nabaz-e-punjab.com

ਫਿਰੌਤੀ ਮਾਮਲਾ: ਬੱਬਰ ਖ਼ਾਲਸਾ ਦੇ ਤਿੰਨ ਹੋਰ ਕਾਰਕੁਨ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਮੁਹਾਲੀ ਪੁਲੀਸ ਵੱਲੋਂ ਬੱਬਰ ਖ਼ਾਲਸਾ ਦੇ ਨਾਮ ’ਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹਰਸ਼ਦੀਪ ਸਿੰਘ ਹਰਸ਼ ਵਾਸੀ ਹਾਊਸਿੰਗ ਬੋਰਡ ਕਲੋਨੀ ਸੈਕਟਰ-18, ਜਗਾਧਰੀ, ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਦੀ ਪੁੱਛਗਿੱਛ ਤੋਂ ਬਾਅਦ 3 ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਮੁਲਜ਼ਮ ਨੌਜਵਾਨਾਂ ਦੀ ਪਛਾਣ ਰਵੀ ਕੁਮਾਰ ਵਾਸੀ ਨਰਾਇਣਗੜ੍ਹ (ਹਰਿਆਣਾ), ਬ੍ਰਹਮਜੋਤ ਸਿੰਘ ਵਾਸੀ ਮਹੇਸ਼ ਨਗਰ (ਅੰਬਾਲਾ) ਅਤੇ ਅਮਨਦੀਪ ਸਿੰਘ ਵਾਸੀ ਜਗਾਧਰੀ, ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਵਜੋਂ ਹੋਈ ਹੈ।
ਜਾਂਚ ਅਧਿਕਾਰੀ ਵੱਲੋਂ ਇਨ੍ਹਾਂ ਤਿੰਨੇ ਨੌਜਵਾਨਾਂ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੌਜਵਾਨਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਪੁਲੀਸ ਅਨੁਸਾਰ ਮੁਲਜ਼ਮ ਰਵੀ ਕੁਮਾਰ ਇਕ ਕੈਂਟਰ ਦਾ ਮਾਲਕ ਹੈ, ਜਦੋਂਕਿ ਬ੍ਰਹਮਜੋਤ ਸਿੰਘ ਬਾਰ੍ਹਵੀਂ ਪਾਸ ਅਤੇ ਅਮਨਦੀਪ ਸਿੰਘ ਬੀਏ ਪਾਸ ਹੋਣ ਦੇ ਬਾਵਜੂਦ ਫਿਲਹਾਲ ਵਿਹਲੇ ਘੁੰਮਦੇ ਹਨ। ਪੁਲੀਸ ਅਨੁਸਾਰ ਭਾਵੇਂ ਹਾਲੇ ਤੱਕ ਉਕਤ ਨੌਜਵਾਨਾਂ ਕੋਲੋਂ ਕਿਸੇ ਕਿਸਮ ਦਾ ਹਥਿਆਰ ਜਾਂ ਕੋਈ ਹੋਰ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਹੈ ਪ੍ਰੰਤੂ ਪੁਲੀਸ ਦਾ ਕਹਿਣਾ ਹੈ ਕਿ ਬੱਬਰ ਖ਼ਾਲਸਾ ਦੇ ਨਾਮ ’ਤੇ ਬਣਾਏ ਵੱਟਸਐਪ ਗਰੁੱਪ ਦੇ ਇਹ ਚਾਰੋ ਮੈਂਬਰ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੌਜਵਾਨਾਂ ਨੂੰ ਪੁਲੀਸ ਰਿਮਾਂਡ ਦੌਰਾਨ ਇਕ ਦੂਜੇ ਦੇ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੁਲੀਸ ਫਿਰੌਤੀ ਮਾਮਲੇ ਵਿੱਚ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਥਾਣਾ ਫੇਜ਼-11 ਦੀ ਪੁਲੀਸ ਨੂੰ ਗੁਰਦਿਆਲ ਸਿੰਘ ਵਾਸੀ ਫੇਜ਼-10 ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦਾ ਦਵਾਈਆਂ ਦਾ ਕਾਰੋਬਾਰ ਹੈ ਅਤੇ ਸਨਅਤੀ ਏਰੀਆ ਮੁਹਾਲੀ ਵਿੱਚ ਫੈਕਟਰੀ ਹੈ। ਬੀਤੀ 17 ਜਨਵਰੀ ਦੀ ਰਾਤ ਨੂੰ ਉਸ ਦੇ ਫੋਨ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਖ਼ੁਦ ਨੂੰ ਬੱਬਰ ਖ਼ਾਲਸਾ ਦਾ ਕਾਰਕੁਨ ਦੱਸਦਿਆਂ ਧਮਕੀ ਦਿੱਤੀ ਸੀ ਅਤੇ ਮਗਰੋਂ ਉਸ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪੁਲੀਸ ਨੇ ਫੋਨ ਕਾਲ ਡਿਟੇਲ ਅਤੇ ਲੋਕੇਸ਼ਨ ਟਰੇਸ ਕਰਕੇ ਫੋਨ ਕਰਨ ਵਾਲੇ ਹਰਸ਼ਦੀਪ ਸਿੰਘ ਹਰਸ਼ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਬੱਬਰ ਖ਼ਾਲਸਾ ਦੇ ਨਾਂਅ ’ਤੇ ਵੱਟਸਐਪ ਗਰੁੱਪ ਬਣਾਇਆ ਗਿਆ ਹੈ। ਪੁਲੀਸ ਨੇ ਇਸ ਸਬੰਧੀ ਉਕਤ ਨੌਜਵਾਨਾਂ ਖ਼ਿਲਾਫ਼ ਧਾਰਾ 384, 385, 387, 294 ਅਤੇ 506 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …