Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਵੱਖ ਵੱਖ ਸਕੂਲਾਂ ਦੇ ਬਾਹਰ ਤੰਬਾਕੂ ਵੇਚਣ ਵਾਲਿਆਂ ਦੇ ਕੀਤੇ ਚਲਾਨ ਫੇਜ਼-11 ਦੇ ਥਾਣੇ ਵਿੱਚ ਬਣੀ ‘ਐਂਟੀ ਟੋਬੈਕੋ ਸਕੂਐਡ’ ਐਚਐਚਓ ਅਮਰਪ੍ਰੀਤ ਸਿੰਘ ਨੇ ਕੀਤੀ ਟੀਮ ਦੀ ਅਗਵਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ: ਸਕੂਲਾਂ ਦੇ ਇਰਦ-ਗਿਰਦ ਤੰਬਾਕੂ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਪੁਲਿਸ ਨੇ ਇਸ ’ਤੇ ਕਾਰਵਾਈ ਕਰਨ ਲਈ ਕਰਮਕੱਸੇ ਕਰ ਲਏ ਹਨ। ਥਾਣਾ ਫੇਜ਼-11 ਦੇ ਐਚਐਚਓ ਸ. ਅਮਰਪ੍ਰੀਤ ਸਿੰਘ ਨੇ ਇਸ ਮੁਹਿੰਮ ਦਾ ਆਗਾਜ਼ ਕਰਦੇ ਹੋਏ ਥਾਣੇ ਵਿੱਚ ‘ਐਂਟੀ ਟੋਬੈਕੋ ਸਕੂਐਡ’ ਦਾ ਗਠਨ ਕੀਤਾ। ਇਹ ਪੁਲਿਸ ਟੀਮ ਸਮੇਂ-ਸਮੇਂ ’ਤੇ ਖੇਤਰ ਵਿੱਚ ਵਿੱਦਿਅਕ ਅਦਾਰਿਆਂ, ਦੁਕਾਨਾਂ ਅਤੇ ਜਨਤਕ ਥਾਵਾਂ ਦੀ ਜਾਂਚ ਕਰੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਕਰੇਗੀ। ਅੱਜ ਇਸ ਟੀਮ ਨੇ ਅੱਜ ਤੰਬਾਕੂ ਵਿਰੁੱਧ ਸਰਗਰਮ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਮਦਦ ਨਾਲ ਸਕੂਲਾਂ ਦੇ ਨੇੜੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ਮੁਹਿੰਮ ਦੌਰਾਨ ਦੁਕਾਨਦਾਰਾਂ ਨੂੰ ਮੌਕੇ ’ਤੇ ਜ਼ੁਰਮਾਨਾ ਕੀਤਾ ਗਿਆ ਅਤੇ ਤੰਬਾਕੂ ਉਤਪਾਦਾਂ ਨੂੰ ਤਤਕਾਲ ਪ੍ਰਭਾਵ ਅਧੀਨ ਹਟਾਇਆ ਗਿਆ। ਇਸ ਮੌਕੇ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ। ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਅਤੇ ਡਵੀਜਨਲ ਕੁਆਰਡੀਨੇਟਰ ਹਰਪ੍ਰੀਤ ਸਿੰਘ ਨੇ ਪੁਲਿਸ ਟੀਮ ਨਾਲ ਮਿਲ ਕੇ ਮਾਪਿਆਂ ਨੂੰ ਜਾਗਰੂਕ ਕੀਤਾ ਅਤੇ ਪਰਚੇ ਵੰਡੇ। ਦੱਸਣਯੋਗ ਹੈ ਕਿ ਸੂਬੇ ਵਿੱਚ ਇਹ ਪਹਿਲੀ ਵਾਰ ਹੈ ਕਿ ਇਕੱਲੀ ਪੁਲਿਸ ਟੀਮ ਵੱਲੋਂ ਤੰਬਾਕੂ ਕੰਟਰੋਲ ਐਕਟ ਨੂੰ ਲਾਗੂ ਕਰਵਾਉਣ ਲਈ ਯਤਨ ਉਲੀਕੇ ਗਏ ਹਨ ਕਿਉਂਕਿ ਹੁਣ ਤੱਕ ਸਿਰਫ ਸਿਹਤ ਵਿਭਾਗ ਹੀ ਇਸ ਐਕਟ ਨੂੰ ਲਾਗੂ ਕਰਵਾਉਣ ਲਈ ਜੱਦੋ-ਜਹਿਦ ਕਰਦਾ ਆ ਰਿਹਾ ਸੀ। ਉੱਧਰ, ਗੱਲਬਾਤ ਕਰਦਿਆਂ ਐਚਐਚਓ ਸ੍ਰੀ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਥਾਣੇ ਅਧੀਨ ਆਉਂਦੇ ਖੇਤਰ ਵਿੱਚ ‘ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ, 2003’ ਯਾਨੀ ‘ਕੋਟਪਾ’ ਨੂੰੰ ਸਖਤੀ ਨਾਲ ਲਾਗੂ ਕਰਵਾਉਣਗੇ। ਉਹਨਾਂ ਕਿਹਾ ਕਿ ਮੁਹਿੰਮ ਦੇ ਪਹਿਲੇ ਪੜਾਅ ਅਧੀਨ ਵਿਦਿਆਰਥੀਆਂ ਨੂੰੰ ਇਸ ਅਲਾਮਤ ਤੋਂ ਬਚਾਉਣ ਲਈ ਇਸ ਕਾਨੂੰਨ ਦੀ ਧਾਰਾ 6ਬੀ ਨੂੰ ਸਮੁੱਚੇ ਖੇਤਰ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮੁਤਾਬਕ ਕਿਸੇ ਵੀ ਵਿੱਦਿਅਕ ਅਦਾਰੇ ਦੇ 100 ਗਜ਼ ਦੇ ਘੇਰੇ ਵਿੱਚ ਕੋਈ ਵੀ ਤੰਬਾਕੂ ਉਤਪਾਦ ਨਹੀਂ ਵੇਚਿਆ ਜਾ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਕਿ ਪੁਲਿਸ ਉਸ ਨੂੰ ਜ਼ੁਰਮਾਨਾ ਕਰੇਗੀ। ਉਹਨਾਂ ਕਿਹਾ ਅੱਜ ਦੀ ਮੁਹਿੰਮ ਵਿੱਚ ਉਹਨਾਂ ਨੇ ਕਰੀਬ 10 ਦੁਕਾਨਾਂ ਦੀ ਜਾਂਚ ਕੀਤੀ ਜਿਸ ਵਿੱਚ 3 ਦੁਕਾਨਦਾਰ ਤੰਬਾਕੂ ਉਤਪਾਦ ਵੇਚਦੇ ਪਾਏ ਗਏ। ਉਹਨਾਂ ਕਿਹਾ ਕਿ ਇੱਕ ਦੁਕਾਨਦਾਰ ਤਾਂ ਇੱਕ ਕਾਨਵੈਂਟ ਸਕੂਲ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਤੰਬਾਕੂ ਵੇਚ ਰਿਹਾ ਸੀ। ਇਸ ਮੌਕੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਟੀਮ ਨੇ ਅੱਜ 3 ਦੁਕਾਨਦਾਰਾਂ ਨੂੰ 600 ਰੁਪਏ ਜ਼ੁਰਮਾਨਾ ਕੀਤਾ ਹੈ। ਉਹਨਾਂ ਕਿਹਾ ਕਿ ਗਲੋਬਲ ਯੂਥ ਤੰਬਾਕੂ ਸਰਵੇ-2009-10 ਮੁਤਾਬਕ 13 ਤੋਂ 15 ਸਾਲ ਦੇ ਵਿਦਿਆਰਥੀਆਂ ਦੇ ਵਰਗ ਵਿੱਚ 14.6 ਫੀਸਦੀ ਵਿਦਿਆਰਥੀ ਕਿਸੇ ਨਾ ਕਿਸੇ ਤੰਬਾਕੂ ਉਤਪਾਦ ਦੀ ਵਰਤੋਂ ਕਰਦੇ ਹਨ ਜੋ ਕਿ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਕਰੀਬ 80 ਫੀਸਦੀ ਮੂੰਹ ਦੇ ਕੈਂਸਰਾਂ ਦਾ ਕਾਰਨ ਇਕੱਲਾ ਤੰਬਾਕੂ ਹੈ ਅਤੇ ਸਾਡੇ ਦੇਸ਼ ਵਿੱਚ ਰੋਜ਼ਾਨਾ ਕਰੀਬ 5500 ਲੋਕ ਤੰਬਾਕੂ ਖਾਣਾ ਸ਼ੁਰੂ ਕਰਦੇ ਹਨ। ਉਹਨਾਂ ਕਿਹਾ ਕਿ ਪੁਲੀਸ ਟੀਮ ਨਾਲ ਮਿਲ ਆਉਣ ਵਾਲੇ ਦਿਨਾਂ ਵਿੱਚ ਹੋਰ ਸਕੂਲਾਂ ਦੇ ਆਸ ਪਾਸ ਦੇ ਖੇਤਰ ਦੀ ਵੀ ਜਾਂਚ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ