ਅਕਾਲੀ ਦਲ ਦੇ ਉਮੀਦਵਾਰ ਕੈਪਟਨ ਸਿੱਧੂ ਵੱਲੋਂ ਮੁਹਾਲੀ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਨੂੰ ਤਰਜੀਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਮੁਹਾਲੀ ਵਿਧਾਨ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਅੱਜ ਫੇਜ਼-11 ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਫੇਜ਼-11 ਦੀ ਸਮੂਹ ਸੰਗਤ ਨੇ ਢੋਲੀਆਂ ਨਾਲ ਜੈਕਾਰੇ ਛੱਡਦੇ ਹੋਏ ਕੈਪਟਨ ਸਿੱਧੂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਕੈਪਟਨ ਸਿੱਧੂ ਨੇ ਲੋਕਾਂ ਦੇ ਭਾਰੀ Îਇਕੱਠ ਨੂੰ ਸੰਬੋਧਨ ਕਰਦਿਆਂ ਆਪਣੇ ਚੋਣ ਨਿਸ਼ਾਨ ਤੱਕੜੀ ’ਤੇ ਮੋਹਰ ਲਾ ਕੇ ਮੁਹਾਲੀ ਹਲਕੇ ਦੀ ਖੁਸ਼ਹਾਲੀ ਅਤੇ ਸਮੁੱਚਾ ਵਿਕਾਸ ਕਰਾਉਣ ਲਈ ਅਕਾਲੀ ਦਲ ਨੂੰ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਕੈਪਟਨ ਸਿੱਧੂ ਨੇ ਆਪਣੇ ਚੋਣ ਮੈਨੀਫੈਸਟੋ ਬਾਰੇ ਦੱਸਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਹਿਯੋਗ ਨਾਲ ਉਨ੍ਹਾਂ ਨੇ ਵੱਡੇ ਪੱਧਰ ’ਤੇ ਹਲਕਾ ਮੁਹਾਲੀ ਦੇ ਵਿਕਾਸ ਦੀਆਂ ਵੱਡੇ ਪੱਧਰ ’ਤੇ ਯੋਜਨਾਵਾਂ ਉਲੀਕੀਆਂ ਹਨ, ਜਿਨ੍ਹਾਂ ਵਿਚੋਂ ਮੁਹਾਲੀ ਨੂੰ ਇਕ ਬਹੁਤ ਹੀ ਵੱਡਾ ਆਈ.ਟੀ. ਹੱਬ ਬਣਾਉਣਾ ਅਤੇ ਮੁਹਾਲੀ ਵਿੱਚ ਅੰਤਰ ਰਾਸ਼ਟਰੀ ਵਪਾਰਕ ਕੇਂਦਰ ਸਥਾਪਤ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਵਿਚ ਘੱਟ ਤੋਂ ਘੱਟ 5 ਮਹਿਲਾਵਾਂ ਦੇ ਪੁਲਿਸ ਸਟੇਸ਼ਨ ਬਣਾਏ ਜਾਣਗੇ, ਜਿਥੇ ਸਿਰਫ਼ ਮਹਿਲਾ ਕਰਮਚਾਰੀ ਹੀ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਹਿਲਾਵਾਂ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੀਆਂ ਪ੍ਰਮੱੁਖ ਥਾਵਾਂ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਕੀਤਾ ਜਾਵੇਗਾ।
ਕੈਪਟਨ ਸਿੱਧੂ ਨੇ ਕਿਹਾ ਕਿ ਹਰ ਪਿੰਡ ਵਿਚ ਖੇਡ ਕੇਂਦਰ ਅਤੇ ਜ਼ਿਮਨੇਜ਼ੀਅਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਮੁਹਾਲੀ ਹਲਕੇ ਵਿਚ ਘੱਟ ਕੀਮਤ ਦੇ ਮਕਾਨ ਬਣਾ ਕੇ ਘੱਟ ਵਿਆਜ਼ ਦਰਾਂ ’ਤੇ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸ਼ਹਿਰ ਦੇ ਹਰ ਵਾਰਡ ਵਿਚ ਵਿਕਾਸ ਕੰਮਾਂ ਨੂੰ ਉਥੋਂ ਦੇ ਨਾਗਰਿਕਾਂ ਦੇ ਸਹਿਯੋਗ ਨਾਲ ਹਰ ਕੰਮ ਪਾਰਦਰਸ਼ਤਾ ਨਾਲ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਮੁਹਾਲੀ ਸ਼ਹਿਰ ’ਚ 24 ਘੰਟੇ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਵਾਰਡ ਅਤੇ ਹਰ ਪਿੰਡ ਵਿਚ ਕਲੀਨਿਕ ਖੋਲ੍ਹੇ ਜਾਣਗੇ, ਜਿਥੇ ਟੈਸਟਿੰਗ ਲੈਬਾਰਟਰੀ ਹੋਵੇਗੀ। ਮੁਹਾਲੀ ਦੇ ਸਿਵਲ ਹਸਪਤਾਲ ਨੂੰ ਅਪਗਰੇਡ ਕਰਕੇ ਆਧੁਨਿਕ ਜਨਰਲ ਹਸਪਤਾਲ ਬਣਾਇਆ ਜਾਵੇਗਾ ਅਤੇ ਹਰ ਵਾਰਡ ਵਿਚ ਗਰੀਬਾਂ ਵਾਸਤੇ ਮੁਫ਼ਤ ਦਵਾਈ ਕੇਂਦਰ ਖੋਲ੍ਹੇ ਜਾਣਗੇ।
ਇਸ ਮੌਕੇ ਸੁਖਵਿੰਦਰ ਸਿੰਘ ਬਰਨਾਲਾ ਨੇ ਲੋਕਾਂ ਨੂੰ ਕਿਹਾ ਕਿ ਮੁਹਾਲੀ ਦੇ ਲੋਕਾਂ ਦੇ ਭਵਿੱਖ ਨੂੰ ਸਿਰਫ ਕੈਪਟਨ ਸਿੱਧੂ ਹੀ ਸੰਵਾਰ ਸਕਦੇ ਹਨ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਮੁਹਾਲੀ ਹਲਕੇ ਦੇ ਭਲੇ ਤੇ ਵਿਕਾਸ ਲਈ ਅਕਾਲੀ-ਭਾਜਪਾ ਪਾਰਟੀ ਨੂੰ ਤੀਜੀ ਵਾਰ ਸੱਤਾ ਵਿਚ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਇੱਕ ਕੰਮ ਨੂੰ ਵੀ ਸਿਰੇ ਨਹੀਂ ਚੜ੍ਹਾਇਆ ਪਰ ਫਿਰ ਵੀ ਮੁਹਾਲੀ ਸ਼ਹਿਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਦਰਜਾ ਇੱਕ ’ਤੇ ਲਿਆਉਣ ਲਈ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ।
ਸ੍ਰੀ ਬਰਨਾਲਾ ਨੇ ਕਿਹਾ ਕਿ ਇਸ ਗੱਠਜੋੜ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਨੌਜਵਾਨਾਂ ਲਈ ਰੁਜ਼ਗਾਰ, ਗਰੀਬ ਲੜਕੀਆਂ ਲਈ ਸ਼ਗੁਨ ਸਕੀਮਾਂ, ਕਿਸਾਨ ਭਾਈਚਾਰੇ ਲਈ ਵੱਧ ਰਿਆਇਤਾਂ ਅਤੇ 20 ਲੱਖ ਨੌਕਰੀਆਂ ਮੁਹੱਈਆ ਕਰਾਉਣ ਦਾ ਟੀਚਾ ਮਿਥਿਆ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੁਹਾਲੀ ਹਲਕੇ ਦੀ ਕਾਮਯਾਬੀ ਲਈ ਅਕਾਲੀ-ਭਾਜਪਾ ਨੂੰ ਜਿੱਤ ਦਿਵਾਉਣ ਲਈ ਅੱਗੇ ਆਉਣ ਅਤੇ 4 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ’ਤੇ ਮੋਹਰ ਲਾਉਣ। ਇਸ ਮੌਕੇ ਯੂਥ ਆਗੂ ਫਤਹਿ ਸਿੰਘ ਸਿੱਧੂ, ਚੰਦਰ ਮੋਹਨ ਗੋਇਲ, ਸੁਖਵਿੰਦਰ ਛਿੰਦੀ, ਗੋਰਾ ਕੰਗ, ਪ੍ਰਕਾਸ਼ਵਤੀ, ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਭਾਰੀ ਗਿਣਤੀ ਵਿਚ ਫੇਜ਼-11 ਦੇ ਲੋਕ ਦੇ ਹਲਕੇ ਤੇ ਪਤਵੰਤੇ ਸੱਜਣ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…