‘ਪ੍ਰਭ ਆਸਰਾ’ ਸੰਸਥਾ ਨੇ ਅੱਠ ਹੋਰ ਲਾਵਾਰਿਸਾਂ ਨੂੰ ਦਿੱਤਾ ਆਸਰਾ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਮਾਰਚ:
ਸਥਾਨਕ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਲਵਾਰਸ਼ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਪਡਿਆਲਾ ਵਿੱਚ ਵੱਖ ਵੱਖ ਥਾਵਾਂ ਤੋਂ ਪਹੁੰਚੇ ਅੱਠ ਹੋਰ ਲਵਾਰਸ ਨਾਗਰਿਕਾਂ ਨੂੰ ਆਸਰਾ ਦਿੱਤਾ ਗਿਆ। ਪ੍ਰਬੰਧਕਾਂ ਵੱਲੋਂ ਇਨ੍ਹਾਂ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਖੁਸ਼ਬੂ ਕੁਮਾਰੀ 17-18 ਸਾਲਾ ਨੌਜੁਆਨ ਲੜਕੀ ਜੋ ਕਿ ਦੋਨੋਂ ਲੱਤਾਂ ਤੋਂ ਅਪੰਗ ਹੈ ਤੇ ਆਪਣਾ ਪਤਾ ਪਟਨਾ ਬਿਹਾਰ ਦਾ ਦੱਸ ਰਹੀ ਹੈ, ਨੂੰ ਕੋਈ ਵਿਆਕਤੀ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲਿਆਇਆ ਤੇ ਕੁਝ ਦਿਨ ਆਪਣਾ ਨਾਲ ਰੱਖਣ ਮਗਰੋਂ ਕੁਰਾਲੀ ਲਿਆ ਕੇ ਛੱਡ ਦਿੱਤਾ ਸੀ। ਜਿਸ ਨੂੰ ‘ਪ੍ਰਭ ਆਸਰਾ’ ਦਾਖਲ ਕਰਵਾਇਆ ਗਿਆ। ਜਿਸ ਬਾਰੇ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਅਜਮੇਰ ਸਿੰਘ 65 ਸਾਲ ਨਾਮਕ ਵਿਆਕਤੀ ਬਜ਼ੁਰਗ ਨੂੰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੁਹਾਲੀ ਵੱਲੋਂ ‘ਪ੍ਰਭ ਆਸਰਾ’ ਭੇਜਿਆ ਗਿਆ ਜੋ ਕਿ ਪਿੰਡ ਡਕੌਲੀ ਵਿਖੇ ਤਰਸਯੋਗ ਹਾਲਤ ਵਿਚ ਪ੍ਰਸ਼ਾਸਨ ਨੂੰ ਮਿਲਿਆ ਸੀ ਜੋ ਆਪਣੇ ਬਾਰੇ ਕੁਝ ਵੀ ਦੱਸਣ ਤੋਂ ਅਸਮਰਥ ਹੈ। ਇਸੇ ਤਰ੍ਹਾਂ ਉਰਮਿਲਾ ਗਨੇਸਾ 50 ਸਾਲਾ ਅੌਰਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਮਾਜ ਦਰਦੀ ਸੱਜਣਾਂ ਦੇ ਸਹਿਯੋਗ ਨਾਲ ਸੰਸਥਾ ਪਹੁੰਚਾਇਆ ਗਿਆ ਜੋ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ ਕੁਝ ਮਹੀਨਿਆਂ ਤੋਂ ਲਵਾਰਸ਼ ਹਾਲਤ ਵਿਚ ਘੁੰਮ ਰਹੀ ਸੀ। ਦਿਮਾਗੀ ਤੌਰ ਤੇ ਪ੍ਰੇਸ਼ਾਨ ਅੌਰਤ ਨੂੰ ਪੁਲਿਸ ਵੱਲੋਂ ਸੰਸਥਾ ਦੇ ਪ੍ਰਬੰਧਕਾਂ ਸਪੁਰਦ ਕੀਤਾ ਗਿਆ। ਇਸੇ ਤਰ੍ਹਾਂ ਪੰਮਾ 45 ਸਾਲ ਵਿਅਕਤੀ ਸੰਸਥਾ ਦੇ ਪ੍ਰਬੰਧਕਾਂ ਨੂੰ ਲਵਾਰਸ ਹਾਲਤ ਵਿਚ ਘੁੰਮਦਾ ਮਿਲਿਆ ਸੀ।
ਇੰਝ ਤਰ੍ਹਾਂ ਮਖਮਲੀ 70 ਨਾਮਕ ਬਜ਼ੁਰਗ ਅੌਰਤ ਪਿੰਡ ਪੱਕੀ ਰੁੜਕੀ ਵਿਖੇ ਤਰਸਯੋਗ ਹਾਲਤ ਵਿਚ ਘੁੰਮ ਰਹੀ ਸੀ ਇਸ ਅੌਰਤ ਨੂੰ ਨਗਰ ਪੰਚਾਇਤ ਵੱਲੋਂ ‘ਪ੍ਰਭ ਆਸਰਾ’ ਸੰਸਥਾ ਵਿਚ ਦਾਖਲ ਕਰਵਾਇਆ ਗਿਆ। ਇਸੇ ਤਰ੍ਹਾਂ ਸੋਨੀਆ 15 ਸਾਲ ਨੌਜੁਆਨ ਲੜਕੀ, 14 ਸਾਲਾ ਅੰਜਲੀ ਨਾਮਕ ਨੌਜੁਆਨ ਲੜਕੀ ਅਤੇ ਨੰਨਾ 15 ਸਾਲਾ ਨਾਮਕ ਲੜਕੇ ਨੂੰ ਚਾਈਲਡ ਵੈਲਫੇਅਰ ਕਮੇਟੀ ਪੰਚਕੁਲਾ ਵੱਲੋਂ ‘ਪ੍ਰਭ ਆਸਰਾ’ ਸੰਸਥਾ ਵਿਖੇ ਪਹੁੰਚਾਇਆ ਗਿਆ। ਜੋ ਕਿ ਚਾਈਲਡ ਕਮੇਟੀ ਪੰਚਕੂਲਾ ਨੂੰ ਤਰਸਯੋਗ ਹਾਲਤ ਵਿਚ ਮਿਲੇ ਸਨ। ਇਸ ਸਬੰਧੀ ਗਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਲੋਕਾਂ ਨੂੰ ਪੀਲ ਕੀਤੀ ਕਿ ਉਕਤ ਵਿਅਕਤੀਆਂ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ।