ਗੈਂਗਸਟਰਾਂ ਨਾਲ ਮੁਕਾਬਲਾ ਕਰਨ ਵਾਲੇ ਹੌਲਦਾਰ ਰਸ਼ਪ੍ਰੀਤ ਸਿੰਘ ਨੂੰ ਤਰੱਕੀ ਦੇ ਕੇ ਥਾਣੇਦਾਰ ਬਣਾਇਆ

ਐਸਐਸਪੀ ਚਾਹਲ ਨੇ ਸ਼ੁੱਕਰਵਾਰ ਨੂੰ ਏਐਸਆਈ ਬਣੇ ਰਸ਼ਪ੍ਰੀਤ ਸਿੰਘ ਦੇ ਮੋਢੇ ’ਤੇ ਲਗਾਏ ਸਟਾਰ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਗੁਆਂਢੀ ਸੂਬਾ ਹਰਿਆਣਾ ਵਿੱਚ ਬੀਤੀ 26 ਅਪਰੈਲ ਨੂੰ ਗੈਂਗਸਟਰਾਂ ਨਾਲ ਮੁਕਾਬਲਾ ਕਰਨ ਵਾਲੇ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8 ਵਿੱਚ ਤਾਇਨਾਤ ਹੌਲਦਾਰ ਰਸ਼ਪ੍ਰੀਤ ਸਿੰਘ ਨੂੰ ਏਐਸਆਈ ਵਜੋਂ ਤਰੱਕੀ ਦੇ ਕੇ ਨਿਵਾਜਿਆ ਗਿਆ ਹੈ। ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਅੱਜ ਆਪਣੇ ਦਫ਼ਤਰ ਵਿੱਚ ਰਸ਼ਪ੍ਰੀਤ ਸਿੰਘ ਦੇ ਮੋਢਿਆਂ ’ਤੇ ਥਾਣੇਦਾਰ ਦੀ ਤਰੱਕੀ ਸਬੰਧੀ ਸਟਾਰ ਲਗਾਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਥਾਣਾ ਮੁਖੀ ਰਜਨੀਸ਼ ਚੌਧਰੀ ਵੀ ਹਾਜ਼ਰ ਸਨ। ਕੁਝ ਦਿਨ ਪਹਿਲਾਂ ਐਸਐਸਪੀ ਚਾਹਲ ਨੇ ਖ਼ੁਦ ਡੀਜੀਪੀ ਨੂੰ ਇਕ ਪੱਤਰ ਲਿਖ ਕੇ ਹੌਲਦਾਰ ਰਸ਼ਪ੍ਰੀਤ ਸਿੰਘ ਨੂੰ ਲੋਕਲ ਰੈਂਕ ‘ਏਐਸਆਈ’ ਦੀ ਤਰੱਕੀ ਦੇਣ ਲਈ ਸਿਫ਼ਾਰਸ਼ ਕੀਤੀ ਸੀ।
ਜਾਣਕਾਰੀ ਅਨੁਸਾਰ ਇੱਥੋਂ ਦੇ ਫੇਜ਼-9 ਵਿੱਚ ਬੀਤੀ 11 ਮਾਰਚ ਨੂੰ ਲੋਕਾਂ ਦੇ ਘਰਾਂ ਵਿੱਚ ਦੁੱਧ ਸਪਲਾਈ ਕਰਨ ਵਾਲੇ ਦੋਧੀ ਕਮਲਪ੍ਰੀਤ ਸਿੰਘ ਵਾਸੀ ਪਿੰਡ ਚਾਚੂਮਾਜਰਾ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਸਬੰਧੀ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਦੀ ਅਗਵਾਈ ਹੇਠ ਮੁਹਾਲੀ ਪੁਲੀਸ ਦੀ ਟੀਮ ਗੁਪਤ ਸੂਚਨਾ ’ਤੇ ਗੈਂਗਸਟਰਾਂ ਨੂੰ ਫੜਨ ਪਿੰਡ ਕੋਟ ਬਿੱਲਾ (ਹਰਿਆਣਾ) ਗਈ ਸੀ। ਜਿੱਥੇ ਗੈਂਗਸਟਰਾਂ ਨੇ ਆਤਮ ਸਮਰਪਣ ਕਰਨ ਦੀ ਥਾਂ ਉਲਟਾ ਪੁਲੀਸ ਟੀਮ ’ਤੇ ਫਾਇਰਿੰਗ ਕਰ ਦਿੱਤੀ। ਦੁਵੱਲਿਓਂ ਗੋਲੀਬਾਰੀ ਦੌਰਾਨ ਗੈਂਗਸਟਰ ਹੱਥੋਂ ਚੱਲੀ ਗੋਲੀ ਨਾਲ ਰਸ਼ਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਹੋ ਗਿਆ। ਹੌਲਦਾਰ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਸੀ। ਇਸ ਦੇ ਬਾਵਜੂਦ ਉਸ ਨੇ ਗੈਂਗਸਟਰ ਨੂੰ ਮੌਕੇ ’ਤੇ ਭੱਜਣ ਨਹੀਂ ਦਿੱਤਾ। ਬਾਅਦ ਵਿੱਚ ਉਸ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਰਸ਼ਪ੍ਰੀਤ ਦੀ ਲੱਤ ’ਚੋਂ ਗੋਲੀ ਆਰਪਾਰ ਹੋ ਗਈ ਸੀ। ਪੁਲੀਸ ਨੇ ਗੈਂਗਸਟਰ ਹਰਸਿਮਰਨ ਸਿੰਘ ਉਰਫ਼ ਸਿੰਮੂ ਵਾਸੀ ਪਿੰਡ ਨਬੀਪੁਰ (ਅੰਬਾਲਾ) ਸਮੇਤ ਉਸ ਦੇ ਤਿੰਨ ਸਾਥੀਆਂ ਧਰੂਵ ਮੋਹਨ ਗਰਗ ਵਾਸੀ ਗਾਜ਼ਿਆਬਾਦ (ਯੂਪੀ), ਗੁਰਚਰਨ ਸਿੰਘ ਉਰਫ਼ ਗੂਨਾ ਵਾਸੀ ਪਿੰਡ ਰਾਏਪੁਰ ਰਾਣੀ (ਪੰਚਕੂਲਾ) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਸੈਦਪੁਰ (ਡੇਰਾਬੱਸੀ) ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਾਰੇ ਮੁਲਜ਼ਮ ਹੁਣ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ।
ਉਧਰ, ਤਰੱਕੀ ਲੈ ਕੇ ਏਐਸਆਈ ਬਣੇ ਰਸ਼ਪ੍ਰੀਤ ਸਿੰਘ ਨੇ ਡੀਜੀਪੀ ਅਤੇ ਐਸਐਸਪੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਸੈਂਟਰਲ ਥਾਣਾ ਫੇਜ਼-8 ਵਿੱਚ ਸੋਮਵਾਰ ਨੂੰ ਡਿਊਟੀ ਜੁਆਇਨ ਕਰਨਗੇ। ਗੈਂਗਸਟਰਾਂ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਉਹ ਮੈਡੀਕਲ ਲੀਵ ’ਤੇ ਚਲ ਰਹੇ ਹਨ।
ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਸਮੇਤ ਗੈਂਗਸਟਰਾਂ ਨੂੰ ਫੜਨ ਲਈ ਪੂਰੀ ਟੀਮ ਨੂੰ ਵੀ ਸ਼ਲਾਘਾਯੋਗ ਸੇਵਾਵਾਂ ਲਈ ਵਿਸ਼ੇਸ਼ ਪ੍ਰਸੰਸਾ ਪੱਤਰ ਦਿੱਤੇ ਜਾਣਗੇ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …