ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ, ਮੁਹਾਲੀ ਦੀਆਂ 3 ਵਿਦਿਆਰਥਣਾਂ ਨੇ ਕਾਲਜ ਦਾ ਨਾਮ ਕੀਤਾ ਰੌਸ਼ਨ

ਪੰਜਾਬ ਦੀ ਮੈਰਿਟ ਵਿੱਚ ਸੀਮਾ ਨੇ ਪਹਿਲਾ, ਰਿੰਕਲ ਰਾਣਾ ਨੇ ਦੂਜਾ ਤੇ ਰਮਨਦੀਪ ਕੌਰ ਵੱਲੋਂ 7ਵਾਂ ਸਥਾਨ ਹਾਸਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕਾਊਂਸਲ ਵੱਲੋਂ ਐਲਾਨੇ ਗਏ ਜੀ.ਐਨ.ਐਮ. ਪਹਿਲੇ ਸਾਲ ਦੇ ਨਤੀਜੇ ਵਿੱਚ ਮੋਹਾਲੀ ਦੇ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਬਲੌਂਗੀ, ਮੋਹਾਲੀ ਦੀਆਂ 3 ਵਿਦਿਆਰਥਣਾਂ ਨੇ ਕਾਲਜ ਦਾ ਨਾਮ ਰੌਸ਼ਨ ਕਰਦਿਆਂ ਪੰਜਾਬ ਭਰ ਵਿੱਚ ਪਹਿਲਾ, ਦੂਜਾ ਅਤੇ ਸੱਤਵਾਂ ਸਥਾਨ ਹਾਸਿਲ ਕੀਤਾ ਹੈ। ਪੀ.ਐਨ.ਆਰ.ਸੀ. ਵੱਲੋਂ ਇੰਟਰਨੈਟ ਤੇ ਜਾਰੀ ਕੀਤੇ ਨਤੀਜਿਆਂ ਅਨੁਸਾਰ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਬਲੌਂਗੀ, ਮੋਹਾਲੀ ਦੀ ਵਿਦਿਆਰਥਣ ਸੀਮਾ (ਰੋਲ ਨੰਬਰ 3211061) ਨੇ 500 ਵਿਚੋਂ 431 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ।
ਇਸੇ ਕਾਲਜ ਦੀ ਰਿੰਕਲ ਰਾਣਾ (ਰੋਲ ਨੰਬਰ 3211056) ਨੇ 425 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਰਮਨਦੀਪ ਕੌਰ ਨੇ 500 ਵਿਚੋਂ 408 ਅੰਕ ਹਾਸਲ ਕਰਕੇ ਪੰਜਾਬ ਭਰ ਵਿਚ ਸੱਤਵਾਂ ਸਥਾਨ ਲੈ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹੀ ਨਹੀਂ ਕਾਲਜ ਦੀਆਂ ਬਾਕੀ ਵਿਦਿਆਰਥਣਾਂ ਨੇ ਵੀ ਵਧੀਆ ਅੰਕ ਹਾਸਿਲ ਕਰਕੇ ਕਾਲਜ ਦਾ ਨਾਮ ਉੱਚਾ ਕੀਤਾ ਹੈ। ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ, ਐਮ ਡੀ ਜਸਵਿੰਦਰ ਕੌਰ ਵਾਲੀਆ ਸਮੇਤ ਸਮੁੱਚੇ ਸਟਾਫ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਪੰਜਾਬ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਸੀਮਾ ਕੁਮਾਰੀ ਨੇ ਕਿਹਾ ਕਿ ਕਾਲਜ ਦਾ ਸਟਾਫ ਬਹੁਤ ਹੀ ਜ਼ਿਆਦਾ ਸਹਿਯੋਗੀ ਹੈ ਅਤੇ ਉਨ੍ਹਾਂ ਨੂੰ ਹਮੇਸ਼ਾਂ ਮਾਤਾ ਸਾਹਿਬ ਕੌਰ ਕਾਲਜ ਵਿਚ ਘਰ ਵਰਗਾ ਮਾਹੌਲ ਮਿਲਿਆ ਜਿੱਥੇ ਅਧਿਆਪਕ ਦੋਸਤਾਨਾ ਢੰਗ ਨਾਲ ਬੇਹਤਰੀਨ ਸਿੱਖਿਆ ਮੁਹਈਆ ਕਰਵਾਉਂਦੇ ਹਨ। ਇਸ ਵਿਦਿਆਰਥਣ ਨੇ ਕਿਹਾ ਕਿ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ, ਐਮ ਡੀ ਮੈਡਮ ਜਸਵਿੰਦਰ ਕੌਰ ਵਾਲੀਆ ਅਤੇ ਪ੍ਰਿੰਸੀਪਲ ਰਜਿੰਦਰ ਕੌਰ ਢੱਡਾ ਸਮੂਹ ਵਿਦਿਆਰਥਣਾਂ ਨੂੰ ਮਾਪਿਆਂ ਵਰਗਾ ਪਿਆਰ ਦਿੰਦੇ ਹਨ ਜਿਸ ਨਾਲ ਵਿਦਿਆਰਥਣਾਂ ਦਾ ਹੌਂਸਲਾ ਹੋਰ ਵੀ ਬੁਲੰਦ ਹੁੰਦਾ ਹੈ। ਉਨ੍ਹਾਂ ਆਪਣੀ ਸਫਲਤਾ ਦਾ ਸਿਹਰਾ ਕਲਾਸਾ ਟੀਚਰ ਜਸਵੀਰ ਕੌਰ ਅਤੇ ਗਗਨ ਬਾਲਾ ਅਤੇ ਆਪਣੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਮਿਲਣ ਕਾਰਨ ਹੀ ਉਨ੍ਹਾਂ ਦਾ ਨਤੀਜਾ ਇੰਨਾ ਬਿਹਤਰ ਰਿਹਾ ਹੈ।
ਇਨ੍ਹਾਂ ਨਤੀਜਿਆਂ ਤੇ ਮਾਣ ਕਰਦੇ ਹੋਏ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਇਨ੍ਹਾਂ ਵਿਦਿਆਰਥਣਾਂ ਅਤੇ ਕਾਲਜ ਦੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦਾ ਹਮੇਸ਼ਾਂ ਇਹ ਉਪਰਾਲਾ ਰਹਿੰਦਾ ਹੈ ਕਿ ਵਿਦਿਆਰਥਣਾਂ ਨੂੰ ਵਧੀਆ ਢੰਗ ਨਾਲ ਨਰਸਿੰਗ ਦੀ ਸਿੱਖਿਆ ਮੁਹਈਆ ਕਰਵਾਈ ਜਾਵੇ ਤਾਂ ਜੋ ਉਹ ਅੱਵਲ ਦਰਜੇ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਕਾਲਜ ਦੇ ਸਲਾਨਾ ਸਮਾਗਮ ਦੌਰਾਨ ਇਨ੍ਹਾਂ ਵਿਦਿਆਰਥਣਾਂ ਨੂੰ ਕਾਲਜ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਪਹਿਲੀ ਅਤੇ ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਬਾਕਾਇਦਾ ਤੌਰ ’ਤੇ ਕ੍ਰਮਵਾਰ 31 ਅਤੇ 21 ਹਜ਼ਾਰ ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ।
ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਅਤੇ ਪ੍ਰਿੰਸੀਪਲ ਰਾਜਿੰਦਰ ਕੌਰ ਢੱਡਾ ਨੇ ਪਹਿਲੀ, ਦੂਜੀ ਅਤੇ ਸੰਤਵੀਂ ਪੁਜ਼ੀਸ਼ਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਦਿਆਂ ਇਨ੍ਹਾਂ ਵਿਦਿਆਰਥਣਾਂ ਦੇ ਉਜਵਲ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…