Share on Facebook Share on Twitter Share on Google+ Share on Pinterest Share on Linkedin ਲਾਂਡਰਾਂ-ਬਨੂੜ ਤੇ ਚੰਡੀਗੜ੍ਹ ਮੱਧਿਆ ਮਾਰਗ ਨਾਲ ਸਿੱਧੀ ਕਨੈਕਟੀਵਿਟੀ ਲਈ ਸਾਲਾਂਬੱਧੀ ਤਰਸ ਰਹੇ ਲੋਕ ਪਿਛਲੇ 8 ਸਾਲਾ ਤੋਂ ਅਧੂਰਾ ਪਿਆ ਪੁਲ਼ ਹਜ਼ਾਰਾਂ ਲੋਕਾਂ ਲਈ ਮੁਸੀਬਤ ਬਣਿਆ: ਹਰਦੇਵ ਉੱਭਾ ਸੜਕ ਨਿਰਮਾਣ ’ਚ ਲਾਪਰਵਾਹੀ ਦੀ ਨਿਰਪੱਖ ਜਾਂਚ ਤੇ ਜ਼ਿੰਮੇਵਾਰਾਂ ਖ਼ਿਲਾਫ਼ ਹੋਵੇ ਕਾਰਵਾਈ: ਗੁਰਪ੍ਰੀਤ ਕੌਰ ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ: ਮੁਹਾਲੀ ਏਅਰਪੋਰਟ ਸੜਕ (ਸੈਕਟਰ-66/67) ਤੋਂ ਸੈਕਟਰ-80/81 ਰਾਹੀਂ ਵੇਵ ਅਸਟੇਟ ਸੈਕਟਰ-85/84 ਨੂੰ ਜੋੜਨ ਵਾਲੇ ਪੁਲ਼ ਦਾ ਕੰਮ ਪਿਛਲੇ ਲਗਭਗ ਅੱਠ ਸਾਲਾ ਤੋਂ ਲਟਕ ਰਿਹਾ ਹੈ। ਜਿਸ ਕਾਰਨ ਸ਼ਹਿਰ ਵਾਸੀ ਅਤੇ ਆਸਪਾਸ ਦੇ ਲੋਕ ਲਾਂਡਰਾਂ-ਬਨੂੜ ਅਤੇ ਚੰਡੀਗੜ੍ਹ ਮੱਧਿਆ ਮਾਰਗ ਨਾਲ ਸਿੱਧੀ ਕਨੈਕਟੀਵਿਟੀ ਲਈ ਸਾਲਾਂਬੱਧੀ ਤਰਸ ਰਹੇ ਹਨ। ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਨੇ ਮੀਡੀਆ ਵਿਚ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਮੁਹਾਲੀ ਦੀ ਟ੍ਰੈਫਿਕ ਵਿਵਸਥਾ ਅਤੇ ਭਵਿੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਇਹ ਪ੍ਰੋਜੈਕਟ ਹੁਣ ਤੱਕ ਅਧੂਰਾ ਪਿਆ ਹੈ। ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਲੰਬੇ ਰਸਤੇ ਤੈਅ ਕਰਨ, ਟ੍ਰੈਫਿਕ ਜਾਮ, ਸਮੇਂ ਦੀ ਬਰਬਾਦੀ ਅਤੇ ਵਾਧੂ ਇੰਧਨ ਖਰਚ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲ਼ ਮੁਹਾਲੀ ਦੇ ਸਭ ਤੋਂ ਮਹੱਤਵਪੂਰਨ ਆਵਾਜਾਈ ਪ੍ਰੋਜੈਕਟਾਂ ’ਚੋਂ ਇਕ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਸਾਲਾ ਬੀਤ ਜਾਣ ਦੇ ਬਾਵਜੂਦ ਇਸ ਨੂੰ ਲੋਕਾਂ ਲਈ ਚਾਲੂ ਨਹੀਂ ਕੀਤਾ ਗਿਆ। ਇਸ ਕਾਰਨ ਵੇਵ ਅਸਟੇਟ, ਸੈਕਟਰ-84, 85, ਸੈਕਟਰ-80, 81 ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਜਪਾ ਆਗੂ ਹਰਦੇਵ ਸਿੰਘ ਉੱਭਾ ਅਤੇ ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਪੁਲ਼ ਚਾਲੂ ਹੋਣ ਨਾਲ ਇੱਕ ਪਾਸੇ ਲਾਂਡਰਾਂ-ਬਨੂੜ ਰੋਡ ਅਤੇ ਦੂਜੇ ਪਾਸੇ ਚੰਡੀਗੜ੍ਹ ਮੱਧਿਆ ਮਾਰਗ ਨਾਲ ਸਿੱਧੀ ਕਨੈਕਟੀਵਿਟੀ ਹੋਵੇਗੀ। ਇਸ ਨਾਲ ਸ਼ਹਿਰ ਦੇ ਕਈ ਸੈਕਟਰਾਂ ਵਿਚਕਾਰ ਆਵਾਜਾਈ ਸੁਖਮ ਹੋਵੇਗੀ, ਟ੍ਰੈਫਿਕ ਦਾ ਦਬਾਅ ਘਟੇਗਾ ਅਤੇ ਲੋਕਾਂ ਦੇ ਸਮੇਂ ਅਤੇ ਇੰਧਨ ਦੀ ਵੱਡੀ ਬਚਤ ਹੋਵੇਗੀ। ਇਸ ਪੁਲ਼ ਦੀ ਮਹੱਤਤਾ ਸਿਰਫ਼ ਲੋਕਾਂ ਦੀ ਆਵਾਜਾਈ ਤੱਕ ਸੀਮਤ ਨਹੀਂ ਹੈ। ਇਸ ਦੇ ਮੁਕੰਮਲ ਹੋਣ ਨਾਲ ਕਈ ਸਰਕਾਰੀ ਦਫ਼ਤਰਾਂ, ਵਿੱਦਿਅਕ ਸੰਸਥਾਵਾਂ, ਸਿਹਤ ਸੇਵਾਵਾਂ ਅਤੇ ਹੋਰ ਮਹੱਤਵਪੂਰਨ ਅਦਾਰਿਆਂ ਨੂੰ ਵੀ ਸਿੱਧੀ ਅਤੇ ਤੇਜ਼ ਕਨੈਕਟੀਵਿਟੀ ਮਿਲੇਗੀ। ਇਹ ਪ੍ਰੋਜੈਕਟ ਪੂਰੇ ਮੁਹਾਲੀ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਅਦਾਲਤ ਵੱਲੋਂ ਕੋਈ ਸਟੇਅ ਸੀ ਜਾਂ ਹੈ ਤਾਂ ਇੰਨੇ ਲੰਬੇ ਸਮੇਂ ਵਿਚ ਉਸ ਦਾ ਹੱਲ ਕਿਉਂ ਨਹੀਂ ਕੀਤਾ ਗਿਆ? ਜੇਕਰ ਕੋਈ ਪ੍ਰਸ਼ਾਸਕੀ, ਤਕਨੀਕੀ ਜਾਂ ਹੋਰ ਰੁਕਾਵਟ ਸੀ ਤਾਂ ਉਸ ਨੂੰ ਦੂਰ ਕਰਨ ਲਈ ਕੀ ਠੋਸ ਕਦਮ ਚੁੱਕੇ ਗਏ? ਪੰਜਾਬ ਸਰਕਾਰ ਅਤੇ ਸਬੰਧਤ ਏਜੰਸੀਆਂ ਨੂੰ ਇਸ ਸਬੰਧੀ ਪੂਰੀ ਸਥਿਤੀ ਲੋਕਾਂ ਸਾਹਮਣੇ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਵਿਧਾਇਕ ਕੁਲਵੰਤ ਸਿੰਘ, ਮੇਅਰ ਸਰਬਜੀਤ ਸਮਾਣਾ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਪੁਲ਼ ਦੇ ਕੰਮ ਨੂੰ ਜੰਗੀ ਪੱਧਰ ‘ਤੇ ਮੁਕੰਮਲ ਕਰਵਾ ਕੇ ਜਲਦੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ, ਤਾਂ ਜੋ ਆਮ ਲੋਕਾਂ, ਸਰਕਾਰੀ ਅਦਾਰਿਆਂ ਅਤੇ ਸਮੁੱਚੇ ਮੁਹਾਲੀ ਨੂੰ ਇਸ ਮਹੱਤਵਪੂਰਨ ਕਨੈਕਟੀਵਿਟੀ ਦਾ ਲਾਭ ਮਿਲ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ। ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ, ਏਜੰਸੀ ਜਾਂ ਠੇਕੇਦਾਰ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਲੋਕ ਹਿੱਤ ਦੇ ਪ੍ਰੋਜੈਕਟ ਇਸ ਤਰ੍ਹਾਂ ਸਾਲਾ ਤੱਕ ਲਟਕੇ ਨਾ ਰਹਿਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ