nabaz-e-punjab.com

ਮਟੌਰ ਪੁਲੀਸ ਨੇ ਫੇਜ਼-3ਬੀ2 ਵਿੱਚ ਇਮੀਗਰੇਸ਼ਨ ਕੰਪਨੀ ਦੇ ਦਫ਼ਤਰ ਨੂੰ ਕੀਤਾ ਸੀਲ

ਮੁਹਾਲੀ ਵਿੱਚ ਲਗਾਤਾਰ ਵਧ ਰਹੇ ਹਨ ਇਮੀਗਰੇਸ਼ਨ ਧੋਖਾਧੜੀ ਦੇ ਮਾਮਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਮੁਹਾਲੀ ਪੁਲੀਸ ਨੇ ਆਪਣੀ ਚੁੱਪੀ ਤੋੜਦਿਆਂ ਅਣਧਿਕਾਰਤ ਇਮੀਗਰੇਸ਼ਨ ਦਾ ਧੰਦਾ ਕਰਨ ਵਾਲੇ ਜਾਅਲੀ ਏਜੰਟਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਹਾਲਾਂਕਿ ਪਹਿਲਾਂ ਪੁਲੀਸ ਨੇ ਕਈ ਇਮੀਗਰੇਸ਼ਨ ਕੰਪਨੀਆਂ ਦੇ ਪ੍ਰਬੰਧਕਾਂ ਅਤੇ ਦਫ਼ਤਰੀ ਸਟਾਫ਼ ਦੇ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ ਅਤੇ ਕਾਫੀ ਮਾਮਲੇ ਮੁਹਾਲੀ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ ਪ੍ਰੰਤੂ ਇਸ ਦੇ ਬਾਵਜੂਦ ਇਮੀਗਰੇਸ਼ਨ ਦਾ ਧੰਦਾ ਧੜੱਲੇ ਨਾਲ ਚਲ ਰਿਹਾ ਹੈ।
ਮਟੌਰ ਪੁਲੀਸ ਨੇ ਇੱਥੋਂ ਦੇ ਫੇਜ਼-3ਬੀ2 ਵਿੱਚ ਇੱਕ ਇਮੀਗਰੇਸ਼ਨ ਕੰਪਨੀ ਦੇ ਦਫ਼ਤਰ ਨੂੰ ਸੀਲ ਕੀਤਾ ਗਿਆ। ਅੱਜ ਦੇਰ ਸ਼ਾਮੀ ਇਹ ਜਾਣਕਾਰੀ ਦਿੰਦਿਆਂ ਮਟੌਰ ਥਾਣੇ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਲੁਧਿਆਣਾ ਦੇ ਗੁਰੂ ਨਾਨਕ ਦੇਵ ਨਗਰ ਦੇ ਵਸਨੀਕ ਸੰਜੇ ਸ਼ਰਮਾ ਅਤੇ ਅਨਿਲ ਕੁਮਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਗੋਟ ਸਕਸੈਸ ਕੰਸਲਟੈਂਟ ਦੀ ਜਸਲੀਨ ਕੌਰ ਅਤੇ ਵਿਵੇਕ ਰਾਣਾ ਦੇ ਖ਼ਿਲਾਫ਼ ਧਾਰਾ 406\420 ਅਤੇ ਇਮੀਗਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਮਟੌਰ ਪੁਲੀਸ ਨੇ ਇੱਥੋਂ ਦੇ ਸੈਕਟਰ-70 ਵਿੱਚ ਸਥਿਤ 25 ਤੋਂ ਵੱਧ ਇਮੀਗਰੇਸ਼ਨ ਕੰਪਨੀਆਂ ਦੇ ਦਫ਼ਤਰਾਂ ਵਿੱਚ ਅਚਨਚੇਤ ਛਾਪੇਮਾਰੀ ਕਰਕੇ ਦਰਜਨ ਤੋਂ ਵੱਧ ਅਣਅਧਿਕਾਰਤ ਕੰਪਨੀਆਂ ਦੇ ਦਫ਼ਤਰ ਬੰਦ ਕਰਵਾਏ ਸੀ। ਇਨ੍ਹਾਂ ’ਚੋਂ ਕਿਸੇ ਕੋਲ ਵੀ ਲਾਇਸੈਂਸ ਨਹੀਂ ਸੀ।
ਪੀੜਤ ਸੰਜੇ ਸ਼ਰਮਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਆਪਣੇ ਟੀਵੀ ਚੈਨਲ ’ਤੇ ਮੁਹਾਲੀ ਦੀ ਇਮੀਗਰੇਸ਼ਨ ਕੰਪਨੀ ਦਾ ਇਸ਼ਤਿਆਰ ਦੇਖਿਆ। ਕੰਪਨੀ ਵੱਲੋਂ ਵਿਅਕਤੀਆਂ ਨੂੰ ਕੈਨੇਡਾ ਦੇ ਵਰਕ ਪਰਮਿੰਟ ’ਤੇ ਵਿਦੇਸ਼ ਭੇਜਣ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। ਉਸ ਨੇ ਸਕਰੀਨ ’ਤੇ ਦਿਖਾਏ ਗਏ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ ਤਾਂ ਉਸ ਦੀ ਜਸਲੀਨ ਕੌਰ ਨਾਲ ਗੱਲ ਹੋਈ। ਜਿਸ ਨੇ ਉਸ ਨੂੰ ਮੁਹਾਲੀ ਸਥਿਤ ਕੰਪਨੀ ਦੇ ਦਫ਼ਤਰ ਵਿੱਚ ਆ ਕੇ ਮਿਲਣ ਲਈ ਆਖਿਆ ਗਿਆ। ਪੀੜਤ ਅਨੁਸਾਰ ਉਸ ਨੇ 23 ਜਨਵਰੀ 2018 ਨੂੰ ਕੰਪਨੀ ਦਫ਼ਤਰ ਵਿੱਚ ਜਸਲੀਨ ਕੌਰ ਨਾਲ ਮੁਲਾਕਾਤ ਕੀਤੀ ਅਤੇ ਹਫ਼ਤੇ ਬਾਅਦ 30 ਜਨਵਰੀ ਨੂੰ 10 ਹਜ਼ਾਰ ਰੁਪਏ ਜਮ੍ਹਾ ਕਰਵਾਏ ਗਏ। ਉਕਤ ਅੌਰਤ ਨੇ ਉਸ ਨੂੰ ਬਕਾਇਦਾ ਰਸੀਦ ਵੀ ਦਿੱਤੀ ਸੀ। ਇਸ ਮਗਰੋਂ ਉਸ ਨੂੰ ਮੋਬਾਈਲ ਫੋਨ ’ਤੇ ਸੰਦੇਸ਼ ਮਿਲਿਆ ਕਿ ਉਸ ਦਾ ਆਫ਼ਰ ਲੈਟਰ ਆ ਗਿਆ ਹੈ। ਬੀਤੀ 8 ਫਰਵਰੀ ਨੂੰ ਉਸ ਤੋਂ 22 ਹਜ਼ਾਰ ਹੋਰ ਜਮ੍ਹਾ ਕਰਵਾਏ ਗਏ। ਇਸ ਤੋਂ ਬਾਅਦ ਉਕਤ ਅੌਰਤ ਜਾਂ ਕਿਸੇ ਹੋਰ ਮੁਲਾਜ਼ਮ ਨੇ ਉਸ ਦਾ ਫੋਨ ਨਹੀਂ ਚੁੱਕਿਆ ਲੇਕਿਨ ਕੁਝ ਦਿਨਾਂ ਬਾਅਦ ਕੰਪਨੀ ਵੱਲੋਂ ਉਸ ਨੂੰ ਪਾਸਪੋਰਟ, ਆਧਾਰ ਕਾਰਡ, ਆਮਦਨ ਦਾ ਸਾਧਨ ਦੇ ਸਬੂਤ ਅਤੇ ਮਕਾਨ ਦੀ ਵੈਲੂਏਸ਼ਨ ਦੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਆਖਿਆ। ਕੰਪਨੀ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ 7500 ਰੁਪਏ ਹੋਰ ਵਸੂਲ ਕੀਤੇ ਗਏ। ਇਸ ਤਰ੍ਹਾਂ ਕੰਪਨੀ ਨੇ ਉਸ ਕੋਲੋਂ 39 ਹਜ਼ਾਰ 500 ਰੁਪਏ ਹੜੱਪ ਕਰ ਲਏ ਪ੍ਰੰਤੂ ਹੁਣ ਤੱਕ ਉਸ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਅੱਜ ਸ਼ਾਮ ਤੱਕ ਕੰਪਨੀ ਖ਼ਿਲਾਫ਼ ਮਟੌਰ ਥਾਣੇ ਵਿੱਚ ਕਈ ਹੋਰ ਪੀੜਤਾਂ ਦੀਆਂ ਸ਼ਿਕਾਇਤਾਂ ਵੀ ਪੁੱਜੀਆਂ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਰਾਜੀਵ ਕੁਮਾਰ ਨੇ ਕੰਪਨੀ ਦਾ ਦਫ਼ਤਰ ਸੀਲ ਕਰਨ ਦੀ ਪੁਸ਼ਟੀ ਕੀਤੀ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …