ਕੰਗਨਾ ਰਣੌਤ ਦੀ ਚੰਡੀਗੜ੍ਹ ਏਅਰਪੋਰਟ ‘ਤੇ ਐਂਟਰੀ ਬੰਦ ਕਰਨ ਦੀ ਮੰਗ ਉੱਠੀ<2>
ਨਬਜ਼-ਏ-ਪੰਜਾਬ, ਜ਼ੀਰਕਪੁਰ, 2 ਅਗਸਤ:
ਸਮਾਜਵਾਦੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਮਦਨ ਸ਼ਰਮਾ ਨੇ ਪ੍ਰੈੱਸ ਕਲੱਬ ਜ਼ੀਰਕਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਵਿਦਿਆਰਥੀਆਂ ਬਾਰੇ ਕੀਤੀ ਗਈ ਕਥਿਤ ਟਿੱਪਣੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ”ਦੇਸ਼ ਦੇ ਵਿਦਿਆਰਥੀਆਂ ਬਾਰੇ ਇਸ ਤਰ੍ਹਾਂ ਦੀ ਭਾਸ਼ਾ ਕਿਸੇ ਜਨਤਕ ਨੁਮਾਇੰਦੇ ਨੂੰ ਸ਼ੋਭਾ ਨਹੀਂ ਦਿੰਦੀ। ਭਾਜਪਾ ਹਾਈ ਕਮਾਂਡ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ।” ਮਦਨ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੰਗਨਾ ਰਣੌਤ ਦੀ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਮੁਹਾਲੀ ‘ਤੇ ਐਂਟਰੀ ਬੰਦ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਿਸਾਨਾਂ ਬਾਰੇ ਟਿੱਪਣੀ ਤੋਂ ਬਾਅਦ ਮੁਹਾਲੀ ਏਅਰਪੋਰਟ ‘ਤੇ ਵਾਪਰੀ ਘਟਨਾ ਕਾਰਨ ਏਅਰਪੋਰਟ ਅਤੇ ਸ਼ਹੀਦਾਂ ਦੇ ਨਾਮ ਨਾਲ ਜੁੜੀ ਛਵੀ ਨੂੰ ਨੁਕਸਾਨ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਵੀ ਪੱਤਰ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਵਿਚ ਕੇਂਦਰੀ ਮੰਤਰੀ ਵਿਰੁੱਧ ਹੋਏ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਰੱਦ ਕਰਨ ਦੀ ਵੀ ਮੰਗ ਕੀਤੀ।