ਮੁਹਾਲੀ ਪੁਲੀਸ ਵੱਲੋਂ ਮੋਟਰ ਸਾਈਕਲ ਚੋਰੀ ਦੇ ਦੋਸ਼ ਵਿੱਚ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਕੋਲੋਂ ਚੋਰੀ ਦਾ ਮੋਟਰ ਸਾਈਕਲ ਵੀ ਕੀਤੀ ਗਿਆ ਬਰਾਮਦ: ਡੀਐਸਪੀ ਬੱਲ
ਨਬਜ਼-ਏ-ਪੰਜਾਬ, ਮੁਹਾਲੀ, 5 ਜੁਲਾਈ:
ਮੁਹਾਲੀ ਪੁਲੀਸ ਨੇ ਮੋਟਰ ਸਾਈਕਲ ਚੋਰੀ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ’ਚੋਂ ਚੋਰੀ ਦਾ ਮੋਟਰ ਸਾਈਕਲ ਬਰਾਮਦ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਰਾਜੇਸ਼ ਕੁਮਾਰ ਵਾਸੀ ਅੰਬ ਸਾਹਿਬ ਕਲੋਨੀ, ਜਗਤਪੁਰਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦਾ ਮੋਟਰ ਸਾਈਕਲ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਿਆ ਹੈ। ਇਸ ਸਬੰਧੀ ਪੁਲੀਸ ਨੇ ਬੀਐਨਐਸ ਦੀ ਧਾਰਾ 303(2) ਦੇ ਤਹਿਤ ਕੇਸ ਦਰਜ ਕੀਤਾ ਗਿਆ।
ਡੀਐਸਪੀ ਬੱਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਐਸਐਸਪੀ ਹਰਮਨਦੀਪ ਸਿੰਘ ਹਾਂਸ ਦੀਆਂ ਹਦਾਇਤਾਂ ’ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਹੌਲਦਾਰ ਅਮਨਦੀਪ ਕੌਰ ਅਤੇ ਹੋਰਨਾਂ ਪੁਲੀਸ ਮੁਲਾਜ਼ਮਾਂ ਨੇ ਫੇਜ਼-9 ਵਿੱਚ ਨਾਕਾਬੰਦੀ ਦੌਰਾਨ ਨਿਤੀਸ਼ ਵਾਸੀ ਸੈਕਟਰ-56 ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਕਬਜ਼ੇ ’ਚੋਂ ਮੋਟਰ ਸਾਇਕਲ ਵੀ ਬਰਾਮਦ ਕੀਤਾ ਗਿਆ। ਪੁਲੀਸ ਦੀ ਤਫ਼ਤੀਸ਼ ਦੌਰਾਨ ਨਿਤੀਸ਼ ਨੇ ਮੰਨਿਆ ਕਿ ਉਸ ਨੇ ਇਹ ਮਨਜੀਤ ਵਾਸੀ ਸੈਕਟਰ-56 ਚੰਡੀਗੜ੍ਹ ਨਾਲ ਮਿਲ ਕੇ ਮੋਟਰ ਸਾਈਕਲ ਚੋਰੀ ਕੀਤਾ ਸੀ। ਇਸ ਤੋਂ ਬਾਅਦ ਪੁਲੀਸ ਨੇ ਮਨਜੀਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।