Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਕੈਪਟਨ ਸਿੱਧੂ, ਬਲਬੀਰ ਸਿੱਧੂ ਤੇ ਸ਼ੇਰਗਿੱਲ ਵਿੱਚ ਤਿਕੌਣਾ ਫਸਵਾਂ ਮੁਕਾਬਲਾ ਉਮੀਦਵਾਰਾਂ ਨੂੰ ਸ਼ਹਿਰੀ ਤੇ ਕਲੋਨੀਆਂ ਦੀਆਂ ਵੋਟਾਂ ’ਤੇ ਟੇਕ, ਪਾਰਟੀ ਆਗੂਆਂ ਵੱਲੋਂ ਅੱਡੀ ਚੋਟੀ ਦਾ ਲਗਾਇਆ ਜਾ ਰਿਹਾ ਹੈ ਜ਼ੋਰ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ: ਪੰਜਾਬ ਵਿੱਚ ਭਲਕੇ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਮੁਹਾਲੀ ਵਿੱਚ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਬਨਾਮ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਵਿੱਚ ਸਿੱਧਾ ਮੁਕਾਬਲਾ ਬਣਨ ਦੇ ਆਸਾਰ ਮੱਧਮ ਪੈ ਗਏ ਹਨ। ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਨੌਜਵਾਨ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਇਲਾਕੇ ਦੇ ਲੋਕਾਂ ਦੇ ਮਿਲੇ ਭਰਵੇਂ ਸਹਿਯੋਗ ਕਾਰਨ ਐਤਕੀਂ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਤਿਕੌਣਾ ਫਸਵਾਂ ਮੁਕਾਬਲਾ ਬਣ ਗਿਆ ਹੈ। ਉਮੀਦਵਾਰਾਂ ਨੂੰ ਸ਼ਹਿਰੀ ਅਤੇ ਕਲੋਨੀਆਂ ਦੀਆਂ ਵੋਟਾਂ ’ਤੇ ਟੇਕ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਮੋਰਚਾ ਫਤਹਿ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਭਲਕੇ ਵੋਟਾਂ ਪੈਣਗੀਆਂ ਅਤੇ 11 ਮਾਰਚ ਨੂੰ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਕੈਪਟਨ ਸਿੱਧੂ ਨੇ ਜਿਥੇ ਮੁਹਾਲੀ ਦਾ ਡਿਪਟੀ ਕਮਿਸ਼ਨਰ ਹੁੰਦਿਆਂ ਸਾਰੇ ਵਰਗਾਂ ਦਾ ਪੂਰਾ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੇ ਧੜੇਬੰਦੀ ਦਾ ਸ਼ਿਕਾਰ ਹੋਣ ਦੀ ਬਜਾਏ ਹਮੇਸ਼ਾਂ ਹੀ ਵਿਕਾਸ ਨੂੰ ਤਰਜੀਹ ਦਿੱਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੰਡੀ ਬੋਰਡ ਦਾ ਸਕੱਤਰ ਹੁੰਦਿਆਂ ਵੀ ਲੋਕਾਂ ਨਾਲ ਰਾਬਤਾ ਕਾਇਮ ਰੱਖਿਆ। ਜਿਸ ਦਾ ਉਹ ਪੂਰਾ ਲਾਹਾ ਲੈਣ ਦੀ ਤਾਕ ਵਿੱਚ ਹਨ। ਹਾਲਾਂਕਿ ਸਾਰੇ ਅਕਾਲੀ ਧੜੇ ਉਨ੍ਹਾਂ ਦੇ ਨਾਲ ਚਲ ਰਹੇ ਹਨ ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਕਈ ਸਥਾਨਕ ਆਗੂ ਅੰਦਰੋਂ ਖੁਸ਼ ਨਹੀਂ ਹਨ। ਇਹੀ ਨਹੀਂ ਕਈ ਸੀਨੀਅਰ ਆਗੂ ਚੋਣ ਪ੍ਰਚਾਰ ਮੁਹਿੰਮ ਵਿੱਚ ਲਗਾਤਾਰ ਦਿਖਾਈ ਨਹੀਂ ਦਿੱਤੇ ਹਨ। ਆਪ ਦੇ ਉਮੀਦਵਾਰ ਨਰਿੰਦਰ ਸ਼ੇਰਗਿੱਲ ਵੀ ਜ਼ਿਲ੍ਹੇ ਦੀ ਜਾਣੀ ਪਛਾਣੀ ਸ਼ਖਸੀਅਤ ਹਨ ਅਤੇ ਉਨ੍ਹਾਂ ਨੇ ਵੀ ਆਪਣੀ ਕਾਬਲੀਅਤ ਦਾ ਸਬੂਤ ਦੇਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਨ੍ਹਾਂ ਲਈ ਸਭ ਤੋਂ ਵੱਡੀ ਇਹ ਹੈ ਕਿ ਪਾਰਟੀ ਵਿੱਚ ਉਨ੍ਹਾਂ ਦਾ ਸਿੱਧੇ ਤੌਰ ’ਤੇ ਕੋਈ ਵਿਰੋਧ ਨਹੀਂ ਹੈ। ਹਾਲਾਂਕਿ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੂੰ ਕੁੱਝ ਮੁਸ਼ਕਲਾਂ ਦਾ ਜਰੂਰ ਸਾਹਮਣਾ ਕਰਨਾ ਪਿਆ ਹੈ ਲੇਕਿਨ ਅਖੀਰਲੇ ਦਿਨਾਂ ਵਿੱਚ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਵੋਟਰਾਂ ’ਤੇ ਪਕੜ ਮਜ਼ਬੂਤ ਕਰ ਲਈ ਹੈ। ਇਸੇ ਤਰ੍ਹਾਂ ਮੌਜੂਦਾ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਪਾਰਟੀ ਦੇ ਸਰਬ ਪ੍ਰਵਾਨਿਤ ਉਮੀਦਵਾਰ ਹਨ। ਕਾਂਗਰਸ ਵਿੱਚ ਐਤਕੀਂ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ ਹੈ ਜਦੋਂ ਕਿ ਪਿਛਲੀ ਵਾਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਲਖਵਿੰਦਰ ਕੌਰ ਗਰਚਾ ਨੇ ਸਿੱਧੂ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਸੀ। ਸ੍ਰੀ ਸਿੱਧੂ ਪਿਛਲੀ ਕਈ ਟਰਮਾਂ ਤੋਂ ਲਗਾਤਾਰ ਜਿੱਤਦੇ ਆ ਰਹੇ ਹਨ ਪਰ ਐਤਕੀਂ ਤਿੰਨਾਂ ਪਾਰਟੀਆਂ ਦੇ ਉਮੀਦਵਾਰ ਕਾਫੀ ਮਜ਼ਬੂਤ ਸਥਿਤੀ ਵਿੱਚ ਹਨ ਅਤੇ ਸਾਰੇ ਹੀ ਆਪੋ ਆਪਣੀ ਜਿੱਤ ਲਈ ਕਾਫੀ ਆਸਵੰਦ ਵੀ ਹਨ। ਉਧਰ, ਸੇਵਾਮੁਕਤ ਐਸਪੀ ਸਰਬਜੀਤ ਸਿੰਘ ਪੰਧੇਰ ਦੇ ਪੁੱਤਰ ਤੇ ਰਣਜੀ ਖਿਡਾਰੀ ਪਰਨੀਤ ਸਿੰਘ ਪੰਧੇਰ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਹਨ ਜਦੋਂ ਕਿ ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਡੈਮੋਕ੍ਰੇਟਿਕ ਸਵਰਾਜ ਪਾਰਟੀ (ਡੀਐਸਪੀ) ਦੀ ਟਿਕਟ ’ਤੇ ਚੋਣ ਲੜੇ ਹਨ। ਉਨ੍ਹਾਂ ਨੂੰ ਪਟਿਆਲਾ ਤੋਂ ਆਪ ਦੇ ਬਾਗੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਰਾਜਨੀਤਕ ਦਲ ਪੰਜਾਬ ਫਰੰਟ ਦਾ ਸਮਰਥਨ ਵੀ ਹਾਸਲ ਹੈ। ਇੰਝ ਹੀ ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਸੂਬਾਈ ਪ੍ਰਧਾਨ ਇੰਜ: ਗੁਰਕਿਰਪਾਲ ਸਿੰਘ ਮਾਨ ਵੀ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ (ਏਪੀਪੀ) ਨੇ ਪਿੰਡ ਬਾਕਰਪੁਰ ਦੇ ਛੋਟੇ ਕਿਸਾਨ ਮਹਿੰਦਰਪਾਲ ਸਿੰਘ ਸਮੇਤ ਬਸਪਾ ਦੇ ਉਮੀਦਵਾਰ ਪ੍ਰੋ. ਸਰਬਜੀਤ ਸਿੰਘ, ਹਿੰਦੂਸਤਾਨ ਸ਼ਕਤੀ ਸੈਨਾ ਦੇ ਅਮਿਤ ਸ਼ਰਮਾ, ਭਾਰਤ (ਇੰਟਰਗਰੇਟਿੰਡ) ਰਕਸ਼ਕ ਪਾਰਟੀ ਦੇ ਕ੍ਰਿਸ਼ਨ ਗੋਪਾਲ ਸ਼ਰਮਾ, ਬਹੁਜਨ ਮੁਕਤੀ ਪਾਰਟੀ ਦੇ ਕਿਸੋਰ ਪਾਲ ਸਮੇਤ ਆਜ਼ਾਦ ਉਮੀਦਵਾਰ ਕੰਵਰਜੋਤ ਕੌਰ, ਕੁਲਜੀਤ ਸਿੰਘ, ਪਰਮਜੀਤ ਸਿੰਘ ਵੀ ਚੋਣ ਮੈਦਾਨ ਵਿੱਚ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ