ਚੱਲੇ ਹੋਏ ਕਾਰਤੂਸਾਂ ਦਾ ਮਿਲਗੋਭਾ ਹੈ ਨਵਾਂ ਸ਼੍ਰੋਮਣੀ ਅਕਾਲੀ ਦਲ: ਡਾ.ਰਾਣੂ

ਸੁਖਦੇਵ ਢੀਂਡਸਾ ਦੇ ‘ਸ਼੍ਰੋਮਣੀ ਅਕਾਲੀ ਦਲ’ ਨੂੰ ਨਹੀਂ ਮਿਲੇਗੀ ਚੋਣ ਕਮਿਸ਼ਨ ਤੋਂ ਮਾਨਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਸਹਿਜਧਾਰੀ ਸਿੱਖ ਪਾਰਟੀ ਦੇ ਸੁਪਰੀਮੋ ਡਾ. ਪਰਮਜੀਤ ਸਿੰਘ ਰਾਣੂ ਨੇ ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਕਿ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਨਵੇ ਬਣੇ ‘ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ’ ਨੂੰ ਭਾਰਤ ਚੋਣ ਕਮਿਸ਼ਨ ਵੱਲੋ ਇਸ ਨਾਂ ’ਤੇ ਪ੍ਰਵਾਨਗੀ ਨਹੀਂ ਮਿਲ ਪਾਵੇਗੀ ਕਿਉਂਕਿ ਸਹਿਜਧਾਰੀ ਸਿੱਖ ਪਾਰਟੀ ਇਸ ਤਕਨੀਕੀ ਅੜਿੱਕੇ ਚੋ ਲੰਘ ਚੁਕੀ ਹੈ।
ਡਾ. ਰਾਣੂ ਨੇ ਦੱਸਿਆ ਕਿ 4 ਨਵੰਬਰ 2001 ਨੂੰ ਸਹਿਜਧਾਰੀਆਂ ਨੇ ਭਾਰਤ ਚੋਣ ਕਮਿਸ਼ਨ ਕੋਲ ਇਸੇ ਨਾਮ ’ਤੇ ਦਰਖ਼ਾਸਤ ਦਿੱਤੀ ਸੀ। ਚੋਣ ਕਮਿਸ਼ਨ ਨੇ ਆਪਣੇ ਪੱਤਰ 18 ਦਸੰਬਰ 2001 ਰਾਹੀਂ ਸਾਫ਼ ਮਨ੍ਹਾ ਕਰ ਦਿੱਤਾ ਸੀ ਕਿ ‘ਸ਼੍ਰੋਮਣੀ ਅਕਾਲੀ ਦਲ’ ਪਹਿਲਾਂ ਹੀ ਇਕ ਸੂਬੇ ਦੀ ਮਾਨਤਾ ਪ੍ਰਾਪਤ ਰਜਿਸਟਰਡ ਪਾਰਟੀ ਹੈ ਅਤੇ ਇਹ ਨਾਮ ਮਿਲਦਾ ਜੁਲਦਾ ਹੋਣ ਕਾਰਨ ਵੋਟਰਾਂ ਵਿੱਚ ਭਰਮ ਪੈਦਾ ਕਰੇਗਾ ਜਿਸ ਕਰਕੇ ਕੋਈ ਹੋਰ ਨਾਮ ਰੱਖਿਆ ਜਾਵੇ। ਫਿਰ ਇਹ ‘ਸਹਿਜਧਾਰੀ ਸਿੱਖ ਫੈਡਰੇਸ਼ਨ’ ਰਜਿਸਟਰਡ ਹੋਈ ਜੋ ਬਾਅਦ ਵਿੱਚ ‘ਸਹਿਜਧਾਰੀ ਸਿੱਖ ਪਾਰਟੀ’ ਬਣੀ। ਉਨ੍ਹਾਂ ਕਿਹਾ ਕਿ ਜੇਕਰ ਢੀਂਡਸਾ ਆਪਣੀ ਪਾਰਟੀ ਨੂੰ ‘ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ’ ਰਜਿਸਟਰਡ ਕਰਵਾਉਣ ਵਿੱਚ ਕਾਮਯਾਬ ਹੁੰਦੇ ਵੀ ਹਨ ਤਾਂ ਸਹਿਜਧਾਰੀ ਸਿੱਖ ਪਾਰਟੀ ਵੀ ਆਪਣੇ ਪਹਿਲੇ ਨਾਮ ‘ਸਹਿਜਧਾਰੀ ਸ਼੍ਰੋਮਣੀ ਅਕਾਲੀ ਦਲ’ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਦਾਅਵਾ ਕਰੇਗੀ।
ਡਾ. ਰਾਣੂ ਨੇ ਕਿਹਾ ਕਿ ਨਵਾਂ ਸ਼੍ਰੋਮਣੀ ਅਕਾਲੀ ਦਲ ਚੱਲੇ ਹੋਏ ਕਾਰਤੂਸਾਂ ਦਾ ਮਿਲਗੋਭਾ ਹੈ ਜਿਨ੍ਹਾਂ ਨੂੰ ਲੋਕ ਨਕਾਰ ਚੁੱਕੇ ਹਨ ਅਤੇ ਇਸ ਪਾਰਟੀ ਦੇ ਖ਼ੁਦ ਪ੍ਰਧਾਨ ਢੀਂਡਸਾ ਕਦੇ ਵੀ ਚੋਣ ਨਹੀ ਜਿੱਤੇ। ਹਰ ਵਾਰ ਬਾਦਲ ਪਰਿਵਾਰ ਦੇ ਆਸਰੇ ਹੀ ਪਾਰਲੀਮੈਂਟ ਵਿੱਚ ਜਾਂਦੇ ਰਹੇ ਅਤੇ ਕੇਂਦਰੀ ਵਜ਼ੀਰ ਵੀ ਬਣੇ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨਾਮ ਰਜਿਸਟਰਡ ਨਾ ਕੀਤਾ ਜਾਵੇ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਨੀਟਾ, ਵਾਈਸ ਪ੍ਰਧਾਨ ਰਘੁਵਿੰਦਰ ਸਿੰਘ, ਯੂਥ ਵਿੰਗ ਪ੍ਰਧਾਨ ਸੁਰਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ ਜੀਤੀ ਸਿੱਧੂ ਨੇ ਕੀਤਾ ਸਵਾਗਤ, ਕਿਹਾ ਪੰਜਾਬ…