Nabaz-e-punjab.com

ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਦਾ ਜੀਵਨ ਬੇਹੱਦ ਚਣੌਤੀਆਂ ਭਰਿਆ: ਰੰਗਾਰਾਜਨ ਰਾਘਵਨ

ਸੀਜੀਸੀ ਲਾਂਡਰਾਂ ਦੇ 14ਵੇਂ ਸਾਲਾਨਾ ਡਿਗਰੀ ਵੰਡ ਸਮਾਗਮ ਵਿੱਚ 2100 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ 14ਵੇਂ ਸਾਲਾਨਾ ਡਿਗਰੀ ਵੰਡ ਸਮਾਗਮ ਦੌਰਾਨ ਅਕਾਦਮਿਕ ਵਰ੍ਹੇ 2018-19 ਦੇ ਵੱਖ-ਵੱਖ ਅਕਾਦਮਿਕ ਖੇਤਰ ਇੰਜੀਨੀਅਰਿੰਗ, ਮੈਨੇਜਮੈਂਟ, ਕਾਮਰਸ, ਫਾਰਮੇਸੀ, ਬਾਇਓ ਟੈਕਨਾਲੋਜੀ, ਐਜੂਕੇਸ਼ਨ ਤੇ ਹੋਟਲ ਮੈਨੇਜਮੈਂਟ ਦੇ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਗਰੈਜੂਏਟ 2100 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਅਕਾਦਮਿਕ ਖੇਤਰ ਵਿੱਚ ਮੈਰਿਟ ਲਿਸਟ ਵਿੱਚ ਆਉਣ ਵਾਲੇ ਕੁਲ 56 ਵਿਦਿਆਰਥੀਆਂ ਨੂੰ ਕ੍ਰਮਵਾਰ 22 ਸੋਨੇ, 17 ਚਾਂਦੀ ਅਤੇ 17 ਕਾਂਸੀ ਦੇ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ।
ਐੱਚਸੀਐੱਲ ਇਨਫ਼ੋਸਿਸਟਮ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਰੰਗਾਰਾਜਨ ਰਾਘਵਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਨੈਟਸਕੋਪ ਸਾਫ਼ਟਵੇਅਰ ਦੇ ਮੈਨੇਜਿੰਗ ਡਾਇਰੈਕਟਰ ਅਲੋਕ ਕੋਠਾਰੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਨ੍ਹਾਂ ਮਹਿਮਾਨਾਂ ਸੀਜੀਸੀ ਕੈਂਪਸ ਵਿੱਚ ਪਹੁੰਚਣ ’ਤੇ ਕੈਂਪਸ ਡਾਇਰੈਕਟਰ ਡਾ. ਪੀਐਨ ਹਰੀਸ਼ੀਕੇਸ਼ਾ, ਚੰਡੀਗੜ੍ਹ ਯੂਨੀਵਰਸਿਟੀ ਦੇ ਐਗਜੈਕਟਿਵ ਵਾਈਸ ਪ੍ਰਧਾਨ ਡੀਪੀ ਸਿੰਘ ਅਤੇ ਹਿਮਾਨੀ ਸੂਦ ਡਾਇਰੈਕਟਰ ਕਾਰਪੋਰੇਟ ਰਿਲੇਸ਼ਨ ਸੀਯੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ੍ਰੀ ਰੰਗਾਰਾਜਨ ਰਾਘਵਨ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਸਮੇਂ ਦਾ ਹਾਣੀ ਬਣਨ ਲਈ ਗਿਆਨ ਵਿੱਚ ਵਾਧੇ ਲਈ ਹਮੇਸ਼ਾ ਯਤਨਸ਼ੀਲ ਰਹਿਣ ਅਤੇ ਦ੍ਰਿੜ ਸੰਕਲਪ ਨਾਲ ਜ਼ਿੰਦਗੀ ਵਿੱਚ ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਸਖ਼ਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨਵੀਆਂ ਤਕਨੀਕਾਂ ਨਾਲ ਰੁਜ਼ਗਾਰ ਦੇ ਮੌਕੇ ਖ਼ਤਮ ਨਹੀਂ ਹੋਏ ਸਗੋਂ ਨਵੀਆਂ ਤਕਨੀਕਾਂ ਰੁਜ਼ਗਾਰ ਦੇ ਨਵੇਂ ਮੌਕਿਆਂ ਨੂੰ ਉਜਾਗਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਰਾਸ਼ਟਰ ਦਾ ਸਰਬਪੱਖੀ ਵਿਕਾਸ ਨੌਜਵਾਨਾਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਦਾ ਜੀਵਨ ਬੇਹੱਦ ਚੁਣੌਤੀਆਂ ਭਰਿਆ ਹੈ, ਸਿੱਖਿਆ, ਰੁਜ਼ਗਾਰ ਅਤੇ ਟੈਕਨਾਲੋਜੀ ਅਤੇ ਉਦਯੋਗਿਕ ਢਾਂਚੇ ਵਿੱਚ ਪੁਰਾਣੇ ਸਮਿਆਂ ਦੇ ਮੁਕਾਬਲੇ ਬਹੁਤ ਆਧੁਨਿਕ ਬਦਲਾਅ ਆਏ ਹਨ। ਜਿਨ੍ਹਾਂ ਨੂੰ ਸਮਝਣ ਲਈ ਸਾਨੂੰ ਸਖ਼ਤ ਮਿਹਨਤ ਅਤੇ ਉਚ ਕੋਟੀ ਦੀ ਅਕਾਦਮਿਕ ਸਿੱਖਿਆ ਗ੍ਰਹਿਣ ਕਰਨੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਸਾਨੂੰ ਆਪਣੇ ਜੀਵਨ ਵਿੱਚ ਸਹੀ ਮੁਕਾਮ ਚੁਣਨੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਅਸਫ਼ਲਤਾ ਤੋਂ ਡਰ ਕੇ ਹਾਰ ਨਹੀਂ ਮੰਨਣੀ ਚਾਹੀਦੀ, ਸਫ਼ਲ ਹੋਣ ਲਈ ਮੁੜ ਤੋਂ ਸਹੀ ਗਿਆਨ, ਪਾਰਦਰਸ਼ਿਤਾ, ਨਵੀਂਆਂ ਖੋਜਾਂ, ਅਧਿਆਪਕਾਂ ਦਾ ਸਹਿਯੋਗ ਅਤੇ ਸਹੀ ਅਕਾਦਮਿਕ ਖੇਤਰ ਦੀ ਚੋਣ ਕਰਨਾ ਮਹੱਤਵਪੂਰਣ ਸਥਾਨ ਰੱਖਦਾ ਹੈ। ਜ਼ਿਕਰਯੋਗ ਹੈ ਕਿ ਸੀਜੀਸੀ ਦੇ ਅਕਾਦਮਿਕ ਵਰ੍ਹੇ 2020 ਦੇ ਬੈਚ ਨੂੰ ਮਲਟੀਨੈਸ਼ਨਲ ਕੰਪਨੀਆਂ ਵੱਲੋਂ ਅੌਸਤਨ 6 ਲੱਖ ਸਾਲਾਨਾ ਪੈਕੇਜ਼ ’ਤੇ 2000 ਤੋਂ ਵੱਧ ਆਫ਼ਰ ਮਿਲ ਚੁੱਕੇ ਹਨ। ਜਿਸ ਦੇ ਅੰਤਰਗਤ ਹੁਣ ਤੱਕ ਵਿਦਿਆਰਥੀਆਂ ਨੂੰ 627 ਉਚ ਕੋਟੀ ਦੀਆਂ ਮਲਟੀਨੈਸ਼ਨਲ ਕੰਪਨੀਆਂ ਵੱਲੋਂ 6314 ਪਲੇਟਮੈਂਟ ਆਫ਼ਰਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਉਹ ਸਨ ਜਿਨ੍ਹਾਂ ਨੇ ਉੱਚ ਨੌਕਟ ਐਮਐਨਸੀਜ਼ ਰਾਹੀਂ ਕੌਮੀ ਅਤੇ ਕੌਮਾਤਰੀ ਪੱਧਰ ਦੀਆਂ ਕੰਪਨੀਆਂ ਜਿਵੇਂ ਗੂਗਲ, ਮਾਈਕ੍ਰੋਸਾਫ਼ਟ, ਐਸਏਪੀ, ਮਹਿੰਦਰਾ ਐਂਡ ਮਹਿੰਦਰਾ, ਆਈਬੀਐਮ, ਸੈਮਸੰਗ, ਐਲ ਐਂਡ ਟੀ ਅਤੇ ਟੀਸੀਐਸ ਵਿੱਚ ਆਪਣੀਆਂ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾਈਆਂ ਹਨ। ਸਮਾਗਮ ਦੌਰਾਨ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਮੈਰਿਟ ਦਰਜਾ ਪ੍ਰਾਪਤ ਆਯੂਸ਼ੀ ਸ਼ਰਮਾ ਨੂੰ ਵਾਈਪ੍ਰੋ ਟਕਨਾਲੋਜੀਜ਼, ਕੈਪਜ਼ੈਮਨੀ ਅਤੇ ਜੈਡ ਐਸ ਵੱਲੋਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਹੋਈ ਹੈ ਅਤੇ ਇਸੇ ਤਰ੍ਹਾਂ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਅਮਨ ਕੁਮਾਰ ਵਰਮਾ ਨੂੰ ਪਦਮਨੀ ਵੀਐਨਏ ਮੈਕਟ੍ਰੋਨਿਕਸ ਵੱਲੋਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਹੋਈ ਹੈ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਐਗ਼ਜੈਕਟਿਵ ਵਾਈਸ ਪ੍ਰੈਜ਼ੀਡੈਂਟ ਡੀ.ਪੀ ਸਿੰਘ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉੱਥੋਂ ਦੇ ਹੁਨਰਵੰਦ ਵਿਦਿਆਰਥੀਆਂ ’ਤੇ ਨਿਰਭਰ ਕਰਦੀ ਹੈ ਅਤੇ ਸੰਬੰਧਤ ਦੇਸ਼ ਦੀਆਂ ਸਿੱਖਿਅਕ ਸੰਸਥਾਵਾਂ ਆਪਣੇ ਉੱਚ ਪੱਧਰੀ ਸਿੱਖਿਆ ਮਾਡਲਾਂ, ਗਤੀਸ਼ੀਲ ਖੋਜ ਅਤੇ ਵਿਕਾਸ ਕਾਰਜਾਂ ਰਾਹੀਂ ਰਾਸ਼ਟਰ ਦੀ ਤਰੱਕੀ ’ਚ ਅਹਿਮ ਭੂਮਿਕਾ ਅਦਾ ਕਰਦੇ ਹਨ।ਉਨ੍ਹਾਂ ਕਿਹਾ ਕਿ ਪੜ੍ਹਾਈ ਅਤੇ ਗਿਆਨ ਦਾ ਮੰਤਵ ਸਮਾਜ ਦੀ ਬਿਹਤਰੀ ਹੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿੱਚ ਵੰਨ-ਸੁਵੰਨਤਾ ਤੇ ਵਿਭਿੰਨਤਾ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਵਿਕਸਤ ਕਰਨ ਲਈ ਯਤਨ ਕਰਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਗਰੁੱਪ ਆਫ਼ ਕਾਲਜ ਜਿੱਥੇ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ ਉਥੇ ਹੀ ਖੋਜ ਕਾਰਜਾਂ, ਅੰਤਰਰਾਸ਼ਟਰੀ ਗੱਠਜੋੜਾਂ, ਪਲੇਸਮੈਂਟਾਂ ਰਾਹੀਂ ਵਿਦਿਆਰਥੀਆਂ ਨੂੰ ਹਰ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਉਂਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…