ਮੁੱਖ ਸਕੱਤਰ ਵੱਲੋਂ ਡੈਲਟਾ ਪਲੱਸ ਦੇ ਫੈਲਾਅ ਨੂੰ ਰੋਕਣ ਲਈ ਨਿਗਰਾਨੀ ਵਧਾਉਣ ਅਤੇ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਦੇ ਆਦੇਸ਼

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਜੀਐਮਸੀ ਪਟਿਆਲਾ ਵਿਖੇ ’ਹੋਲ ਜੀਨੋਮ ਸੀਕੁਐਂਸਿੰਗ ਮਸ਼ੀਨ’ ਲਗਾਉਣ ਦੇ ਪ੍ਰਸਤਾਵ ’ਤੇ ਕੀਤਾ ਜਾ ਰਿਹੈ ਕੰਮ

ਡਾਟਾ ਲੈਣ ਦੀ ਪ੍ਰਕਿਰਿਆ ਨੂੰ ਸਵੈਚਾਲਿਤ ਕਰਨ ਲਈ ਕੋਵਿਡ ਦੇ ਨਮੂਨਿਆਂ ’ਤੇ ਲਗਾਏ ਜਾਣਗੇ ਬਾਰ ਕੋਡ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 27 ਜੂਨ:
ਸੂਬੇ ਵਿੱਚ ਡੈਲਟਾ ਪਲੱਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਡੈਲਟਾ ਪਲੱਸ, ਜੋ ਕੋਵਿਡ ਦਾ ਤੇਜ਼ੀ ਨਾਲ ਫੈਲਣ ਵਾਲਾ ਸਰੂਪ ਹੈ, ’ਤੇ ਕਾਬੂ ਪਾਉਣ ਲਈ ਨਿਗਰਾਨੀ ਵਧਾਉਣ ਤੋਂ ਇਲਾਵਾ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਨੂੰ ਯਕੀਨੀ ਬਣਾਉਣ ਵਾਸਤੇ ਸਰਕਾਰੀ ਅਮਲੇ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਥੇ ਕੋਵਿਡ ਰਿਸਪਾਂਸ ਗਰੁੱਪ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿੱਚ ਡੈਲਟਾ ਪਲੱਸ ਵੇਰੀਐਂਟ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਜਿਨਾਂ ਵਿੱਚੋਂ ਪਟਿਆਲਾ ਅਤੇ ਲੁਧਿਆਣਾ ਵਿੱਚ 1-1 ਮਾਮਲਾ ਰਿਪੋਰਟ ਕੀਤਾ ਗਿਆ ਹੈ।ਉਨਾਂ ਕਿਹਾ ਕਿ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਵਾਇਰਸ ਦੇ ਇਸ ਸਰੂਪ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਨਿਗਰਾਨੀ ਵਧਾਉਣ ਅਤੇ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ।
ਉਨਾਂ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀਐਚਐਸਸੀ) ਵੱਲੋਂ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ’ਹੋਲ ਜੀਨੋਮ ਸੀਕੁਐਂਸਿੰਗ’ ਮਸ਼ੀਨ ਲਗਾਉਣ ਸਬੰਧੀ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ।
ਮੁੱਖ ਸਕੱਤਰ ਨੇ ਲੈਬਾਟਰੀਆਂ ਵਿੱਚ ਡਾਟਾ ਪ੍ਰੋਸੈਸਿੰਗ ’ਚ ਲੱਗਦੇ ਸਮੇਂ ਨੂੰ ਬਚਾਉਣ ਦੇ ਮੰਤਵ ਨਾਲ ਕੋਵਿਡ ਦੇ ਨਮੂਨਿਆਂ ’ਤੇ ਬਾਰ ਕੋਡ ਲਗਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਲੈਬਾਟਰੀਆਂ ਵਿੱਚ ਡਾਟਾ ਲੈਣ ਦੀ ਪ੍ਰਕਿਰਿਆ ਨੂੰ ਸਵੈਚਾਲਿਤ ਕੀਤਾ ਜਾ ਸਕੇ ਅਤੇ ਰਿਪੋਰਟ ਦਾ ਨਤੀਜਾ ਆਉਣ ਦੇ ਸਮੇਂ ਨੂੰ ਘਟਾਇਆ ਜਾ ਸਕੇ।
ਇਸ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਰੋਕਣ ਲਈ ਸੂਬੇ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਦੱਸਿਆ ਕਿ ਲਾਗ ਦੀ ਕਿਸੇ ਵੀ ਸੰਭਾਵੀ ਲਹਿਰ ਦੇ ਟਾਕਰੇ ਲਈ ਨੀਤੀ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਆਈ.ਸੀ.ਐਮ.ਆਰ. ਨੇ ਡਰਾਈ ਸਵੈਬ ਟੈਸਟਿੰਗ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਵਿੱਚ ਵੀ.ਟੀ.ਐਮ. ਅਤੇ ਐਮ.ਆਰ.ਐਨ.ਏ. ਐਕਸਟ੍ਰੈਕਸ਼ਨ ਜ਼ਰੀਏ ਨਮੂਨੇ ਲੈਣ ਦੀ ਲੋੜ ਨਹੀਂ ਪੈਂਦੀ। ਸੂਬੇ ਵੱਲੋਂ ਇਸ ਵਿਧੀ ਦੀ ਵਰਤੋਂ 1000 ਨਮੂਨਿਆਂ ’ਤੇ ਅਜ਼ਮਾਇਸ਼ੀ ਆਧਾਰ ’ਤੇ ਕੀਤੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਟੀਕਾਕਰਨ, ਬਿਮਾਰੀ ਦੇ ਨਤੀਜੇ ਅਤੇ ਹੋਲ ਜੀਨੋਮ ਸੀਕੁਐਂਸਿੰਗ ਨੂੰ ਪਹਿਲਾਂ ਹੀ ਕੋਵਾ ਮੋਬਾਈਲ ਐਪ ਨਾਲ ਜੋੜ ਦਿੱਤਾ ਗਿਆ ਹੈ ਅਤੇ ਹੋਰ ਪੈਰਾਮੀਟਰਾਂ ਨੂੰ ਵੀ ਇਸ ਐਪ ਨਾਲ ਜਲਦੀ ਜੋੜ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜੀ.ਆਈ.ਐਸ. ਲਿੰਕਿਗ ਵੀ ਕੀਤੀ ਜਾ ਸਕਦੀ ਹੈ।
ਮੁੱਖ ਸਕੱਤਰ ਨੇ ਸਿਹਤ ਅਧਿਕਾਰੀਆਂ ਨੂੰ ਕੋਵਿਡ ਪਾਜ਼ੇਟਿਵ ਕੇਸਾਂ ਦੀ ਉੱਚ ਦਰ ਵਾਲੇ ਜ਼ਿਲਿਆਂ ਦੀ ਨੇੜਿਓਂ ਨਿਗਰਾਨੀ ਕਰਨ ਲਈ ਕਿਹਾ ਅਤੇ ਜ਼ਿਲਾ ਮਹਾਂਮਾਰੀ ਵਿਗਿਆਨੀਆਂ ਨੂੰ ਉਨਾਂ ਨਾਲ ਸਬੰਧਤ ਜ਼ਿਲਿਆਂ ਵਿੱਚ ਉਨਾਂ ਇਲਾਕਿਆਂ ਦੀ ਪਛਾਣ ਕਰਨ ਦੇ ਆਦੇਸ਼ ਦਿੱਤੇ, ਜਿਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆ ਰਹੇ ਹਨ।
ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਸ੍ਰੀ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਹੁਸਨ ਲਾਲ, ਸਕੱਤਰ ਸਿਹਤ ਅਤੇ ਐਨ.ਐਚ.ਐਮ., ਪੰਜਾਬ ਦੇ ਐਮ.ਡੀ. ਸ੍ਰੀ ਕੁਮਾਰ ਰਾਹੁਲ, ਕਾਰਜਕਾਰੀ ਡਾਇਰੈਕਟਰ ਐਸਐਚਐਸਆਰਸੀ ਡਾ: ਰਾਜੇਸ਼ ਕੁਮਾਰ, ਕੋਵਿਡ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਅਤੇ ਪੰਜਾਬ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…