Nabaz-e-punjab.com

ਚਾਰ ਕਸ਼ਮੀਰੀ ਨੌਜਵਾਨਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਮੁਹਾਲੀ ਅਦਾਲਤ ’ਚ ਪੇਸ਼

ਯੂਨੀਵਰਸਲ ਇੰਸਟੀਚਿਊਟ ਦੇ ਅਧਿਕਾਰੀ ਦੇ ਸਰਕਾਰੀ ਗਵਾਹ ਵਜੋਂ ਬਿਆਨ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਇੰਜੀਨੀਅਰਿੰਗ ਕਾਲਜ ਜਲੰਧਰ ’ਚੋਂ 1 ਕਿੱਲੋ ਧਮਾਕਾ ਖੇਜ ਸਮਗਰੀ ਅਤੇ ਏਕੇ-47 ਰਾਈਫ਼ਲ ਅਤੇ ਹੋਰ ਅਸਲੇ ਸਮੇਤ ਗ੍ਰਿਫ਼ਤਾਰ ਕਸ਼ਮੀਰੀ ਨੌਜਵਾਨਾਂ ਜਾਹਿਦ ਗੁਲਜ਼ਾਰ, ਯਾਸਿਰ ਰਫ਼ੀਕ ਭੱਟ, ਮੁਹੰਮਦ ਇਸ਼ਰਸ ਸ਼ਾਹ ਅਤੇ ਸੁਹੇਲ ਅਹਿਮਦ ਭੱਟ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਸਥਿਤ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਨੇ ਮੀਡੀਆ ਕਰਮੀਆਂ ਦੇ ਫੋਟੋਆਂ ਖਿੱਚਣ ’ਤੇ ਵੀ ਇਤਰਾਜ਼ ਪ੍ਰਗਟਾਉਂਦਿਆਂ ਘੂਰ ਕੇ ਤੱਕਿਆ ਅਤੇ ਉਨ੍ਹਾਂ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕਰਨ ਲਿਜਾ ਰਹੇ ਪੁਲੀਸ ਕਰਮਚਾਰੀਆਂ ਤੋਂ ਪੁੱਛਿਆ ਕੀ ਮੀਡੀਆ ਨੂੰ ਉਨ੍ਹਾਂ ਦੀਆਂ ਫੋਟੋਆਂ ਖਿੱਚਣ ਦਾ ਅਧਿਕਾਰ ਹੈ।
ਬਚਾਅ ਪੱਖ ਦੇ ਵਕੀਲ ਰਣਜੋਧ ਸਿੰਘ ਸਰਾਓ ਨੇ ਦੱਸਿਆ ਕਿ ਅੱਜ ਕੇਸ ਦੀ ਸੁਣਵਾਈ ਦੌਰਾਨ ਐਨਆਈਏ ਵੱਲੋਂ ਯੂਨੀਵਰਸਲ ਇੰਸਟੀਚਿਊਟ ਡੇਰਾਬੱਸੀ ਦੇ ਪ੍ਰਸ਼ਾਸਨਿਕ ਅਧਿਕਾਰੀ ਦਲਜੀਤ ਸਿੰਘ ਜੋ ਇਸ ਵੇਲੇ ਤੰਗੋਰੀ ਕਾਲਜ ਵਿੱਚ ਤਾਇਨਾਤ ਹਨ ਦੇ ਅਦਾਲਤ ਵਿੱਚ ਸਰਕਾਰੀ ਗਵਾਹ ਵਜੋਂ ਬਿਆਨ ਦਰਜ ਕਰਵਾਏ ਗਏ। ਦਲਜੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਸੁਹੇਲ ਅਹਿਮਦ ਭੱਟ ਯੂਨੀਵਰਸਲ ਇੰਸਟੀਚਿਊਟ ਲਾਲੜੂ ਵਿੱਚ ਪੜ੍ਹਦਾ ਰਿਹਾ ਹੈ। ਅਧਿਕਾਰੀ ਨੇ ਕਸ਼ਮੀਰੀ ਨੌਜਵਾਨ ਦਾ ਹਾਜ਼ਰੀ ਰਜਿਸਟਰ ਅਤੇ ਇੰਸਟੀਚਿਊਟ ਵਿੱਚ ਦਾਖ਼ਲਾ ਲੈਣ ਸਬੰਧੀ ਜਮ੍ਹਾ ਕਰਵਾਏ ਦਸਤਾਵੇਜ਼ਾਂ ਦੀ ਕਾਪੀਆਂ ਵੀ ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 20 ਫਰਵਰੀ ਦਾ ਦਿਨ ਨਿਰਧਾਰਿਤ ਕੀਤਾ ਹੈ। ਉਕਤ ਮਾਮਲਿਆਂ ਸਬੰਧੀ ਮੁਹਾਲੀ ਅਦਾਲਤ ਵੱਲੋਂ ਇਨ੍ਹਾਂ ਕਸ਼ਮੀਰੀ ਨੌਜਵਾਨਾਂ ਸਮੇਤ ਹੋਰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਦੋਸ਼ ਤੈਅ ਕੀਤੇ ਜਾ ਚੁੱਕੇ ਹਨ। ਦਸੰਬਰ 2018 ਵਿੱਚ ਇਨ੍ਹਾਂ ਮਾਮਲਿਆਂ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਸੀ। ਮੁਲਜ਼ਮਾਂ ਖ਼ਿਲਾਫ਼ ਦੇਸ਼ ਧ੍ਰੋਹ, ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਮੁਹਾਲੀ ਬੱਸ ਅੱਡਾ ਤੇ ਸੜਕ ਦੇ ਮਸਲੇ ਦਾ ਆਪਸੀ ਗੱਲਬਾਤ ਰਾਹੀਂ ਹੱਲ ਲੱਭਣ ਦੇ ਹੁਕਮ

ਹਾਈ ਕੋਰਟ ਵੱਲੋਂ ਮੁਹਾਲੀ ਬੱਸ ਅੱਡਾ ਤੇ ਸੜਕ ਦੇ ਮਸਲੇ ਦਾ ਆਪਸੀ ਗੱਲਬਾਤ ਰਾਹੀਂ ਹੱਲ ਲੱਭਣ ਦੇ ਹੁਕਮ ਡਿਪਟੀ …