ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਉਮੀਦਵਾਰਾਂ ਨੇ ਚੋਣ ਪ੍ਰਚਾਰ ਦਾ ਢੰਗ ਬਦਲਿਆ

ਗਲੀ-ਮੁਹੱਲਿਆਂ ’ਚ ਨਜ਼ਰ ਨਹੀਂ ਆ ਰਹੇ ਵਾਹਨਾਂ ’ਤੇ ਸਪੀਕਰ ਬੰਨ੍ਹ ਕੇ ਉੱਚੀ ਆਵਾਜ਼ ਵਿੱਚ ਚੋਣ ਕਰਨ ਵਾਲੇ ਸਾਈਕਲ ਰਿਕਸ਼ਾ/ਆਟੋ ਰਿਕਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਇਸ ਵਾਰ ਚੋਣ ਲੜ ਰਹੇ ਉਮੀਦਵਾਰਾਂ ਨੇ ਵੀ ਆਪਣੇ ਚੋਣ ਪ੍ਰਚਾਰ ਦਾ ਢੰਗ ਬਦਲ ਲਿਆ ਹੈ। ਪਹਿਲਾਂ ਚੋਣਾਂ ਦੌਰਾਨ ਜੋ ਕੁਝ ਖੁਲੇ ਰੂਪ ਵਿਚ ਹੁੰਦਾ ਸੀ, ਉਹ ਹੁਣ ਲੁਕਵੇ ਰੂਪ ਵਿਚ ਹੋ ਰਿਹਾ ਹੈ। ਚੋਣ ਕਮਿਸ਼ਨ ਦੀ ਸਖਤੀ ਕਾਰਨ ਹੁਣ ਚੋਣਾਂ ਦੌਰਾਨ ਪਹਿਲਾ ਵਾਲਾ ਕੰਨ ਪਾੜੂ ਰੌਲਾ ਰੱਪਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਅਕਸਰ ਚੋਣਾਂ ਦੌਰਾਨ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਲਈ ਸਾਈਕਲ ਰਿਕਸ਼ਾ, ਆਟੋ ਰਿਕਸ਼ਾ ’ਤੇ ਸਪੀਕਰ ਬੰਨ੍ਹ ਕੇ ਉੱਚੀ ਆਵਾਜ਼ ਵਿੱਚ ਗਲੀ-ਮੁਹੱਲਿਆਂ ਵਿੱਚ ਚੱਕਰ ਲਗਾ ਕੇ ਚੋਣ ਪ੍ਰਚਾਰ ਕੀਤਾ ਜਾਂਦਾ ਸੀ ਅਤੇ ਹਰ ਗਲੀ ਵਿੱਚ ਹੀ ਸਾਰਾ ਦਿਨ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਵਾਲੇ ਰੇਹੜੀਆਂ ਵਾਲੇ, ਰਿਕਸ਼ੇ ਵਾਲੇ ਉੱਚੀ ਆਵਾਜ਼ ਵਿੱਚ ਸਪੀਕਰ ਲਗਾ ਕੇ ਘੁੰਮਦੇ ਰਹਿੰਦੇ ਸਨ, ਜਿਸ ਨਾਲ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਸਨ ਅਤੇ ਇਸ ਦਾ ਬੱਚਿਆਂ ਦੀ ਪੜ੍ਹਾਈ ਦਾ ਵੀ ਬਹੁਤ ਨੁਕਸਾਨ ਹੁੰਦਾ ਸੀ ਪਰ ਐਤਕੀਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲ ਰਿਹਾ ਹੈ।
ਇਸ ਵਾਰੀ ਉਮੀਦਵਾਰਾਂ ਵੱਲੋਂ ਘੱਟ ਖਰਚਾ ਕਰਨ ਲਈ ਚੋਣ ਪ੍ਰਚਾਰ ਨੂੰ ਵੀ ਸੀਮਿਤ ਕੀਤਾ ਗਿਆ ਹੈ ਅਤੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਵਾਲੇ ਟਾਂਵੇ ਟਾਂਵੇ ਵਾਹਨ ਹੀ ਸ਼ਹਿਰਾਂ ਤੇ ਪਿੰਡਾਂ ਵਿਚ ਘੁੰਮ ਰਹੇ ਹਨ। ਪਿਛਲੀਆਂ ਚੋਣਾਂ ਦੌਰਾਨ ਹਰ ਉਮੀਦਵਾਰ ਵਲੋਂ ਹੀ ਵੱਡੀਆਂ ਵੱਡੀਆ ਰੈਲੀਆਂ ਕੀਤੀਆਂ ਜਾਂਦੀਆਂ ਸਨ ਅਤੇ ਵੱਡੀ ਗਿਣਤੀ ਵਾਹਨਾਂ ਰਾਹੀਂ ਪ੍ਰਚਾਰ ਕੀਤਾ ਜਾਂਦਾ ਸੀ ਪਰ ਅੱਜ ਕਲ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆਉਣ ਦੇ ਬਾਵਜੂਦ ਉਮੀਦਵਾਰਾਂ ਵੱਲੋਂ ਵੱਡੀਆਂ ਰੈਲੀਆਂ ਕਰਨ ਤੇ ਗੁਰੇਜ ਕੀਤਾ ਜਾ ਰਿਹਾ ਹੈ। ਜਿਸ ਕਰਕੇ ਇਸ ਵਾਰੀ ਪਿਛਲੀਆਂ ਚੋਣਾਂ ਵਾਲਾ ਰੰਗ ਅਜੇ ਤੱਕ ਨਹੀਂ ਜੰਮਿਆ। ਇਸ ਤੋਂ ਇਲਾਵਾ ਉਮੀਦਵਾਰਾਂ ਅਤੇ ਉਨ੍ਹਾਂ ਦੇ ਖਾਸਮ ਖਾਸ ਬੰਦਿਆਂ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਜੋ ਮੁਹੱਲਾ ਪੱਧਰ ’ਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਮੀਟਿੰਗਾਂ ਵਿਚ ਵੀ ਚਾਹ ਅਤੇ ਸਮੋਸੇ ਦੇਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ ਤਾਂ ਕਿ ਉਸਦਾ ਖਰਚਾ ਵੀ ਚੋਣ ਖਰਚ ਵਿਚ ਨਾ ਜੁੜ ਜਾਵੇ ਜਦੋਂ ਕਿ ਪਹਿਲਾਂ ਉਮੀਦਵਾਰਾਂ ਵਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਮੀਟਿੰਗਾਂ ਵਿਚ ਵੋਟਰਾਂ ਨੂੰ ਚਾਰ-ਚਾਰ ਚੀਜਾਂ ਖਾਣ ਲਈ ਦਿੱਤੀਆਂ ਜਾਂਦੀਆਂ ਸਨ।
ਪਿਛਲੀਆਂ ਚੋਣਾਂ ਦੌਰਾਨ ਉਮੀਦਵਾਰਾਂ ਵਲੋਂ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਖੁੱਲੇਆਮ ਸ਼ਰਾਬ ਵੰਡੀ ਜਾਂਦੀ ਸੀ ਅਤੇ ਵੋਟਰਾਂ ਨੂੰ ਹੋਰ ਚੀਜ਼ਾਂ ਵੰਡੀਆਂ ਜਾਂਦੀਆ ਸਨ ਪਰ ਇਸ ਵਾਰੀ ਇਹ ਢੰਗ ਵੀ ਬਦਲ ਲਿਆ ਹੈ ਹੁਣ ਕਿਸੇ ਵੀ ਉਮੀਦਵਾਰ ਵਲੋਂ ਵੋਟਰਾਂ ਨੂੰ ਸਿੱਧੇ ਢੰਗ ਨਾਲ ਸ਼ਰਾਬ ਨਹੀਂ ਦਿੱਤੀ ਜਾ ਰਹੀ, ਸਗੋਂ ਲੋਕਾਂ ਨੂੰ ਪਰਚੀਆਂ ਦੇ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਪਰਚੀਆਂ ਦੇ ਕੇ ਠੇਕਿਆਂ ਉੱਪਰੋਂ ਸ਼ਰਾਬ ਮਿਲ ਜਾਂਦੀ ਹੈ। ਪਹਿਲਾਂ ਉਮੀਦਵਾਰਾਂ ਵਲੋਂ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਵੋਟਰਾਂ ਨੂੰ ਪੈਸੇ ਵੀ ਵੰਡੇ ਜਾਂਦੇ ਸਨ ਪਰ ਇਸ ਵਾਰੀ ਵੋਟਰਾਂ ਨੂੰ ਉਮੀਦਵਾਰਾਂ ਵਲੋਂ ਸਿੱਧੇ ਪੈਸੇ ਵੰਡਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ। ਕਹਿਣ ਦਾ ਭਾਵ ਇਹ ਹੈ ਕਿ ਚੋਣ ਕਮਿਸ਼ਨ ਦੀ ਸਖਤੀ ਕਾਰਨ ਇਸ ਵਾਰੀ ਚੋਣਾਂ ਦੌਰਾਨ ਰੌਲਾ ਰੱਪਾ ਵੀ ਘਟਿਆ ਹੈ ਅਤੇ ਸ਼ਰਾਬ ਦੀ ਖਪਤ ਵੀ ਪਹਿਲਾਂ ਵਰਗੀ ਨਹੀਂ ਹੋ ਰਹੀ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਦੇ ਢੰਗ ਹੀ ਬਦਲ ਲਏ ਹਨ।

Load More Related Articles
Load More By Nabaz-e-Punjab
Load More In Politics

Check Also

ਅਕਾਲੀ ਦਲ ਵੱਲੋਂ ਮੁਹਾਲੀ ਦੇ ਵਿਕਾਸ ਲਈ ਵਿਜ਼ਨ ਦਸਤਾਵੇਜ਼ ਜਾਰੀ

ਅਕਾਲੀ ਦਲ ਵੱਲੋਂ ਮੁਹਾਲੀ ਦੇ ਵਿਕਾਸ ਲਈ ਵਿਜ਼ਨ ਦਸਤਾਵੇਜ਼ ਜਾਰੀ ਨਬਜ਼-ਏ-ਪੰਜਾਬ, ਮੁਹਾਲੀ, 21 ਮਈ 2026: ਮੁਹ…