ ਪੱਤਰ ਆਪਣੇ ਹੱਥਾਂ ਵਿੱਚ ਲੈ ਕੇ ਹੀ ਵਾਪਸ ਕਲਾਸ-ਰੂਮਾਂ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਮਸਲੇ ਦਾ ਪੱਕਾ ਹੱਲ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਗੁਪਤ ਐਕਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮੀਟਿੰਗਾਂ ਦੌਰਾਨ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦੇ ਹੋਏ ਮਸਲਾ ਛੇਤੀ ਹੱਲ ਕਰਨ ਦੀ ਗੱਲ ਕਰਦੇ ਹਨ ਪ੍ਰੰਤੂ ਸਰਕਾਰ ਦੀ ਨੀਤੀਆਂ ਅਤੇ ਨੀਅਤ ਵਿੱਚ ਖੋਟ ਕਾਰਨ ਉਨ੍ਹਾਂ ਦਾ ਮਸਲਾ ਲਮਕਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੱਚੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ ਅਤੇ ਰੋਜ਼ਾਨਾ ਝੂਠ ਬੋਲ ਕੇ ਡੰਗ ਟਪਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…