ਸਫ਼ਾਈ ਸੇਵਕਾਂ ਨੂੰ ਪੱਕਾ ਕਰਨ ਸਮੇਤ ਹੋਰ ਅਹਿਮ ਮਤਿਆਂ ‘ਤੇ ਲੱਗ ਸਕਦੀ ਹੈ ਮੋਹਰ

ਸੋਮਵਾਰ ਨੂੰ ਮੀਟਿੰਗ ’ਚ ਬੱਸ ਕਿਊ ਸ਼ੈਲਟਰਾਂ ਦੇ ਟੈਂਡਰ ਰੱਦ ਕਰਨ ਦਾ ਮਤਾ ਵੀ ਹੋਵੇਗਾ ਪੇਸ਼

ਨਬਜ਼-ਏ-ਪੰਜਾਬ, ਮੁਹਾਲੀ, 22 ਅਗਸਤ:
ਮੁਹਾਲੀ ਨਗਰ ਨਿਗਮ ਦੀ ਮੇਅਰ ਸਰਬਜੀਤ ਸਿੰਘ ਸਮਾਣਾ ਦੀ ਪ੍ਰਧਾਨਗੀ ਹੇਠ 24 ਅਗਸਤ ਨੂੰ ਹੋਣ ਵਾਲੀ ਮੀਟਿੰਗ ’ਚ ਸ਼ਹਿਰ ਦੇ ਸਰਬਪੱਖੀ ਵਿਕਾਸ, ਸਫ਼ਾਈ ਵਿਵਸਥਾ ਅਤੇ ਆਮਦਨ ਵਧਾਉਣ ਨਾਲ ਸਬੰਧਤ ਕਈ ਅਹਿਮ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ। ਮੀਟਿੰਗ ’ਚ ਲਗਭਗ 480 ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਨ, 33 ਬੱਸ ਕਿਊ ਸ਼ੈਲਟਰਾਂ ਦਾ ਵਿਵਾਦਿਤ ਟੈਂਡਰ ਰੱਦ ਕਰਕੇ ਨਵਾਂ ਜਾਰੀ ਕਰਨ, ਬਾਜ਼ਾਰਾਂ ’ਚੋਂ ਗੈਰ-ਕਾਨੂੰਨੀ ਪਾਰਕਿੰਗ ‘ਤੇ ਠੱਲ੍ਹ ਪਾਉਣ ਅਤੇ ਮਸ਼ੀਨੀ ਸਫ਼ਾਈ ਦੇ ਰੂਟ ਬਦਲਣ ਵਰਗੇ ਮਹੱਤਵਪੂਰਨ ਮਤੇ ਹਾਊਸ ’ਚ ਪੇਸ਼ ਕੀਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਨਵਰੀ 2022 ’ਚ ਡਿਊਟੀ ਜੁਆਇਨ ਕਰਨ ਵਾਲੇ 627 ਸਫ਼ਾਈ ਸੇਵਕਾਂ ’ਚੋਂ ਇਸ ਵੇਲੇ 480 ਕਰਮਚਾਰੀ ਨਗਰ ਨਿਗਮ ’ਚ ਸੇਵਾਵਾਂ ਦੇ ਰਹੇ ਹਨ। ਰਿਕਾਰਡ ਮੁਤਾਬਕ ਇਕ ਕਰਮਚਾਰੀ ਲਗਾਤਾਰ ਗੈਰ-ਹਾਜ਼ਰ ਚੱਲ ਰਿਹਾ ਹੈ, ਜਿਸ ਨੂੰ ਹਟਾਉਣ ਦੀ ਪ੍ਰਕਿਰਿਆ ਜਾਰੀ ਹੈ। ਬਾਕੀ 479 ਸਫ਼ਾਈ ਸੇਵਕਾਂ ਨੂੰ ਪੱਕਾ ਕਰਨ ਸਬੰਧੀ ਮਤਾ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਸਰਕਾਰ ਵੱਲੋਂ ਹਾਲੇ ਤੱਕ ਕੋਈ ਸਪੱਸ਼ਟ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਹਾਊਸ ਦੀ ਮਨਜ਼ੂਰੀ ਤੋਂ ਬਾਅਦ ਭਵਿੱਖੀ ਹਦਾਇਤਾਂ ਅਨੁਸਾਰ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਸ਼ਤਿਹਾਰਾਂ ਰਾਹੀਂ ਨਗਰ ਨਿਗਮ ਦੀ ਆਮਦਨ ਵਧਾਉਣ ਲਈ ਸ਼ਹਿਰ ਵਿਚਲੇ 33 ਬੱਸ ਕਿਊ ਸ਼ੈਲਟਰਾਂ ਦੇ ਇਸ਼ਤਿਹਾਰੀ ਹੱਕਾਂ ਦਾ ਪੁਰਾਣਾ ਟੈਂਡਰ ਰੱਦ ਕਰਕੇ ਨਵਾਂ ਈ-ਟੈਂਡਰ ਜਾਰੀ ਕਰਨ ਦਾ ਮਤਾ ਤਿਆਰ ਕੀਤਾ ਗਿਆ ਹੈ। ਜਿਸ ’ਤੇ ਚਰਚਾ ਕਰਨ ਲਈ ਹਾਊਸ ’ਚ ਰੱਖਿਆ ਜਾਵੇਗਾ।
ਸਾਲ 2024 ਵਿਚ 1.04 ਕਰੋੜ ਰੁਪਏ ਦੀ ਰਿਜ਼ਰਵ ਕੀਮਤ ‘ਤੇ ਟੈਂਡਰ ਲਾਇਆ ਗਿਆ ਸੀ। ਬੋਲੀ 1.67 ਕਰੋੜ ਤੱਕ ਪਹੁੰਚ ਗਈ ਸੀ ਪਰ ਤਕਨੀਕੀ ਜਾਂ ਮਾਨਵੀ ਗਲਤੀ ਕਾਰਨ ਇਕ ਬੋਲੀ 16.85 ਕਰੋੜ ਰੁਪਏ ਦੀ ਲੱਗ ਗਈ, ਜਿਸ ਕਾਰਨ ਪੇਚਾ ਫਸ ਗਿਆ। ਪਿਛਲੇ ਡੇਢ ਸਾਲ ਤੋਂ ਸਪੱਸ਼ਟ ਫ਼ੈਸਲਾ ਨਾ ਹੋਣ ਕਰਕੇ ਨਿਗਮ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਹੁਣ ਪੁਰਾਣਾ ਟੈਂਡਰ ਰੱਦ ਕਰਕੇ 1.50 ਕਰੋੜ ਰੁਪਏ ਦੀ ਰਿਜ਼ਰਵ ਕੀਮਤ ’ਤੇ ਨਵੀਂ ਬੋਲੀ ਕਰਵਾਉਣ ਦੀ ਯੋਜਨਾ ਉਲੀਕੀ ਗਈ ਹੈ।
ਮੁਹਾਲੀ ਦੇ ਬਾਜ਼ਾਰਾਂ ’ਚ ਨਿੱਜੀ ਬੱਸਾਂ ਅਤੇ ਵਪਾਰਕ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ ਨਾਲ ਲੱਗਣ ਵਾਲੇ ਜਾਮ ਅਤੇ ਪੈਦਲ ਯਾਤਰੀਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਦੀ ਬਿਹਤਰ ਸਫ਼ਾਈ ਲਈ ਮਕੈਨੀਕਲ ਸਵੀਪਿੰਗ ਮਸ਼ੀਨਾਂ ਦੇ ਮੌਜੂਦਾ ਰੂਟਾਂ ਅਤੇ ਸ਼ਡਿਊਲ ’ਚ ਲੋੜ ਅਨੁਸਾਰ ਸੋਧ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Development and Work

Check Also

ਗਮਾਡਾ ਅਧੀਨ ਆਉਂਦੇ ਸੈਕਟਰਾਂ ਦੀ ਦੁਰਦਸ਼ਾ ਦੀ ਉੱਚ ਪੱਧਰੀ ਜਾਂਚ ਹੋਵੇ: ਹਰਦੇਵ ਉੱਭਾ

ਗਮਾਡਾ ਅਧੀਨ ਆਉਂਦੇ ਸੈਕਟਰਾਂ ਦੀ ਦੁਰਦਸ਼ਾ ਦੀ ਉੱਚ ਪੱਧਰੀ ਜਾਂਚ ਹੋਵੇ: ਹਰਦੇਵ ਉੱਭਾ ਭਾਜਪਾ ਆਗੂ ਨੇ ਜ਼ਿੰਮੇ…