ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨਾਲ ਧਰਨੇ ’ਤੇ ਬੈਠੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ

ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ’ਤੇ ਚੜ੍ਹੀਆਂ ਅਧਿਆਪਕਾਵਾਂ ਵੱਲੋਂ ਭੁੱਖ-ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ

ਪੰਜਾਬ ਦੀ ਆਪ ਸਰਕਾਰ ’ਤੇ ਲਾਇਆ ਵਾਅਦਾਖ਼ਿਲਾਫ਼ੀ ਦਾ ਦੋਸ਼, ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਪੰਜਾਬ ਦੀ ਆਪ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਹੋਰ ਤਿੱਖਾ ਅਤੇ ਗੁਪਤ ਐਕਸ਼ਨ ਕਰਨ ਦਾ ਐਲਾਨ ਕੀਤਾ ਹੈ। ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਪਿੰਡ ਸੋਹਾਣਾ ਦੀ ਪਾਣੀ ਦੀ ਟੈਂਕੀ ਉੱਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੀਆਂ ਸਿੱਪੀ ਸ਼ਰਮਾ ਅਤੇ ਵੀਰਪਾਲ ਕੌਰ ਨੇ ਭੁੱਖ-ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਨੂੰ ਅੱਜ ਉਸ ਸਮੇਂ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਪੂਰੀ ਵਾਹ ਲਾਵੇਗੀ। ਵਿਧਾਨ ਸਭਾ ਵਿੱਚ ਵੀ ਖਹਿਰਾ ਨੇ ਇਹ ਮੁੱਦਾ ਚੁੱਕਿਆਂ ਸੀ ਪਰ ਐਤਕੀਂ ਉਸ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ।
ਸੁਖਪਾਲ ਖਹਿਰਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸਿਆਸਤ ਵਿੱਚ ਫੇਲ੍ਹ ਦੱਸਦਿਆਂ ਕਿਹਾ ਕਿ ਇਹ ਦੋਵੇਂ ਆਗੂ ਨਿਰਾ ਝੂਠ ਕੇ ਲੋਕਾਂ ਨੂੰ ਗੁਮਰਾਹ ਕਰਦੇ ਆ ਰਹੇ ਹਨ। ਇਸ ਵਾਰ ਪੰਜਾਬ ਦੇ ਲੋਕਾਂ ਨੇ ਵੀ ਬਦਲਾਅ ਲਿਆਉਣ ਦੇ ਚੱਕਰ ਵਿੱਚ ਝਾੜੂ ਦੇ ਹੱਕ ਵਿੱਚ ਫ਼ਤਵਾ ਦਿੱਤਾ ਸੀ ਅਤੇ ਚੋਣਾਂ ਵੇਲੇ ਕੇਜਰੀਵਾਲ ਅਤੇ ਮਾਨ ਨੇ ਇਹ ਗੱਲ ਬੜੇ ਦਾਅਵੇ ਨਾਲ ਆਖੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਇਨਸਾਫ਼ ਲਈ ਧਰਨੇ ਨਹੀਂ ਲਾਉਣੇ ਪੈਣਗੇ ਪ੍ਰੰਤੂ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਪ ਸਰਕਾਰ ਬਣੀ ਹੈ, ਉਸ ਦਿਨ ਤੋਂ ਲੜੀਵਾਰ ਧਰਨੇ ਚੱਲ ਰਹੇ ਹਨ। ਜਿਸ ਤੋਂ ਪਤਾ ਚਲਦਾ ਹੈ ਕਿ ਰਾਜ ਦੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ।
ਇਸ ਮੌਕੇ ਸੁਖਪਾਲ ਖਹਿਰਾ ਨੇ ਟੈਂਕੀ ’ਤੇ ਚੜ੍ਹੀ ਸਿੱਪੀ ਸ਼ਰਮਾ ਨਾਲ ਸਪੀਕਰ ਆਨ ਕਰਕੇ ਫੋਨ ’ਤੇ ਗੱਲ ਕੀਤੀ। ਪੀੜਤ ਅੌਰਤ ਨੇ ਕਿਹਾ ਕਿ ਪਿਛਲੇ ਸਾਲ ਵੀ ਇਨਸਾਫ਼ ਲਈ ਉਹ ਇਸੇ ਟੈਂਕੀ ’ਤੇ ਚੜ੍ਹੇ ਸੀ। ਉਦੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਉਨ੍ਹਾਂ ਇਹ ਭਰੋਸਾ ਦੇ ਕੇ ਥੱਲੇ ਉਤਾਰਿਆ ਸੀ ਕਿ ਆਪ ਦੀ ਸਰਕਾਰ ਬਣਨ ਉਪਰੰਤ ਪਹਿਲ ਦੇ ਆਧਾਰ ’ਤੇ ਉਨ੍ਹਾਂ ਦਾ ਮਸਲਾ ਹੱਲ ਕੀਤਾ ਜਾਵੇਗਾ ਪਰ ਸੱਤ ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਜਿਸ ਕਾਰਨ ਉਨ੍ਹਾਂ ਨੂੰ ਮੁੜ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ ਹੈ। ਸੂਬਾ ਪ੍ਰਧਾਨ ਗੁਰਲਾਭ ਸਿੰਘ ਅਤੇ ਹੋਰਨਾਂ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…