ਪੰਜਾਬ ਰੋਡਵੇਜ ਤੇ ਪਨਬਸ ਦੇ 18 ਡਿੱਪੂਆਂ ਦੇ ਮੁਲਾਜ਼ਮਾਂ ਵੱਲੋਂ ਖਰੜ ਵਿੱਚ ਚੱਕਾ ਜਾਮ

ਖਰੜ-ਮੁਹਾਲੀ, ਖਰੜ-ਲੁਧਿਆਣਾ ਤੇ ਖਰੜ-ਰੂਪਨਗਰ ਹਾਈਵੇਅ ’ਤੇ ਆਵਾਜਾਈ ਠੱਪ, ਰਾਹਗੀਰ ਪ੍ਰੇਸ਼ਾਨ

ਅਮਨਦੀਪ ਸਿੰਘ ਸੋਢੀ, ਖਰੜ, 21 ਦਸੰਬਰ:
ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਬੁੱਧਵਾਰ ਨੂੰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਖਰੜ-ਮੁਹਾਲੀ, ਖਰੜ-ਲੁਧਿਆਣਾ ਤੇ ਖਰੜ-ਰੂਪਨਗਰ ਨੈਸ਼ਨਲ ਹਾਈਵੇਅ ’ਤੇ ਜਾਮ ਕਰਕੇ ਸਰਕਾਰ ਦਾ ਜਬਰਦਸਤ ਪਿੱਟ ਸਿਆਪਾ ਕੀਤਾ। ਜਿਸ ਕਾਰਨ ਇਨ੍ਹਾਂ ਮਾਰਗਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਅਤੇ ਰਾਹਗੀਰਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਅਤੇ ਹੋਰ ਆਗੂਆਂ ਨੇ ਕਿਹਾ ਕਿ ਪਨਬਸ ਦੇ 18 ਡਿਪੂਆਂ ਵਿੱਚੋਂ 3633 ਕਰਮਚਾਰੀ ਡਰਾਈਵਰ ਤੇ ਕੰਡਕਟਰ, ਵਰਕਸ਼ਾਪ ਮਿਸਤਰੀ/ਸਟਾਫ ਕੰਮ ਕਰ ਰਹੇ ਹਨ ਅਤੇ ਇਹ ਸਾਰੇ ਮੁਲਾਜ਼ਮ 8 ਦਸੰਬਰ 2016 ਤੋਂ 14 ਦਿਨਾਂ ਦੀ ਹੜਤਾਲ ’ਤੇ ਚਲੇ ਆ ਰਹੇ ਹਨ ਅਤੇ ਉਹ ਮੰਗ ਕਰ ਰਹੇ ਹਨ ਕਿ ਪਨਬਸ ਦੇ ਸਾਰੇ ਵਰਕਰ ਬਿਨਾਂ ਸ਼ਰਤ ਰੋਡਵੇਜ਼ ਵਿੱਚ ਰੈਗੂਲਰ ਕੀਤੇ ਜਾਣ, ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ-ਬਰਾਬਰ ਤਨਖ਼ਾਹ ਤੁਰੰਤ ਲਾਗੂ ਹੋਵੇ, ਵਰਕਰਾਂ ਤੇ ਰਿਪੋਰਟਾਂ ਸਬੰਧੀ ਲੱਗੀਆਂ ਕੰਡੀਸ਼ਨਾਂ ਤੁਰੰਤ ਰੱਦ ਕੀਤੀਆਂ ਜਾਣ, ਪੰਜਾਬ ਰੋਡਵੇਜ਼ ਦੇ ਸਾਰੇ ਕਾਨੂੰਨ ਪਨਬੱਸ ਵਰਕਰਾਂ ’ਤੇ ਲਾਗੂ ਕੀਤੇ ਜਾਣ, ਪਨਬਸ ਦੇ ਦੋ-ਦੋ ਵਰਕਰ ਦਫ਼ਤਰੀ ਕੰਮ ਲਈ ਲਗਾਏ ਜਾਣ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬੀਤੀ 15 ਦਸੰਬਰ ਨੂੰ ਮੀਟਿੰਗ ਕਰਨ ਲਈ ਯੂਨੀਅਨ ਦੇ ਆਗੂਆਂ ਨੂੰ ਸੱਦਿਆ ਗਿਆ ਸੀ ਪ੍ਰੰਤੂ ਮੁੱਖ ਮੰਤਰੀ ਨੇ ਆਗੂਆਂ ਨਾਲ ਮੀਟਿੰਗ ਨਹੀਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਅਤੇ ਕੈਬਨਿਟ ਮੀਟਿੰਗ ਤੋਂ ਵੱਡੀਆਂ ਆਸਾਂ ਸਨ ਲੇਕਿਨ ਕਰਮਚਾਰੀਆਂ ਸਬੰਧੀ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ। ਜਿਸ ਕਾਰਨ ਅੱਜ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਸੜਕਾਂ ’ਤੇ ਆਉਣਾ ਪਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਤਾਂ ਅਗਲੇ ਸੰਘਰਸ਼ ਵਿੱਚ ਪੰਜਾਬ ਭਰ ਵਿੱਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਵਿੱਤ ਮੰਤਰੀ ਦੇ ਹਲਕਿਆਂ ਸਮੇਤ ਸਮੂਹ ਹਾਈਵੇਅ ਜਾਮ ਕੀਤੇ ਜਾਣਗੇ।
ਉਧਰ, ਖਰੜ ਪੁਲੀਸ ਵੱਲੋਂ ਆਵਾਜਾਈ ਨੂੰ ਹੋਰਨਾਂ ਸੜਕਾਂ ਰਾਹੀਂ ਡਿਵਰਟ ਕੀਤਾ ਗਿਆ। ਸਵੇਰੇ ਕਰੀਬ 11:30 ਵਜੇ ਸੜਕਾਂ ’ਤੇ ਲੱਗਾ ਜਾਮ ਖੁਲਵਾਉਣ ਲਈ ਖਰੜ ਪ੍ਰਸ਼ਾਸ਼ਨ ਵੱਲੋਂ ਐਸਡੀਐਮ ਅਮਨਿੰਦਰ ਕੌਰ ਬਰਾੜ, ਐਸ.ਪੀ ਜਸਕਿਰਨ ਸਿੰਘ ਤੇਜਾ, ਖਰੜ ਦੇ ਡੀਐਸਪੀ.ਲਖਵੀਰ ਸਿੰਘ ਟਿਵਾਣਾ, ਤਹਿਸੀਲਦਾਰ ਗੁਰਮੰਦਰ ਸਿੰਘ, ਡੀਐਸਪੀ ਨਵਦੀਪ ਗਿੱਲ, ਡੀਐਸਪੀ ਸੀਆਈਡੀ ਜੋਬਨ ਸਿੰਘ ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੱਗ ਕਰਕੇ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ, ਵਿਭਾਗ ਦੇ ਡਾਇਰੈਕਟਰ ਨਾਲ ਪੈਨਲ ਮੀਟਿੰਗ ਕਰਵਾਈ ਜਾਵੇਗੀ।
ਮੀਟਿੰਗ ਤੋਂ ਬਾਅਦ ਯੂਨੀਅਨ ਆਗੂਆਂ ਨੇ ਜਾਮ ਖੋਲ੍ਹ ਕੇ ਸਿਵਲ ਰੈਸਟ ਹਾਊਸ ਖਰੜ ਦੇ ਨੇੜੇ ਖਾਲੀ ਥਾਂ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਗਿਆ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਯੂਨੀਅਨ ਦੇ ਪੰਜ ਆਗੂਆਂ ਨੂੰ ਮੁੱਖ ਮੰਤਰੀ ਤੇ ਹੋਰਨਾਂ ਮੰਤਰੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਲਈ ਚੰਡੀਗੜ੍ਹ ਲੈ ਕੇ ਜਾ ਰਹੇ ਹਨ। ਇਸ ਤਰ੍ਹਾਂ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਆਰਜੀ ਤੌਰ ’ਤੇ 2 ਵਜੇ ਧਰਨਾ ਖਤਮ ਕਰਦੇ ਹੋਏ ਆਵਜਾਈ ਖੋਲ ਦਿੱਤੀ। ਧਰਨੇ ਨੂੰ ਮਹਾਂ ਸਿੰਘ ਰੋੜੀ ਸੀਟੂ, ਮਹਿੰਦਰ ਸਿੰਘ ਬਡੋਵਾਣਾ, ਗੁਰਦੇਵ ਸਿੰਘ, ਕਮਲਦੀਪ ਸਿੰਘ, ਯੋਗਰਾਜ਼ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…