ਨਵੇਂ ਸੈਕਟਰਾਂ ਲਈ ਵੱਖਰਾ ਸ਼ਮਸ਼ਾਨਘਾਟ ਬਣਾਉਣ ਦੀ ਮੰਗ, ਡਿਪਟੀ ਮੇਅਰ ਨੇ ਗਮਾਡਾ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 25 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਸ਼ਹਿਰ ਦੇ ਨਵੇਂ ਸੈਕਟਰਾਂ ਵਿੱਚ ਇੱਕ ਵੱਖਰਾ ਸ਼ਮਸ਼ਾਨਘਾਟ ਬਣਾਉਣ ਲਈ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮੁਹਾਲੀ ਵਿੱਚ ਇੱਕ ਸ਼ਮਸ਼ਾਨਘਾਟ ਹੈ, ਜਦੋਂਕਿ ਲਗਾਤਾਰ ਸ਼ਹਿਰ ਦੀ ਆਬਾਦੀ ਅਤੇ ਮੌਜੂਦਾ ਖੇਤਰਫਲ ਵਧਦਾ ਜਾ ਰਿਹਾ ਹੈ। ਉਸ ਹਿਸਾਬ ਨਾਲ ਮੌਤ ਦਰ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਇੱਕ ਸ਼ਮਸ਼ਾਨਘਾਟ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਮੁਹਾਲੀ ਤੋਂ ਜ਼ੀਰਕਪੁਰ, ਬਨੂੜ, ਖਰੜ ਤੱਕ ਫੈਲ ਚੁੱਕਾ ਹੈ। ਦੂਜੇ ਪਾਸੇ ਬਲੌਂਗੀ, ਬੜਮਾਜਰਾ, ਜੁਝਾਰ ਨਗਰ ਅਤੇ ਹੋਰ ਨੇੜਲੇ ਪਿੰਡਾਂ ਦੇ ਲੋਕ ਵੀ ਮੁਹਾਲੀ ਵਿੱਚ ਹੀ ਅੰਤਿਮ ਸਸਕਾਰ ਕਰਨ ਲਈ ਆਉਂਦੇ ਹਨ। ਇਹੀ ਨਹੀਂ ਖਰੜ ਵਿੱਚ ਵੀ ਇੱਕ ਸ਼ਮਸ਼ਾਨਘਾਟ ਹੋਣ ਕਾਰਨ ਉੱਥੋਂ ਦੇ ਵਸਨੀਕ ਵੀ ਮੁਹਾਲੀ ਸ਼ਮਸ਼ਾਨਘਾਟ ਵਿੱਚ ਆਉਂਦੇ ਹਨ। ਕੁਲਜੀਤ ਬੇਦੀ ਨੇ ਕਿਹਾ ਕਿ ਅੰਤਿਮ ਸਸਕਾਰ ਕਰਨ ਲਈ ਆਉਣ ਵਾਲੇ ਪਰਿਵਾਰਾਂ ਨਾਲ ਵੱਡੀ ਗਿਣਤੀ ਗੱਡੀਆਂ ਹੋਣ ਕਾਰਨ ਅਕਸਰ ਇੱਥੇ ਟਰੈਫ਼ਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।
ਹਾਲਾਂਕਿ ਸ਼ਮਸ਼ਾਨਘਾਟ ਵਿੱਚ ਵਾਹਨ ਪਾਰਕਿੰਗ ਬਹੁਤ ਵੱਡੀ ਹੈ ਪ੍ਰੰਤੂ ਇਸ ਦੇ ਬਾਵਜੂਦ ਲੋਕਾਂ ਨੂੰ ਬਾਹਰ ਸੜਕ ਦੇ ਦੋਵੇਂ ਪਾਸੇ ਗੱਡੀਆਂ ਖੜੀਆਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਇੱਕੋ ਇੱਕ ਹੱਲ ਨਵੇਂ ਸੈਕਟਰਾਂ ਲਈ ਇੱਕ ਵੱਖਰਾ ਸ਼ਮਸ਼ਾਨਘਾਟ ਬਣਾਇਆ ਜਾਵੇ ਤਾਂ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰ ਦੇ ਅਕਾਲ ਚਲਾਣੇ ਤੋਂ ਬਾਅਦ ਹੋਰ ਦੁਖੀ ਅਤੇ ਪ੍ਰੇਸ਼ਾਨ ਨਾ ਹੋਣਾ ਪਵੇ।
ਉਨ੍ਹਾਂ ਗਮਾਡਾ ਦੇ ਮੁੱਖ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕੀਤੀ ਕਿ ਨਵਾਂ ਸ਼ਮਸ਼ਾਨਘਾਟ ਨਵੀਨਤਮ ਤਕਨੀਕ ਨਾਲ ਇਲੈਕਟਰਿਕ ਮਸ਼ੀਨ ਨਾਲ ਵੀ ਲੈਸ ਹੋਵੇ ਤਾਂ ਜੋ ਜਿਨ੍ਹਾਂ ਲੋਕਾਂ ਨੇ ਇਲੈਕਟਰਿਕ ਮਸ਼ੀਨ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਦਾ ਸਸਕਾਰ ਕਰਨਾ ਹੋਵੇ ਉਨ੍ਹਾਂਨੂੰ ਇਹ ਸਹੂਲਤ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਨਵੇਂ ਸ਼ਮਸ਼ਾਨਘਾਟ ਦੀ ਪਾਰਕਿੰਗ ਵੀ ਜ਼ਿਆਦਾ ਵੱਡੀ ਬਣਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਗੱਡੀਆਂ ਪਾਰਕ ਹੋ ਸਕਣ ਅਤੇ ਜਾਮ ਲੱਗਣ ਦੀ ਨੌਬਤ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 301ਵਾਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 301ਵਾਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 6 ਮ…