ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਵਿੱਚ ਹੋ ਰਹੇ ਝਗੜਿਆਂ ਲਈ ਗਮਾਡਾ ਜ਼ਿੰਮੇਵਾਰ: ਬੇਦੀ

ਕਿਹਾ, ਗਮਾਡਾ ਨੇ ਏਅਰਪੋਰਟ ਸੜਕ ਉੱਚੀ ਚੁੱਕ ਕੇ ਬਣਾਉਣ ਨਾਲ ਪਾਣੀ ਦੀ ਨਿਕਾਸੀ ਰੁਕੀ

ਜੇਕਰ ਗਮਾਡਾ ਨੇ ਲੋਕਾਂ ਨੂੰ ਰਾਹਤ ਦੇਣ ਲਈ ਕਾਰਵਾਈ ਸ਼ੁਰੂ ਨਹੀਂ ਕੀਤੀ ਤਾਂ ਅਦਾਲਤ ਦਾ ਬੂਹਾ ਖੜਕਾਵਾਂਗਾ:

ਨਬਜ਼-ਏ-ਪੰਜਾਬ, ਮੁਹਾਲੀ, 22 ਜੁਲਾਈ:
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਉਤੇ ਗੰਭੀਰ ਦੋਸ਼ ਲਗਾਉਂਦਿਆਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਵੱਖ-ਵੱਖ ਫੇਜ਼ ਅਤੇ ਸੈਕਟਰਾਂ ਦੇ ਵਸਨੀਕਾਂ ਵਿੱਚ ਲੜਾਈ ਕਰਵਾਉਣ ਲਈ ਜਿੰਮੇਵਾਰ ਠਹਿਰਾਇਆ ਹੈ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਗਮਾਡਾ ਕਹਿੰਦਾ ਹੈ ਕਿ ਬੇਸਿਕ ਪਲੈਨਿੰਗ ਗਮਾਡਾ ਦੀ ਹੈ ਤਾਂ ਫਿਰ ਇਹ ਕਿਸ ਅਧਿਕਾਰੀ ਦੀ ਸਿਆਣਪ ਸੀ। ਜਿਸ ਨੇ ਏਅਰਪੋਰਟ ਰੋਡ ਨੂੰ ਬਾਕੀ ਮੁਹਾਲੀ ਨਾਲੋਂ ਉੱਚਾ ਚੁੱਕ ਕੇ ਬਣਾਇਆ ਜਿਸ ਨਾਲ ਮੋਹਾਲੀ ਸ਼ਹਿਰ ਵਿੱਚ ਆਉਂਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੁਦਰਤੀ ਵਹਾਅ ਰੁੱਕ ਗਿਆ ਹੈ ਅਤੇ ਪਾਣੀ ਵਾਪਸ ਆ ਕੇ ਵੱਖ ਵੱਖ ਸੈਕਟਰਾਂ ਵਿੱਚ ਮਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਏਅਰਪੋਰਟ ਰੋਡ ਤੋਂ ਅੱਗੇ ਰਾਧਾ ਸੁਆਮੀ ਡੇਰੇ ਵਲੋਂ ਪੂਰੀ ਕੰਧ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਬੇਸਿਕ ਪਲੈਨਿੰਗ ਗਮਾਡਾ ਦੀ ਹੈ ਤਾਂ ਏਅਰਪੋਰਟ ਤੋਂ ਅੱਗੇ ਰਾਧਾ ਸਵਾਮੀ ਡੇਰੇ ਨਾਲ ਤਾਲਮੇਲ ਕਰਕੇ ਪਾਣੀ ਦੀ ਨਿਕਾਸੀ ਪ੍ਰਬੰਧ ਕਿਉਂ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸ਼ੋਪਿੰਗ ਵਾਲੀ ਸੜਕ ਉੱਚੀ ਚੱਕ ਕੇ ਬਣਾਈ ਗਈ। ਜਿਸ ਨਾਲ ਫੇਜ਼-4 ਦੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਉਣ ਲੱਗੀ। ਅੱਗੇ ਫੇਜ਼-3ਬੀ2 ਅਤੇ ਫੇਜ਼-5 ਵਾਲੀ ਸੜਕ ਹੋਰ ਉੱਚੀ ਚੁੱਕ ਦਿੱਤੀ। ਇਸ ਵਿੱਚ ਕਾਜ਼ਵੇ ਬਣੇ ਤਾਂ ਸੈਕਟਰ-71 ਨੂੰ ਪਾਣੀ ਦੀ ਮਾਰ ਪੈ ਗਈ। ਉਸ ਤੋਂ ਅੱਗੇ ਏਅਰਪੋਰਟ ਰੋਡ ਉੱਚੀ ਚੁੱਕ ਦਿੱਤੀ ਗਈ ਅਤੇ ਪਾਣੀ ਬੈਕ ਹੋ ਕੇ ਸੈਕਟਰ-71 ਨੂੰ ਮਾਰ ਕਰਨ ਲੱਗਾ। ਉਨ੍ਹਾਂ ਕਿਹਾ ਕਿ ਅੱਜ ਫੇਜ਼-4, ਫੇਜ਼-5 ਸੈਕਟਰ-71 ਦੇ ਵਸਨੀਕਾਂ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ ਅਤੇ ਇਨ੍ਹਾਂ ਵਿੱਚ ਆਪਸ ਵਿੱਚ ਵੀ ਫਿਕ ਪੈ ਰਹੀ ਹੈ ਜਿਸ ਲਈ ਸਿੱਧੇ ਤੌਰ ਤੇ ਗਮਾਡਾ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਗਮਾਡਾ ਹੁਣ ਫੌਰੀ ਤੌਰ ਤੇ ਮੋਹਾਲੀ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰੇ ਕਿਉਂਕਿ ਗਮਾਡਾ ਕੋਲ ਵੱਡਾ ਅਮਲਾ ਵੀ ਹੈ ਵਿੱਤੀ ਪ੍ਰਬੰਧ ਵੀ ਹਨ ਤੇ ਇਹ ਸਾਰਾ ਪੈਸਾ ਮੋਹਾਲੀ ਦੀ ਜਾਇਦਾਦ ਵੇਚ ਕੇ ਹੀ ਗਮਾਡਾ ਨੇ ਇਕੱਠਾ ਕੀਤਾ ਹੈ। ਉਨ੍ਹਾਂ ਕਿਹਾ ਕਿ ਏਅਰਪੋਰਟ ਰੋਡ ਨੂੰ ਠੀਕ ਕੀਤਾ ਜਾਵੇ ਅਤੇ ਇਸ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਅਤੇ ਰਾਧਾ ਸਵਾਮੀ ਬਿਆਸ ਡੇਰੇ ਨਾਲ ਤਾਲਮੇਲ ਕਰਕੇ ਗਮਾਡਾ ਇਸ ਮਸਲੇ ਦਾ ਪੱਕਾ ਹੱਲ ਕਰਵਾਏ। ਬੇਦੀ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਗਮਾਡਾ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਜਿਸ ਵਾਸਤੇ ਪੂਰੀ ਤਰ੍ਹਾਂ ਗਮਾਡਾ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…