nabaz-e-punjab.com

ਮੁਹਾਲੀ ਏਅਰਪੋਰਟ ਸੜਕ ’ਤੇ ਨਾਜਾਇਜ਼ ਸ਼ਰਾਬ ਸਮੇਤ ਕਾਰ ਚਾਲਕ ਕਾਬੂ

ਪੁਲੀਸ ਨੂੰ ਦੇਖ ਕੇ ਸ਼ਰਾਬ ਦੀਆਂ ਪੇਟੀਆਂ ਭਰੀ ਕਾਰ ਭਜਾਉਣ ਦੀ ਕੋਸ਼ਿਸ਼, ਬੇਕਾਬੂ ਕਾਰ ਸੜਕ ਕਿਨਾਰੇ ਫੁੱਟਪਾਥ ਨਾਲ ਟਕਰਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਮੰਗਲਵਾਰ ਦੇਰ ਰਾਤ ਸੋਹਾਣਾ ਪੁਲੀਸ ਨੇ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਰ ਚਾਲਕ ਨੂੰ ਹਿਰਾਸਤ ਵਿੱਚ ਲਿਆ ਹੈ। ਤਲਾਸ਼ੀ ਦੌਰਾਨ ਪੁਲੀਸ ਨੇ ਕਾਰ ’ਚੋਂ ਨਾਜਾਇਜ਼ ਸ਼ਰਾਬ ਦੀਆਂ ਚੰਡੀਗੜ੍ਹ ਮਾਰਕਾ ਕਈ ਪੇਟੀਆਂ ਬਰਾਮਦ ਕੀਤੀਆਂ ਹਨ। ਖ਼ਬਰ ਲਿਖੇ ਜਾਣ ਤੱਕ ਪੁਲੀਸ ਕਾਰਵਾਈ ਕਰਨ ਲੱਗੀ ਹੋਈ ਸੀ। ਇਸ ਸਬੰਧੀ ਸੰਪਰਕ ਕਰਨ ’ਤੇ ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਮੁਹਾਲੀ ਏਅਰਪੋਰਟ ਸੜਕ ’ਤੇ ਅੱਜ ਪੁਲੀਸ ਦੀ ਇੱਕ ਟੁਕੜੀ ਵੱਲੋਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਰਾਤ ਸਮੇਂ ਚੰਡੀਗੜ੍ਹ ਵਾਲੇ ਪਾਸਿਓਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲ ਤੇਜ਼ ਰਫ਼ਤਾਰ ਆ ਰਹੀ ਇੱਕ ਕਾਰ ਨੂੰ ਪੁਲੀਸ ਕਰਮਚਾਰੀਆਂ ਨੇ ਜਿਵੇਂ ਹੀ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਨਾਕੇ ’ਤੇ ਰੁਕਣ ਦੀ ਬਜਾਏ ਕਾਰ ਦੀ ਰਫ਼ਤਾਰ ਹੋਰ ਤੇਜ਼ ਕਰਕੇ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ।
ਪੁਲੀਸ ਅਨੁਸਾਰ ਇਸ ਮਗਰੋਂ ਕਾਰ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਫੁੱਟਪਾਥ ਵਿੱਚ ਵੱਜ ਕੇ ਬੰਦ ਹੋ ਗਈ। ਜਿਸ ਕਾਰਨ ਕਾਰ ਦੇ ਸੱਜੇ ਪਾਸੇ ਵਾਲਾ ਟਾਇਰ ਦਾ ਰਿੰਮ ਟੇਢਾ ਹੋ ਗਿਆ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਚਾਲਕ ਨੂੰ ਕਾਬੂ ਕਰ ਲਿਆ। ਇਸ ਹਾਦਸੇ ਕਾਰਨ ਦੇਰ ਰਾਤ ਤੱਕ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹੀ। ਬਾਅਦ ਵਿੱਚ ਪੁਲੀਸ ਨੇ ਕਰੇਨ ਦੀ ਮਦਦ ਨਾਲ ਹਾਦਸਾ ਗ੍ਰਸਤ ਕਾਰ ਨੂੰ ਸੜਕ ’ਚੋਂ ਪਾਸੇ ਹਟਾ ਕੇ ਥਾਣੇ ਲਿਜਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …