Share on Facebook Share on Twitter Share on Google+ Share on Pinterest Share on Linkedin ਗੁਰਦੁਆਰਾ ਅੰਬ ਸਾਹਿਬ ਦੀ ਬਹੁ-ਕਰੋੜੀ ਜ਼ਮੀਨ ਖ਼ੁਰਦ ਬੁਰਦ ਕਰਨ ਲਈ ਜ਼ਿੰਮੇਵਾਰ ਕੌਣ? ਸਿੱਖ ਕੌਮ ਨੂੰ ਚੁਗਣੇ ਪੈ ਰਹੇ ਹਨ ਅਕਾਲੀ ਸਰਕਾਰ ਤੇ ਜਥੇਦਾਰ ਮੱਕੜ ਦੀ ਪ੍ਰਧਾਨਗੀ ਵੇਲੇ ਬੀਜੇ ਕੰਡੇ: ਹਰਦੀਪ ਸਿੰਘ ਨਬਜ਼-ਏ-ਪੰਜਾਬ, ਮੁਹਾਲੀ, 1 ਮਾਰਚ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਬਹੁ-ਕਰੋੜੀ ਜ਼ਮੀਨ ਖ਼ੁਰਦ ਬੁਰਦ ਕਰਨ ਕਰਵਾਉਣ ਦੀਆਂ ਗਤੀਵਿਧੀਆਂ ਪੜਾਅ ਦਰ ਪੜਾਅ ਲਗਾਤਾਰ ਜਾਰੀ ਹਨ ਅਤੇ ਅਜੇ ਤਾਈਂ ਉਨ੍ਹਾਂ ਉੱਪਰ ਰੋਕ ਨਹੀਂ ਲੱਗੀ ਹੈ। ਇਹ ਗੱਲ ਮੁਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਮੈਂਬਰ ਭਾਈ ਹਰਦੀਪ ਸਿੰਘ ਨੇ ਆਖੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਖ਼ੁਰਦ ਬੁਰਦ ਕਰਨ ਦੇ ਕੰਡੇ ਬਾਦਲ ਸਰਕਾਰ ਅਤੇ ਜਥੇਦਾਰ ਮੱਕੜ ਦੀ ਪ੍ਰਧਾਨਗੀ ਸਮੇਂ ਬੀਜੇ ਗਏ ਸੀ, ਪਰ ਉਸ ਤੋਂ ਬਾਅਦ ਵੀ ਐਸਜੀਪੀਸੀ ਖ਼ੁਦ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਬਰਬਾਦ ਕਰਨ ਦੇ ਰਾਹ ਹੀ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 2008 ਤੋਂ ਲੈ ਕੇ ਅੱਜ ਤੱਕ ਜ਼ਮੀਨ ਨੂੰ ਬਚਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ। ਇਸ ਬੇਸ਼ਕੀਮਤੀ ਜ਼ਮੀਨ ਦਾ ਮੁੱਲ ਅੱਜ ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਲ ਦੇ ਬਜਟ ਤੋਂ ਵੱਧ ਹੈ, ਜਿਸ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਬਚਾਉਣ ਲਈ ਸਹੀ ਰਾਹ ਅਪਣਾਉਣ ਬਾਰੇ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਨੇ ਉਨ੍ਹਾਂ ਦੀ ਰਾਏ ਮੰਨ ਕੇ ਮਾਰਚ 2021 ਵਿੱਚ ਜ਼ਮੀਨ ਨਾ ਦੇਣ ਦਾ ਮਤਾ ਵੀ ਪਾਸ ਕੀਤਾ ਸੀ। ਪਰ ਕਰੀਬ ਛੇ ਕੁ ਮਹੀਨੇ ਬਾਅਦ ਉਸ ਫ਼ੈਸਲੇ ਨੂੰ ਫਿਰ ਪਲਟ ਦਿੱਤਾ ਗਿਆ ਤੇ ਮੁੜ ਜ਼ਮੀਨ ਗਵਾਉਣ ਤੇ ਐਲਓਆਈਆਂ ਵੇਚਣ ਦਾ ਕੰਮ ਸ਼ੁਰੂ ਹੋ ਗਿਆ, ਜੋ ਹੁਣੇ (ਹਰਜਿੰਦਰ ਸਿੰਘ ਧਾਮੀ ਦੇ ਪ੍ਰਬੰਧਕਾਲ ਵਿੱਚ) ਵੀ ਅੰਜਾਮ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸ੍ਰ. ਧਾਮੀ ਨੇ ਪੈੱ੍ਰਸ ਕਾਨਫ਼ਰੰਸ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਈ ਜ਼ਮੀਨ ਨਹੀਂ ਵੇਚੀ ਗਈ ਪਰ ਕੀ ਉਹ ਦੱਸਣਗੇ ਕਿ, ਕੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਹਾਲੇ ਵੀ ਐਕਵਾਇਰ ਨਹੀਂ ਕਰਵਾਈ ਜਾ ਰਹੀ? ਕੀ ਜ਼ਮੀਨ ਬਚਾਉਣ ਲਈ ਐਕੋਜੀਸ਼ਨ ਦੇ ਨੋਟਿਸਾਂ ਦੇ ਉਲਟ ਕਦੇ ਵੀ ਕੋਈ ਕਦਮ ਚੁੱਕੇ ਗਏ? ਕੀ ਉਨ੍ਹਾਂ ਦੇ ਕਾਰਜ ਕਾਲ ਵਿੱਚ ਐਸਜੀਪੀਸੀ ਦਫ਼ਤਰ ਦੇ ਹਵਾਲੇ ਨਾਲ ਬਾਰ ਬਾਰ ਐਲਓਆਈਜ਼ ਅਤੇ ਹੋਰ ਛੋਟੇ ਹਿੱਸੇ ਜ਼ਮੀਨ ਨਿਲਾਮੀ ਰਾਹੀਂ ਵੇਚਣ ਲਈ ਮਤੇ ਨਹੀਂ ਪਾਏ ਜਾ ਰਹੇ? ਕੀ ਸ੍ਰ. ਧਾਮੀ ਦੱਸਣਗੇ ਕਿ ਮਾਰਚ 2021 ਵਿੱਚ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਵੱਲੋਂ ਜ਼ਮੀਨ ਐਕਵਾਇਰ ਨਾ ਕਰਵਾਉਣ ਦੇ ਮਤੇ ਨੂੰ ਕਿਵੇਂ ਪਲਟਿਆ ਗਿਆ? ਉਨ੍ਹਾਂ ਸਵਾਲ ਕੀਤਾ ਕਿ ਉਨ੍ਹਾਂ ਵੱਲੋਂ ਮਾਰਚ 2021 ਵਿੱਚ ਸ਼੍ਰੋਮਣੀ ਕਮੇਟੀ ਨੂੰ ਲਿਖੀ ਚਿੱਠੀ ਦਾ ਨੋਟਿਸ ਨਾ ਲੈਣਾ ਕੀ ਇਸ਼ਾਰਾ ਕਰਦਾ ਹੈ? ਜੇ ਉਸ ਚਿੱਠੀ ਉੱਪਰ ਅਮਲ ਕੀਤਾ ਹੁੰਦਾ ਤਾਂ ਪਿਛਲੇ ਦਿਨੀਂ ਮੈਨੇਜਰ ਵੱਲੋਂ ਹੋਇਆ ਘਪਲਾ ਨਹੀਂ ਸੀ ਹੋਣਾ। ਭਾਈ ਹਰਦੀਪ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਬਚਾਉਣ ਦੇ ਲਈ ਸਾਲਾਂ-ਬੱਧੀ ਸੰਘਰਸ਼ ਕਰਦੇ ਰਹੇ ਹਨ। ਜੇ ਉਨ੍ਹਾਂ ਦੀ ਸਲਾਹ ਮੰਨੀ ਗਈ ਹੁੰਦੀ ਤਾਂ ਸ਼੍ਰੋਮਣੀ ਕਮੇਟੀ ਨੂੰ ਕਲੰਕਿਤ ਹੋਣ ਦੀ ਲੋੜ ਨਹੀਂ ਸੀ ਪੈਣੀ। ਉਨ੍ਹਾਂ ਕਿਹਾ ਕਿ ਸੰਨ 2010 ਤੋਂ 2014 ਦੇ ਦੌਰਾਨ ਉਨ੍ਹਾਂ ਵੱਲੋਂ ਗਮਾਡਾ ਦੇ ਖ਼ਿਲਾਫ਼ ਧਰਨੇ ਦਿੱਤੇ ਗਏ, ਪਰ ਸ਼੍ਰੋਮਣੀ ਕਮੇਟੀ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ ਰਹੀ ਸੀ। ਇਸ ਲਈ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਬਦਨੀਤੀ ਖ਼ਿਲਾਫ਼ ਮੁਹਿੰਮ ਵਿੱਢਣੀ ਪਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਾਲੇ ਵੀ ਲਗਾਤਾਰ ਜ਼ਮੀਨ ਐਕਵਾਇਰ ਕਰਵਾ ਕੇ ਖ਼ੁਰਦ ਬੁਰਦ ਕਰਨ ਦੀ ਕਾਰਵਾਈ ਕਰ ਰਹੀ ਹੈ। ਜਦੋਂ ਗੱਲ ਸਾਹਮਣੇ ਆਉਂਦੀ ਹੈ ਅਤੇ ਸੰਗਤ ਦਾ ਵਿਰੋਧ ਹੁੰਦਾ ਹੈ, ਤਾਂ ਸ਼੍ਰੋਮਣੀ ਕਮੇਟੀ ਸੁਸਰੀ ਵਾਂਗ ਮਚਲੀ ਹੋ ਜਾਂਦੀ ਹੈ ਤੇ ਹਰ ਵਾਰੀ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਅੰਦਰ ਖਾਤੇ ਫਿਰ ਕਾਰਵਾਈਆਂ ਸ਼ੁਰੂ ਕਰ ਦਿੰਦੇ ਨੇ। ਭਾਈ ਹਰਦੀਪ ਸਿੰਘ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਮੈਂਬਰ ਜ਼ਮੀਨ ਐਕੁਆਇਰ ਕਿਉਂ ਕਰਵਾਉਣਾ ਚਾਹੁੰਦੇ ਹਨ। ਸੰਨ 2014 ਦੇ ਵਿੱਚ 11.5 ਏਕੜ ਜ਼ਮੀਨ ਦੇ ਬਦਲੇ ਸ਼੍ਰੋਮਣੀ ਕਮੇਟੀ ਨੇ ਗਮਾਡਾ ਕੋਲੋ ਪੈਸੇ ਲਏ ਅਤੇ 2021 ਵਿੱਚ ਜ਼ਮੀਨ ਬਦਲੇ ਰਿਹਾਇਸ਼ੀ ਤੇ ਕਮਰਸ਼ੀਅਲ ਪਲਾਟਾਂ ਦੀਆਂ ਐਲਓਆਈਜ਼ ਲਈਆਂ। ਬਚਦੀ ਜ਼ਮੀਨ ਦੀਆਂ ਐਲਓਆਈਆਂ ਲੈਣ ਤੇ ਵੇਚਣ ਲਈ ਅੱਜ ਕੱਲ੍ਹ ਵੀ ਅੰਦਰਖਾਤੇ ਕਾਰਵਾਈਆਂ ਚਲ ਰਹੀਆਂ ਹਨ ਜਿਨ੍ਹਾਂ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਰੋਕ ਨਹੀਂ ਲਗਾਈ ਜਾ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲੇ ਦਿਨ ਤੋਂ ਇੱਕੋ ਸਪਸ਼ਟ ਸਟੈਂਡ ਰਿਹਾ ਹੈ ਕਿ ਜ਼ਮੀਨ ਐਕਵਾਇਰ ਕਰਵਾਉਣ ਦੀ ਥਾਂ ਸਰਕਾਰ ਦੇ ਰਾਹੀਂ ਸਾਰੀ ਜ਼ਮੀਨ ਦਾ ਤਬਾਦਲਾ ਕਰਵਾ ਕੇ, ਇਸੇ ਏਰੀਏ ਦੇ ਵਿੱਚ ਇੱਕ ਥਾਂ ਇਕੱਠੀ ਕਰਵਾਈ ਜਾਵੇ। ਉਸ ਉੱਪਰ ਹਸਪਤਾਲ ਜਾਂ ਕੋਈ ਹੋਰ ਲੋਕ ਹਿੱਤ ਦਾ ਅਦਾਰਾ ਬਣਾਇਆ ਜਾਵੇ। ਜ਼ਮੀਨ ਗਮਾਡਾ ਨੂੰ ਦੇ ਕੇ ਬਦਲੇ ਵਿੱਚ ਪੈਸੇ ਲੈਣੇ, ਫਿਰ ਉਸ ਪੈਸੇ ਨਾਲ ਦੂਰ ਦੁਰਾਡੇ ਖ਼ਰੀਦ ਕਰਨੀ ਜਾਂ ਜ਼ਮੀਨ ਦੇ ਬਦਲੇ ਐਲਓਆਈਆਂ ਲੈਣੀਆਂ ਤੇ ਫਿਰ ਉਨ੍ਹਾਂ ਐਲ: ਓ: ਆਈਆਂ ਨੂੰ ਨਿਲਾਮੀ ਰਾਹੀਂ ਵੇਚਣਾ, ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ਇਹ ਗੁਰਦੁਆਰਾ ਸਾਹਿਬ, ਐਸਜੀਪੀਸੀ ਸੰਸਥਾ, ਸਿੱਖ ਸੰਗਤ ਤੇ ਇਲਾਕੇ ਨਾਲ ਧੋਖਾ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਅੰਬ ਸਾਹਿਬ ਜ਼ਮੀਨ ਮਸਲੇ ਦੇ ਪੱਕੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਕੋਲੋਂ ਹਾਸਿਲ ਕੀਤੇ ਪੈਸੇ, ਅਤੇ ਲਈਆਂ ਗਈਆਂ ਐਲਓਆਈਜ਼ ਸਰਕਾਰ ਨੂੰ ਵਾਪਸ ਕਰੇ ਅਤੇ ਸੈਣੀਮਾਜਰਾ ਤੇ ਹੋਰ ਪਿੰਡਾਂ ਵਿਚਲੀ ਜ਼ਮੀਨ ਨੂੰ ਇੱਕ ਥਾਂ ਇਕੱਠੀ ਕਰਕੇ ਸਾਰੀ ਜ਼ਮੀਨ ਪ੍ਰਾਪਤ ਕਰੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪਿਛਲੇ 20 ਸਾਲ ਤੋਂ ਚੱਲ ਰਿਹਾ ਰੌਲਾ ਆਉਂਦੇ 20 ਸਾਲ ਅਖ਼ਬਾਰਾਂ ਤੇ ਮੀਡੀਆ ਦੀਆਂ ਸੁਰਖ਼ੀਆਂ ਬਣਦਾ ਰਹੇਗਾ ਤੇ ਸ਼੍ਰੋਮਣੀ ਕਮੇਟੀ ਦੇ ਮੱਥੇ ਤੋਂ ਦਾਗ ਨਹੀਂ ਮਿਟਣਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਦੀ ਮੁਹਾਲੀ ਵਿੱਚ ਸੈਂਕੜੇ ਏਕੜ ਜ਼ਮੀਨ (ਜੋ ਉਨ੍ਹਾਂ ਨੇ ਖਰੀਦੀ ਸੀ) ਉਸ ਦਾ ਇੱਕ ਸੈਕਟਰ ਬਣਾ ਕੇ ਦੇ ਦਿੱਤਾ, ਪਰ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਨੂੰ ਦਾਨ ਵਿੱਚ ਪ੍ਰਾਪਤ ਜ਼ਮੀਨ ਅਕਵਾਇਰ ਕਰ ਲਈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦੁਆਰਾ ਅੰਬ ਸਾਹਿਬ ਨੂੰ ਦਾਨ ਵਿੱਚ ਪ੍ਰਾਪਤ ਹੋਈ ਜ਼ਮੀਨ ਦੀਆਂ ਸੰਨ 2011, 2014, 2021 ਅਤੇ ਹੋਰ ਸਾਰੀਆਂ ਨੋਟੀਫਿਕੇਸ਼ਨਾਂ ਨੂੰ ਰੱਦ ਕਰਕੇ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਇਸੇ ਏਰੀਏ ਵਿੱਚ ਇੱਕ ਥਾਂ ਇਕੱਠੀ ਕਰਕੇ ਵਾਪਸ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ