Nabaz-e-punjab.com

ਬੇਅਦਬੀ ਕਾਂਡ: ਸੀਬੀਆਈ ਦੀ ਕਲੋਜ਼ਰ ਰਿਪੋਰਟ ਦਾ ਪੁਲੀਸ ਜਾਂਚ ’ਤੇ ਕੋਈ ਅਸਰ ਨਹੀਂ ਪਵੇਗਾ: ਕੁੰਵਰ ਵਿਜੈ ਪ੍ਰਤਾਪ ਸਿੰਘ

ਅਦਾਲਤ ਵਿੱਚ ਕਲੋਜ਼ਰ ਰਿਪੋਰਟ ਪੇਸ਼ ਹੋਣ ਨਾਲ ਸਾਡੀ ਜ਼ਿੰਮੇਵਾਰੀ ਜ਼ਿਆਦਾ ਵਧੀ: ਆਈਜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਪੰਜਾਬ ਵਿੱਚ ਹੋਰ ਵੱਖ-ਵੱਖ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਸਬੰਧੀ ਸੀਬੀਆਈ ਵੱਲੋਂ ਕਰੀਬ ਸਾਢੇ ਤਿੰਨ ਸਾਲ ਵੱਖ ਵੱਖ ਪਹਿਲੂਆਂ ’ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਪਿਛਲੇ ਦਿਨੀਂ ਅਚਾਨਕ ਯੂ ਟਰਨ ਲੈਂਦਿਆਂ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਕੇਸ ਖ਼ਤਮ ਕਰਨ ਲਈ ਦਾਇਰ ਕੀਤੀ ਕਲੋਜ਼ਰ ਰਿਪੋਰਟ ਦਾ ਪੰਜਾਬ ਪੁਲੀਸ ਦੀ ਜਾਂਚ ’ਤੇ ਕੋਈ ਅਸਰ ਨਹੀਂ ਪਵੇਗਾ। ਇਹ ਗੱਲ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਦੇ ਸੀਨੀਅਰ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਖੀ।
ਆਈਜੀ ਨੇ ਕਿਹਾ ਕਿ ਹਾਂ ਸੀਬੀਬੀਆਈ ਦੀ ਕਲੋਜ਼ਰ ਰਿਪੋਰਟ ਨਾਲ ਪੁਲੀਸ ਦੀ ਥੋੜ੍ਹੀ ਹੋਰ ਜ਼ਿਆਦਾ ਜ਼ਿੰਮੇਵਾਰ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੀ 27 ਮਈ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਿੱਟ ਵੱਲੋਂ ਫਰੀਦਕੋਟ ਅਦਾਲਤ ਵਿੱਚ ਮੁਲਜ਼ਮਾਂ ਦੇ ਖ਼ਿਲਾਫ਼ ਮੁੱਖ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਇਸ ਅਹਿਮ ਦਸਤਾਵੇਜ਼ ਵਿੱਚ ਘਟਨਾਕ੍ਰਮ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਇਸ ਕਾਰਵਾਈ ਨਾਲ ਪੰਜਾਬ ਪੁਲੀਸ ਦੀ ਚਾਰਜਸ਼ੀਟ ਉੱਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸਿੱਟ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਪੁਲੀਸ ਆਪਣੀ ਜਾਂਚ ਨੂੰ ਹੋਰ ਤੇਜ਼ ਕਰੇਗੀ। ਜਦੋਂ ਅਧਿਕਾਰੀ ਨੂੰ ਪਿਛਲੇ ਦਿਨੀਂ ਸਾਥੀ ਕੈਦੀਆਂ ਵੱਲੋਂ ਨਾਭਾ ਜੇਲ੍ਹ ਵਿੱਚ ਮਾਰੇ ਗਏ ਮੁਲਜ਼ਮ ਮਹਿੰਦਰਪਾਲ ਸਿੰਘ ਬਿੱਟੂ ਦੀ ਮੌਤ ਨਾਲ ਸਿੱਟ ਦੀ ਜਾਂਚ ’ਤੇ ਕੋਈ ਅਸਰ ਪਵੇਗਾ ਜਾਂ ਨਹੀਂ ਤਾਂ ਇਸ ਬਾਰੇ ਅਧਿਕਾਰੀ ਦਾ ਕਹਿਣਾ ਸੀ ਕਿ ਫਿਲਹਾਲ ਏਨਾ ਹੀ ਲਿਖੋ ਬਾਕੀ ਬਾਅਦ ਵਿੱਚ ਗੱਲ ਕੀਤੀ ਜਾਵੇਗੀ।
ਉਧਰ, ਦੂਜੇ ਪਾਸੇ ਦੈਨਿਕ ਸਵੇਰਾ ਟੀਵੀ ਚੈਨਲ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਵਿੱਚ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬੜੀ ਬੇਬਾਕੀ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਾਭਾ ਜੇਲ੍ਹ ਵਿੱਚ ਬੰਦ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੀ ਮੌਤ ਨਾਲ ਸਿੱਟ ਦੀ ਕਾਰਵਾਈ ਪ੍ਰਭਾਵਿਤ ਨਹੀਂ ਹੋਵੇਗੀ। ਉਨ੍ਹਾਂ ਇੰਟਰਵਿਊ ਵਿੱਚ ਕਿਹਾ ਕਿ ਸਿੱਟ ਵੱਲੋਂ ਕੋਟਕਪੂਰਾ ਗੋਲੀਕਾਂਡ ਅਤੇ ਬਹਿਬਲ ਕਲਾਂ ਮਾਮਲੇ ਵਿੱਚ ਅਦਾਲਤ ਵਿੱਚ 1-1 ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਕਰੀਬ ਸਾਢੇ ਤਿੰਨ ਸਾਲ ਜਾਂਚ ਕੀਤੀ ਹੈ। ਜੇਕਰ ਸੀਬੀਆਈ ਦੀ ਜਾਂਚ ਕਿਸੇ ਕੰਢੇ ਲੱਗ ਜਾਂਦੀ ਤਾਂ ਪੁਲੀਸ ਨੂੰ ਤਫਤੀਸ਼ ਵਿੱਚ ਇਸ ਦਾ ਕਾਫੀ ਫਾਇਦਾ ਹੋਣਾ ਸੀ।
ਅਧਿਕਾਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦੇਣ ਨਾਲ ਬੇਅਦਬੀ ਮਾਮਲੇ ਦੀ ਜਾਂਚ ਦਾ ਕੰਮ ਬੰਦ ਨਹੀਂ ਹੋਇਆ ਸੀ ਪ੍ਰੰਤੂ ਪੁਲੀਸ ਦੀ ਜਾਂਚ ਕੁਝ ਹੱਦ ਤੱਕ ਠੰਢੀ ਜ਼ਰੂਰ ਪੈ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲੇ ਦੀ ਜਾਂਚ ਦਾ ਕੁਝ ਹਿੱਸਾ ਹਾਲੇ ਤੱਕ ਅਣਛਹਿਆ ਰਹਿ ਗਿਆ ਹੈ। ਉਨ੍ਹਾਂ ਅਣਛੂਹੇ ਪਹਿਲੂਆਂ ਦੀ ਜਾਂਚ ਮੁਕੰਮਲ ਕਰਨ ਤੋਂ ਬਾਅਦ ਇਕ ਹੋਰ ਸਪਲੀਮੈਂਟ ਚਲਾਨ ਪੇਸ਼ ਕੀਤਾ ਜਾਵੇਗਾ। ਬਿੱਟੂ ਤੇ ਹੋਰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੇਰਾਮੁਖੀ ਤੋਂ ਪੁੱਛਗਿੱਛ ਕਰਨ ਸਬੰਧੀ ਅਦਾਲਤ ਵੱਲੋਂ ਆਗਿਆ ਦੇ ਦਿੱਤੀ ਗਈ ਸੀ ਅਤੇ ਸਿੱਟ ਵੱਲੋਂ ਬੀਤੀ ਦੋ ਅਪਰੈਲ ਨੂੰ ਡੇਰਾਮੁਖੀ ਤੋਂ ਪੁੱਛਗਿੱਛ ਕੀਤੀ ਜਾਣੀ ਸੀ ਪ੍ਰੰਤੂ ਲੋਕ ਸਭਾ ਚੋਣਾਂ ਅਤੇ ਜੇਲ੍ਹ ਅਧਿਕਾਰੀਆਂ ਕਾਰਨ ਇਹ ਗੱਲ ਸਿਰੇ ਨਹੀਂ ਚੜੀ। ਇਸ ਸਬੰਧੀ ਲੋੜ ਪੈਣ ’ਤੇ ਦੁਬਾਰਾ ਯਤਨ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …