ਨੌਜਵਾਨ ਵਰਗ ਨੂੰ ਬਿਨਾਂ ਕਿਸੇ ਡਰ-ਭੈਅ ਤੇ ਲਾਲਚ ਤੋਂ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ: ਵੀਪੀ ਸਿੰਘ ਬਦਨੌਰ

ਰਾਜਪਾਲ ਬਦਨੌਰ ਵੱਲੋਂ ਨੌਜਵਾਨ ਵਰਗ ਨੂੰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਇੱਕਮੁੱਠ ਹੋ ਕੇ ਕੰਮ ਕਰਨ ਦਾ ਸੱਦਾ

ਪਟਿਆਲਾ ਵਿੱਚ ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਰੋਹ ਮੌਕੇ ਰਾਜਪਾਲ ਨੇ ਲਹਿਰਾਇਆ ਕੌਮੀ ਝੰਡਾ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 26 ਜਨਵਰੀ:
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਪਟਿਆਲਾ ਵਿੱਚ 68ਵੇਂ ਗਣਤੰਤਰ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਵਰੱਦੇ ਮੀਂਹ ਵਿੱਚ ਕੌਮੀ ਝੰਡਾ ਲਹਿਰਾਇਆ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸੂਰਬੀਰ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਪੰਜਾਬ ਦੇ ਲੋਕਾਂ ਖਾਸਕਰ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਹੈ ਕਿ ਉਹ ਸਮਾਜਿਕ ਬੁਰਾਈਆਂ ਨੂੰ ਜੜੋਂ ਪੁੱਟਣ ਲਈ ਇੱਕਮੁਠ ਹੋ ਕੇ ਕੰਮ ਕਰਨ ਅਤੇ ਭਾਰਤ ਨੂੰ ਸਹੀ ਮਾਅਨਿਆਂ ਵਿੱਚ ਧਰਮ ਨਿਰਪੱਖ, ਸਮਾਜਿਕ ’ਤੇ ਲੋਕਤੰਤਰਿਕ ਤੌਰ ’ਤੇ ਮਜ਼ਬੂਤ ਕਰਨ ਲਈ ਅੱਗੇ ਆਉਣ। ਉਨ੍ਹਾਂ ਨੌਜਾਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਪਣੀ ਵੋਟ ਦਾ ਅਧਿਕਾਰ ਬਿਨਾਂ ਕਿਸੇ ਡਰ-ਭੈਅ ਅਤੇ ਲਾਲਚ ਤੋਂ ਕਰਕੇ ਸ਼ਾਂਤੀ ਪੂਰਵਕ ਚੋਣ ਪ੍ਰਕਿਰਿਆ ਵਿੱਚ ਆਪਣਾ ਹਿੱਸਾ ਪਾਉਣ।
ਸ੍ਰੀ ਬਦਨੌਰ ਨੇ ਕਿਹਾ ਕਿ ਸਾਡੇ ਦੇਸ਼ ਦੀ ਆਜ਼ਾਦੀ ਦਾ ਸੁਪਨਾ ਹਜਾਰਾਂ ਕੁਰਬਾਨੀਆਂ ਉਪਰੰਤ ਸਾਕਾਰ ਹੋਇਆ ਹੈ ਅਤੇ ਦੇਸ਼ ਵਿੱਚ ਅਮਨ ਬਹਾਲੀ ਤੇ ਭਾਈਚਾਰਕ ਸਾਂਝ ਲਈ ਸੁਰੱਖਿਆ ਦਸਤਿਆਂ ਦੇ ਅਨੇਕਾਂ ਜਵਾਨਾਂ ਨੇ ਸਹਾਦਤਾਂ ਦਿੱਤੀਆਂ ਹਨ। ਰਾਜਪਾਲ ਨੇ ਕਿਹਾ ਕਿ ਦੇਸ਼ ਦੇ ਆਜਾਦੀ ਸੰਗਰਾਮ ਵਿੱਚ ਸ਼ਹਾਦਤਾਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਅਸਲ ਸ਼ਰਧਾਂਜਲੀ ਉਦੋਂ ਹੋਵੇਗੀ ਜਦੋਂ ਉਹਨਾਂ ਵੱਲੋਂ ਦੇਸ਼ ਨੂੰ ਮਜਬੂਤ ਤੇ ਬੁਲੰਦੀਆਂ ’ਤੇ ਲੈ ਜਾਣ ਦੇ ਸੁਪਨੇ ਸਾਕਰ ਹੋਣਗੇ। ਦੇਸ਼ ਦੇ ਆਜਾਦੀ ਸੰਗਰਾਮ ਵਿੱਚ ਕੁਰਬਾਨੀਆਂ ਦੇਣ ਵਾਲੇ ਦੇਸ਼ ਵਾਸੀਆਂ ਖਾਸ ਕਰ ਪੰਜਾਬੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਹਮੇਸ਼ਾਂ ਦੇਸ਼ ਦੀ ਖੜਗ ਭੁਜਾ ਰਿਹਾ ਹੈ ਜਿਸ ਨੇ ਦੇਸ਼ ’ਤੇ ਹੋਣ ਵਾਲੇ ਹਰ ਵਿਦੇਸ਼ੀ ਹਮਲਿਆਂ ਦਾ ਮੰੂਹ ਤੋੜ ਜਵਾਬ ਦਿੱਤਾ ਹੈ ਅਤੇ ਆਜ਼ਾਦੀ ਤੋਂ ਬਾਅਦ ਬਹਾਦਰ ਤੇ ਮਿਹਨਤੀ ਪੰਜਾਬੀਆਂ ਨੇ ਰਿਕਾਰਡ ਤੋੜ ਅੰਨ ਦੀ ਪੈਦਾਵਾਰ ਕਰਕੇ ਦੇਸ਼ ਦੀਆਂ ਅੰਨ ਜਰੂਰਤਾਂ ਨੂੰ ਪੂਰਾ ਕਰਦੇ ਹੋਏ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਂਦੀ। ਰਾਜਪਾਲ ਨੇ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਹਰੀ ਕ੍ਰਾਂਤੀ ਪੰਜਾਬ ਦੇ ਕਿਸਾਨਾਂ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਪੰਜਾਬ ਸੰਤਾ, ਮਹਾਤਮਾਂ ਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਉਹਨਾਂ ਦੀ ਵਿਚਾਰਧਾਰਾ ਪੂਰੇ ਵਿਸ਼ਵ ਵਿੱਚ ਫੈਲੀ ਹੈ ਅਤੇ ਵੈਦਿਕ ਕਾਲ ਤੋਂ ਇਸ ਪਵਿਤਰ ਧਰਤੀ ਤੇ ਵਿਸ਼ਵ ਨੂੰ ਨਵੀਂ ਸੋਚ ’ਤੇ ਦਿਸ਼ਾ ਦਿੱਤੀ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਨੇ ਖੇਤੀਬਾੜੀ ਤੋਂ ਇਲਾਵਾ ਖੇਤੀਬਾੜੀ ਦੇ ਸੰਦਾਂ, ਖੇਡਾਂ ਦਾ ਸਮਾਨ ਆਦਿ ਬਣਾਉਣ ਵਿੱਚ ਵੀ ਮੱਲਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸਾਨੂੰ ਈ ਬੈਕਿੰਗ ਤੇ ਡਿਜੀਟਲ ਪੇਮੈਂਟ ਵੱਲ ਕਦਮ ਪੁਟਣੇ ਪੈਣਗੇ। ਰਾਜਪਾਲ ਨੇ ਕਿਹਾ ਕਿ ਮੈਨੂੰ ਪੁਰੀ ਉਮੀਦ ਹੈ ਕਿ ਪੰਜਾਬ ਇਸ ਖੇਤਰ ਵਿੱਚ ਵੀ ਹਮੇਸ਼ਾਂ ਵਾਂਗ ਮੂਹਰਲੀ ਕਤਾਰ ਵਿੱਚ ਰਹੇਗਾ।
ਇਸ ਤੋਂ ਪਹਿਲਾਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੀਖਣ ਕੀਤਾ ਅਤੇ ਫਿਰ ਪੰਜਾਬ ਵਾਸੀਆਂ ਦੇ ਨਾ ਆਪਣਾ ਸੰਦੇਸ਼ ਦਿੱਤਾ ਇਸ ਉਪਰੰਤ ਉਨ੍ਹਾਂ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ, ਪਰੇਡ ਕਮਾਂਡਰ ਡੀ.ਐਸ.ਪੀ. ਮਨਪ੍ਰੀਤ ਸਿੰਘ ਥਿੰਦ, ਸਹਾਇਕ ਪਰੇਡ ਕਮਾਂਡਰ ਡੀਐਸਪੀ ਸੁਖਵਿੰਦਰ ਸਿੰਘ ਗੁਰਾਇਆਂ, ਪਹਿਲੇ ਨੰਬਰ ’ਤੇ ਆਉਣ ਵਾਲੀ ਰਾਜਸਥਾਨ ਆਰਮਡ ਪੁਲੀਸ ਤੇ ਦੂਸਰੇ ਨੰਬਰ ’ਤੇ ਆਉਣ ਵਾਲੀ ਪੀ.ਏ.ਪੀ. ਜਲੰਧਰ ਦੀ ਟੁਕੜੀ ਨੂੰ ਸਨਮਾਨਿਤ ਕੀਤਾ ਅਤੇ ਜੂਨੀਅਰ ਵਿੰਗ ਵਿੱਚ ਪਹਿਲੇ ਸਥਾਨ ’ਤੇ ਰਹੀ ਗਰਲਜ਼ ਗਾਈਡ ਤੇ ਦੂਜੇ ਸਥਾਨ ’ਤੇ ਰਹੀ ਤੀਜੀ ਪੰਜਾਬ ਐਨ.ਸੀ.ਸੀ. ਏਅਰਵਿੰਗ, ਪਹਿਲੇ ਸਥਾਨ ’ਤੇ ਆਈ ਸਰਕਾਰੀ ਪੋਲੀਟੈਕਨਿਕ ਲੜਕੀਆਂ ਦੀ ਸਵੀਪ ਦੀ ਝਾਕੀ ਅਤੇ ਦੂਸਰੇ ਸਥਾਨ ’ਤੇ ਆਈ ਬਾਗਬਾਨੀ ਵਿਭਾਗ ਦੀ ਝਾਕੀ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ, ਡਿਵੀਜ਼ਨਲ ਕਮਿਸ਼ਨਰ ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਮਾਗਮ ਮੌਕੇ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ ਤੇ ਡੀ.ਜੀ.ਪੀ. ਸ਼੍ਰੀ ਸੁਰੇਸ਼ ਅਰੋੜਾ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਰਾਸ਼ਟਰੀ ਗੀਤ ਉਪਰੰਤ ਸਮਾਗਮ ਦੀ ਸਮਾਪਤੀ ਹੋਈ। ਰਾਜਪਾਲ ਨੇ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ ਵਿੱਚ 27 ਜਨਵਰੀ ਨੂੰ ਛੁੱਟੀ ਦਾ ਐਲਾਨ ਵੀ ਕੀਤਾ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਪਰੇਡ ਵਿੱਚ ਹਿੱਸਾ ਲੈਣ ਵਾਲੀਆਂ ਪੰਜਾਬ ਪੁਲੀਸ ਦੀਆਂ ਟੁਕੜੀਆਂ ਨੂੰ ਡੀਜੀਪੀ ਕਮੈਮੋਡੇਸ਼ਨ ਡਿਸਕ ਅਤੇ ਦੂਸਰੀਆਂ ਟੁਕੜੀਆਂ ਨੂੰ ਸੀ.ਸੀ.-1 ਸਰਟੀਫਿਕੇਟ ਅਤੇ 1 ਹਜ਼ਾਰ ਰੁਪਏ ਪ੍ਰਤੀ ਜਵਾਨ/ਕੈਡਿਟ ਇਨਾਮ ਦੇਣ ਦਾ ਐਲਾਨ ਵੀ ਕੀਤਾ। ਅੱਜ ਦੇ ਰਾਜ ਪੱਧਰੀ ਸਮਾਰੋਹ ਦੀ ਪਰੇਡ ਵਿੱਚ 15 ਟੁਕੜੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਵੱਖ-ਵੱਖ 7 ਵਿਭਾਗਾਂ ਵੱਲੋਂ ਝਾਕੀਆਂ ਵੀ ਕੱਢੀਆਂ ਗਈਆਂ। ਅੱਜ ਦੇ ਰਾਜ ਪੱਧਰੀ ਸਮਾਗਮ ਵਿੱਚ ਨਿਆਇਕ, ਸਿਵਲ ਫੌਜ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚੇ ਤੇ ਅਧਿਆਪਕ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ ਜੀਤੀ ਸਿੱਧੂ ਨੇ ਕੀਤਾ ਸਵਾਗਤ, ਕਿਹਾ ਪੰਜਾਬ…