ਪਿੰਡ ਵਾਸੀਆਂ ਵੱਲੋਂ ਟੋਭੇ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਹਟਾਉਣ ਲਈ ਡੀਸੀ ਦਫ਼ਤਰ ਦੇ ਗੇਟ ਅੱਗੇ ਧਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ
ਜ਼ਿਲ੍ਹਾ ਮੋਹਾਲੀ ਦੇ ਪਿੰਡ ਮੱਕੜਿਆਂ ਵਿਖੇ ਪਿੰਡ ਦੇ ਟੋਭੇ ਨੂੰ ਮਿੱਟੀ ਨਾਲ ਭਰ ਕੇ ਨਜਾਇਜ਼ ਕਬਜ਼ਾ ਕਰਨ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਤੋਂ ਪ੍ਰੇਸ਼ਾਨ ਹੋ ਕੇ ਅੱਜ ਸਮੂਹ ਪਿੰਡ ਨਿਵਾਸੀਆਂ ਨੇ ਪੰਚਾਇਤ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਪਿੰਡ ਦੀ ਸਰਪੰਚ ਅਮਰਜੀਤ ਕੌਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਨਜਾਇਜ਼ ਕਬਜ਼ਾ ਹਟਾਉਣ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਪ੍ਰੋ. ਮਨਜੀਤ ਸਿੰਘ ਪ੍ਰਧਾਨ ਡੈਮੋਕ੍ਰੇਟਿਕ ਸਵਰਾਜ ਪਾਰਟੀ ਇਸ ਧਰਨੇ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਪੁਲੀਸ ਦੀ ਘਟੀਆ ਕਾਰਗੁਜ਼ਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ, ਸਰਪੰਚ ਅਮਰਜੀਤ ਕੌਰ ਸਮੇਤ ਪਿੰਡ ਦੇ ਮੋਹਤਬਰ ਵਿਅਕਤੀਆਂ ਅਵਤਾਰ ਸਿੰਘ ਸਾਬਕਾ ਪੰਚ, ਕੁਲਦੀਪ ਸਿੰਘ ਪੰਚ, ਹਰਭਜਨ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਲਖਮੀਰ ਸਿੰਘ, ਨਾਗਰ ਸਿੰਘ, ਸੌਦਾਗਰ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਬੀਤੇ ਦਿਨ 18 ਦਸੰਬਰ ਨੂੰ ਅੱਠ ਟਰਾਲੀਆਂ ਲੈ ਕੇ ਕੁਝ ਵਿਅਕਤੀਆਂ ਵੱਲੋਂ ਟੋਭਾ ਭਰ ਕੇ ਨਜਾਇਜ਼ ਕਬਜ਼ਾ ਕਰਨਾ ਸ਼ੁਰੁ ਕਰ ਦਿੱਤਾ ਗਿਆ। ਪਿੰਡ ਦੇ ਲੋਕਾਂ ਨੇ ਇਸ ਹੋ ਰਹੇ ਨਜਾਇਜ਼ ਕਬਜ਼ੇ ਦੀ ਸਬੂਤ ਵਜੋਂ ਮੂਵੀ ਬਣਾਈ ਅਤੇ ਫੋਟੋਆਂ ਵੀ ਖਿੱਚੀਆਂ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰਕੇ ਮੌਕੇ ਤੋਂ ਇੱਕ ਟਰਾਲੀ ਵੀ ਪਕੜਾਈ ਪ੍ਰੰਤੂ ਪੁਲਿਸ ਨੇ ਕੋਈ ਕਾਰਵਾਈ ਕੀਤੇ ਬਗੈਰ ਹੀ ਟਰਾਲੀ ਛੱਡ ਦਿੱਤੀ।
ਉਨ੍ਹਾਂ ਕਿਹਾ ਕਿ ਪਿੰਡ ਦੇ ਟੋਭੇ ਉਪਰ ਹੋਏ ਨਜਾਇਜ਼ ਕਬਜ਼ੇ ਦੀ ਸ਼ਿਕਾਇਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਮੁਹਾਲੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਮੌਕੇ ਉਤੇ ਪੁਲੀਸ ਚੌਂਕੀ ਮਜਾਤ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਗਈ ਸੀ। ਪ੍ਰੰਤੂ ਮਜਾਤ ਪੁਲਿਸ ਚੌਂਕੀ ਇੰਚਾਰਜ ਨੇ ਕਬਜ਼ਾਕਾਰੀਆਂ ਨਾਲ ਦੋਸਤਾਨਾ ਨਿਭਾਉਂਦਿਆਂ ਹੋਇਆ ਕੋਈ ਕਾਰਵਾਈ ਨਹੀਂ ਕੀਤੀ ਅਤੇ ਕਬਜ਼ਾਕਾਰ ਸ਼ਰੇਆਮ ਕਬਜ਼ਾ ਕਰਨ ਵਿੱਚ ਜੁਟੇ ਰਹੇ।
ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਪਿੰਡ ਮੱਕੜਿਆਂ ਸਥਿਤ ਟੋਭੇ ਦੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਤੁਰੰਤ ਛੁਡਾਇਆ ਜਾਵੇ ਅਤੇ ਮਜਾਤ ਪੁਲੀਸ ਚੌਂਕੀ ਦੇ ਇੰਚਾਰਜ ਦੀ ਤੁਰੰਤ ਬਦਲੀ ਕਰਕੇ ਉਸ ਖਿਲਾਫ਼ ਮਿਲੀਭੁਗਤ ਦੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਡਿਪਟੀ ਕਮਿਸ਼ਨਰ ਵੱਲੋਂ ਲੋਕਹਿਤ ਵਿੱਚ ਕਬਜ਼ਾਕਾਰੀਆਂ ਖਿਲਾਫ਼ ਕਾਰਵਾਈ ਕਰਦੇ ਹੋਏ ਟੋਭੇ ਤੋਂ ਨਜਾਇਜ਼ ਕਬਜ਼ਾ ਖਾਲੀ ਨਾ ਕਰਵਾਇਆ ਗਿਆ ਤਾਂ ਮਜ਼ਬੂਰ ਹੋ ਕੇ ਉਹ ਮਾਨਯੋਗ ਅਦਾਲਤ ਦਾ ਸਹਾਰਾ ਲੈਣਗੇ।
ਇਸ ਮੌਕੇ ਹਰਬੰਸ ਸਿੰਘ ਢੋਲੇਵਾਰ ਜਨਰਲ ਸਕੱਤਰ ਡੈਮੋਕ੍ਰੇਟਿਕ ਸਵਰਾਜ ਪਾਰਟੀ, ਪ੍ਰੀਤਮ ਸਿੰਘ ਗਿੱਲ ਖਜ਼ਾਨਚੀ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਜਸਪਾਲ ਸਿੰਘ ਰਾਏਪੁਰ, ਬਲਵਿੰਦਰ ਕੌਰ ਸਰਪੰਚ, ਬਹਾਦਰ ਸਿੰਘ ਪੰਚ ਬਲੌਂਗੀ, ਅਜਾਇਬ ਸਿੰਘ ਪੰਚ ਬਾਕਰਪੁਰ, ਰੇਸ਼ਮ ਸਿੰਘ ਪ੍ਰਧਾਨ ਬਹੁਜਨ ਸਮਾਜ ਮੋਰਚਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…